ਮੇਰੇ ਕਾਰਨਾਮੇ ਅੱਠ : ਅਧੂਰੀ ਜਾਣਕਾਰੀ
ਕਾਲਜ ਵਿੱਚ ਜਦੋਂ ਪੜਨਾ ਸ਼ੁਰੂ ਕੀਤਾ ਤਾਂ ਉਸ ਵੇਲੇ ਉਮਰ ਛੋਟੀ ਹੀ ਸੀ । ਪਰ ਮੈਂ ਵਿਚਾਰ ਆਪਣੇ ਤੋਂ ਵੱਡੀ ਉਮਰ ਵਾਲਿਆਂ ਵਾਲੇ ਰੱਖਦਾ ਸੀ। ਮੇਰਾ ਮੰਨਣਾ ਸੀ ਕਿ ਦੋਸਤੀ ਤੋਂ ਉੱਤੇ ਕੋਈ ਰਿਸ਼ਤਾ ਨਹੀਂ ਹੁੰਦਾ, ਇਹ ਨਹੀਂ ਕਿ ਰਿਸ਼ਤੇਦਾਰ ਦੋਸਤ ਨਹੀਂ ਹੋ ਸਕਦਾ, ਪਰ ਰਿਸ਼ਤੇਦਾਰਅਗਰ ਦੋਸਤ ਬਣ ਜਾਏ ਤਾਂ ਉਹ ਸੋਨੇ ਤੇ ਸੋਆਗਾ ਬਣ ਜਾਂਦਾ ਹੈ। ਇਸ ਲਈ ਕਾਲਜ ਦੇ ਵਿੱਚ ਮੇਰੇ ਲਈ ਸਾਰੇ ਹੀ ਦੋਸਤ ਸਨ, ਕੀ ਕੰਮ ਕਰਨ ਵਾਲੇ ਲੋਕ, ਕੰਟੀਨ ਵਾਲੇ ਨਾਲ ਮੇਰੀ ਦੋਸਤੀ ਸੀ, ਜਮਾਂਦਾਰਾਂ ਨਾਲ ਮੇਰੀ ਦੋਸਤੀ ਸੀ, ਚਪੜਾਸੀਆਂ ਨਾਲਦੋਸਤੀ ਸੀ, ਮੇਰੇ ਕਲਾਸ ਦੇ ਮੁੰਡਿਆਂ ਦੇ ਨਾਲ ਤਾਂ ਮੇਰੀ ਦੋਸਤੀ ਹੈ ਹੀ ਸੀ, ਮੇਰੇ ਤੋਂ ਅਗਲੀਆਂ ਕਲਾਸਾਂ ਵਾਲਿਆਂ ਨਾਲ ਵੀ ਮੇਰੀ ਦੋਸਤੀ ਸੀ, ਇਥੋਂ ਤੱਕ ਕਿ ਮੈਂ ਆਪਣੇ ਅਧਿਆਪਕਾਂ ਨੂੰ ਵੀ ਆਪਣੇ ਦੋਸਤ ਸਮਝਦਾ ਸਾਂ। ਇਹ ਬਾਕੀਆਂ ਲਈ ਬੜੀ ਅਲੋਕਾਰੀ ਗੱਲ ਸੀ। ਇਹੀ ਕਾਰਨ ਸੀ ਕਿ ਮੈਂ ਬਿਨਾਂ ਝਿਜਕ ਤੇ ਬਿਨਾਂ ਕਪਟ ਹਰੇਕ ਨਾਲ ਗੱਲ ਕਰ ਲੈਂਦਾ ਸੀ। ਇਹ ਹਰ ਇੱਕ ਨਾਲ ਗੱਲ ਕਰਨ ਵਾਲੀ ਆਦਤ, ਮੈਨੂੰ ਬਹੁਤ ਵਧੀਆ ਨਤੀਜੇ ਦਿੰਦੀ ਸੀ। ਲੋਕ ਮੇਰੇ ਨਜ਼ਦੀਕ ਆ ਜਾਂਦੇ ਸਨ ਅਤੇ ਮੇਰੇ ਨਾਲ ਆਪਣੇ ਦਿਲ ਦੀਆਂ ਗੱਲਾਂ ਵੀ ਕਰਨ ਲੱਗ ਪੈਂਦੇ ਸਨ। ਇਸੇ ਸਮੇਂ ਦੇ ਵਿੱਚ ਇੱਕ ਹੋਰ ਗੱਲ ਬੜੀ ਅਹਿਮ ਸੀ, ਉਹ ਸੀ ਕਿ ਮੇਰੇ ਕੋਲ ਇੱਕ ਕੈਮਰਾ ਵੀ ਸੀ। ਮੈਂ ਉਹਦੇ ਨਾਲ ਸ਼ੌਕੀਆ ਫੋਟੋਗ੍ਰਾਫੀ ਕਰਦਾਸੀ। ਇਹ ਨਹੀਂ ਕਿ ਹੋਰ ਲੋਕਾਂ ਕੋਲ ਕੈਮਰੇ ਨਹੀਂ ਸੀ, ਪਰ ਉਹ ਸਾਰੇ ਰੋਟੀਗਰਾਫਰ ਸਨ।
ਉਹ ਕਲਾਤਮਕ ਫੋਟੋਗ੍ਰਾਫੀ ਨਹੀਂ ਸਨ ਕਰਦੇ । ਇੱਕ ਸਾਡਾ ਦਲੀਪ ਸਿੰਘ, ਇੱਕ ਸਾਲ ਸੀਨੀਅਰ ਦੋਸਤ ਸੀ,ਉਹਦੇ ਕੋਲ ਕੈਮਰਾ ਸੀ। ਪਰ ਉਹ ਵੀ ਫੋਟੋਆਂ ਖਿੱਚ ਕੇ ਤੇ ਘਰੋਂ ਬਣਵਾ ਕੇ ਲਿਆ ਕੇ ਬਾਕੀ ਵਿਦਿਆਰਥੀਆਂ ਨੂੰ ਵੇਚਦਾ ਸੀ। ਪਰ ਮੈਂ ਇਹ ਕੰਮ ਕਦੇ ਨਹੀਂ ਸੀ ਕਰ ਸਕਦਾ ਜਾਂ ਕਹਿ ਲਓ ਕਿ ਕਦੇ ਨਹੀਂ ਕੀਤਾ। ਇਸ ਕਰਕੇ ਬਹੁਤ ਸਾਰੇ ਲੋਕ ਜਾਂ ਵਿਦਿਆਰਥੀ ਕਹਿ ਲਓ ਮੇਰੇ ਨਾਲ ਪ੍ਰੇਮ ਪਾ ਕੇ ਰੱਖਦੇ ਸਨ,ਕਿ ਕਿਸੇ ਵੇਲੇ ਇਹ ਸਾਡੀ ਫੋਟੋ ਖਿੱਚ ਦਵੇਗਾ। ਦੂਸਰੀ ਗੱਲ ਕਿ ਮੈਂ ਕੱਲੀਆਂ ਫੋਟੋਆਂ ਨਹੀਂ ਸੀ ਖਿੱਚਦਾ,ਮੈਂ ਤਜਰਬੇ ਵੀ ਬੜੇ ਕਰਦਾ ਸੀ, ਮੈਂ ਫੋਟੋਗ੍ਰਾਫੀ ਦੇ ਵਿੱਚ ਬਹੁਤ ਕਿਸਮ ਦੇ ਤਜਰਬੇ ਕੀਤੇ ਜਾਂ ਨਵੇਂ ਨਵੇਂ ਤਰੀਕੇ ਅਪਣਾ ਕੇ ਫੋਟੋਆਂ ਖਿੱਚੀਆਂ, ਜਿਹਨਾਂ ਵਿੱਚ ਖੇਤੀਬਾੜੀ ਨੂੰ ਗਲੈਮਰ ਜਾਂ ਕਹਿ ਲਓ ਕਿ ਸੁਹੱਪਣ ਦੇ ਨਾਲ ਜੋੜਨਾ, ਇਸ ਦੇ ਲਈ ਮੈਂ ਆਪਣੇ ਨਾਲ ਪੜਦੀਆਂ ਕੁੜੀਆਂ ਨੂੰ ਰਾਜ਼ੀ ਕਰ ਲੈਂਦਾ ਸੀ। ਉਹਨਾਂ ਦੀਆਂ ਫੋਟੋਆਂ ਕਦੇ ਕਣਕ ਦੇ ਵਿੱਚ, ਕਦੇ ਮੱਕੀ ਦੇ ਵਿੱਚ,ਕਦੇ ਕਿਤੇ,ਕਦੇ ਕਿਤੇ,ਇਥੋਂ ਤੱਕ ਕਿ ਸੀਲੋ(ਫਸਲ ਦਾ ਗੁਦਾਮ) ਦੇ ਨਾਲ ਵੀ ਫੋਟੋ ਖਿੱਚ ਲੈਂਦਾ ਸੀ ।ਉਹ ਫੋਟੋ ਮੈਂ ਹੌਲੀ ਹੌਲੀ ਅਖਬਾਰਾਂ ਨੂੰ ਭੇਜਣੀਆਂ ਸ਼ੁਰੂ ਕਰ ਦਿੱਤੀਆਂ ।ਅਖਬਾਰਾਂ ਵਾਲਿਆਂ ਨੂੰ ਵੀ ਖੇਤੀਬਾੜੀ ਨਾਲ ਗਲੈਮਰ ਵਾਲੀਆਂ ਫੋਟੋਆਂ ਕਿੱਥੇ ਮਿਲਦੀਆਂ ਸਨ,ਸੋ ਇਸ ਕਰਕੇ ਛੇਤੀ ਹੀ ਸਾਰੀਆਂ ਅਖਬਾਰਾਂ ਦੇ ਵਿੱਚ ਮੇਰੀਆਂ ਫੋਟੋਆਂ ਛਪਣੀਆਂ ਸ਼ੁਰੂ ਹੋ ਗਈਆਂ। ਮੈਨੂੰ ਲੱਗਿਆ ਕਿ ਇਹ ਇੱਕ ਮੇਰੇ ਲਈ ਪੌੜੀ ਹੈ, ਅਖਬਾਰਾਂ ਦੇ ਵਿੱਚ ਛੱਪਣ ਦੇ ਲਈ। ਜਾਂਕਹਿ ਲਓ ਕਿ ਆਪਣੀ ਕਲਾ ਨੂੰ ਅੱਗੇ ਤੋਰਨ ਦੇ ਲਈ।ਮੈਂ ਕੁਝ ਸਾਲ ਇਹ ਕੰਮ ਕੀਤਾ,ਪਰ ਉਸ ਤੋਂ ਬਾਅਦ ਮੇਰੀਆਂ ਕਲਾ ਦੀਆਂ ਫੋਟੋਆਂ, ਜਿਹੜੀਆਂ ਲਾਈਟ ਐਂਡ ਸ਼ੇਡ ਦੀਆਂ ਜਾਂ ਸੂਰਜ ਦੀਆਂ ਜਾਂ ਹੋਰ ਕਲੋਜਅੱਪਵਗੈਰਾ,ਉਹ ਫੋਟੋ ਵੀ ਛਾਪਣੀਆਂ ਸ਼ੁਰੂ ਹੋ ਗਈਆਂ । ਉਸ ਸਮੇਂ ਸਾਨੂੰ ਕੈਮਰਿਆਂ ਲਈ ਲੈਂਜ ਨਹੀਂ ਸੀ ਮਿਲਦੇ ਹੁੰਦੇ। ਮੈਂ ਇੱਕ ਲੈਂਜਲੈਣ ਦੀ ਸਕੀਮ ਬਣਾਈ, ਪਰ ਨਾ ਤਾਂ ਪੈਸੇ ਸਨ ਤੇ ਨਾ ਹੀ ਲੈਂਜ ਮਿਲਦਾ ਸੀ। ਫਿਰ ਦਿਮਾਗ ਲਾ ਕੇ ਤੇ ਪੜ੍ਹ ਕੇ, ਮੈਂ ਇੱਕ ਐਨਕਾਂ ਵਾਲੇ ਨਾਲ ਯਾਰੀ ਪਾ ਲਈ,ਘੰਟਾ ਘਰ ਚੌਂਕ ਦੇ ਵਿੱਚ । ਕੁਦਰਤੀ ਉਹ ਬੰਦਾ ਮੇਰੇ ਨਾਲ ਅੱਠਵੀਂ ਤੱਕ ਪੜਿਆ ਸੀ ਤੇ ਇਸ ਕਰਕੇ ਉਹਨੇ ਬੜਾ ਮਾਣ ਕੀਤਾ ਤੇ ਮੇਰੇ ਨਾਲ ਉਹਨੇ ਸਹਿਯੋਗ ਦਿੱਤਾ ।ਉਥੋਂ ਮੈਂ ਉਹਨੂੰ ਕਹਿ ਕੇ ਇੱਕ 4 ਹਜਾਰ ਐਮਐਮ ਦਾ ਲੈਂਜਲਿਆ ਐਨਕਾਂ ਵਾਲਾ। ਉਸ ਨੂੰ ਮੈਂ ਜੋੜ ਕੇ ਟੈਲੀ ਲੈਂਜ ਬਣਾਇਆ ।ਪਹਿਲਾਂ ਸੀਵਰੇਜ ਦੀਆਂ ਪਾਈਪਾਂ ਆਉਦੀਆਂ ਹੁੰਦੀਆਂ ਸੀਗੀਆਂ,ਜਿਹੜੀਆਂ ਬੜੀਆਂ ਸਖਤ ਹੁੰਦੀਆਂ ਸੀ, ਕਾਲੇ ਰੰਗ ਦੀਆਂ , ਪਲਾਸਟਿਕ ਦੀਆਂ ਹੁੰਦੀਆਂ ਸੀ । ਮੈਂ ਉਹਦੇ ਨਾਲ ਸਟੈਂਡ ਲਾ ਕੇ ਇੱਕ 4 ਹਜਾਰ ਐਮਐਮ ਦਾ ਟੈਲੀ ਲੈਂਜ਼ ਬਣਾ ਲਿਆ । ਇਨੀ ਸਮਝ ਨਹੀਂ ਸੀ ਵੀ, ਇਹ ਕਿੰਨਾ ਕੁ ਵਧੀਆ ਹੋਊਗਾ ? ਪਰ ਕਿਉਂਕਿ ਸ਼ੌਕ ਸੀ,ਇਸ ਲਈ ਮੈਂ ਉਹ ਬਣਾ ਕੇ ਤੇ ਕੁਝ ਫੋਟੋਆਂ ਖਿੱਚਣ ਲੱਗ ਪਿਆ। ਇਸੇ ਤਰ੍ਹਾਂ ਹੀ ਮੈਂ ਇਕ ਹਜਾਰ ਐਮਐਮ ਦਾ ਲੈਂਜਬਣਾਇਆ ਤੇ ਇੱਕ ਦਿਨ ਮੈਂ ਸੋਚਿਆ ਕਿ ਇਹਦੇ ਨਾਲ ਫੋਟੋਆਂ ਕੀਤੀਆਂ ਜਾਣ। ਕੁਦਰਤੀ ਸਾਡੇ ਯੂਨੀਵਰਸਿਟੀ ਦਾ ਖੇਡ ਮੇਲਾ ਚੱਲ ਰਿਹਾ ਸੀ,ਉਸ ਦੇ ਵਿੱਚ ਕੁੜੀਆਂ ਦੌੜ ਲਾ ਰਹੀਆਂ ਸਨ।ਮੈਂ ਉਹਨਾਂ ਦੀਆਂ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ।ਇੱਕ ਫੋਟੋ ਮੈਂ ਖਿੱਚੀ ਜਿਹੜੀ ਕਿ ਜਿੱਥੇ ਕਿ ਫਿਨਿਸ਼ਿੰਗ ਲਾਈਨ ਹੁੰਦੀ ਆ।ਜਿੱਥੇ ਆ ਕੇ ਕਿ ਪਤਾ ਲੱਗਦਾ ਕਿ ਕੌਣ ਜਿੱਤਿਆ ਤੇ ਕੌਣ ਹਾਰਿਆ।ਮੈਨੂੰ ਨਹੀਂ ਪਤਾ ਉਹ ਕੌਣ ਸੀ, ਕਿਹੜੀ ਜਿੱਤੀ ਸੀ ਤੇ ਕਿਹੜੀ ਹਾਰੀ ਸੀ।ਬਸ ਫੋਟੋ ਖਿੱਚੀ ਤੇ ਮੈਂ ਚਲੇ ਗਿਆ । ਹੋਇਆ ਕੀ ਕਿ ਥੋੜੇ ਚਿਰ ਬਾਅਦ ਮੈਨੂੰ ਡਾਇਰੈਕਟਰ ਸਾਹਿਬ ਦਾ ਸੁਨੇਹਾ ਆਇਆ ਕਿਠ ਕਿੱਥੇ ਆ ਤੂੰ ਸਾਡੇ ਕੋਲ ਹੁਣੇ ਪਹੁੰਚ, ਮੈਂ ਉਸੇ ਵੇਲੇ ਚਲੇ ਗਿਆ ਕਿਉਂਕਿ ਹੁਣ ਮੈਂ ਇਹ ਹੁਕਮ ਅਦੂਲੀ ਤਾਂ ਕਰ ਨਹੀਂ ਸੀ ਸਕਦਾ।ਉਹ ਮੈਨੂੰ ਕਹਿੰਦੇ, ਵੀ ਤੂੰ ਇੱਕ ਫੋਟੋ ਖਿੱਚੀ ਸੀ, ਉਹ ਲਿਆ ।ਮੈਂ ਕਿਹਾ ਜੀ ਕੋਈ ਗੱਲ ਨਹੀਂ ਮੈਂ ਲਿਆਨਾ, ਮੈਂ ਘਰੇ ਚਲੇ ਗਿਆ।ਜਾ ਕੇ ਮੈਂ ਉਹ ਫਿਲਮ ਕੱਢ ਕੇ ਡਿਵੈਲਪ ਕੀਤੀ, ਉਸ ਵੇਲੇ ਮੈਂ ਆਪਣੇ ਘਰ ਦੇ ਵਿੱਚ ਹੀ ਇੱਕ ਸਟੋਰ ਦੇ ਵਿੱਚ ਛੋਟੀ ਜਿਹੀ ਲੈਬ ਬਣਾਈ ਹੋਈ ਸੀ ।ਉਹ ਲੈਬ ਦੇ ਵਿੱਚ ਮੈਂ ਬਲੈਕ ਐਂਡ ਵਾਈਟ ਫੋਟੋ ਬਣਾ ਲੈਂਦਾ ਹੁੰਦਾ ਸੀ । ਸੋ ਮੈਂ ਉਹ ਫੋਟੋ ਡਿਵੈਲਪ ਕਰਕੇ ਉਹਦੀ ਇੱਕ ਸੱਤ ਇੰਚ ਬਾਏ 9 ਇੰਚ ਦੀ ਫੋਟੋ ਬਣਾਈ।ਜਦੋਂ ਮੈਂ ਉੱਥੇ ਗਿਆ, ਉਹਨਾਂ ਨੇ ਆਪਸ ਚ ਗੱਲਬਾਤ ਕੀਤੀ।ਰੌਲਾ ਇਹ ਸੀ ਵੀ ਦੋ ਕੁੜੀਆਂ ਦਾ ਝਗੜਾ ਸੀ, ਕਿ ਪਹਿਲੇ ਨੰਬਰ ਤੇ ਕੌਣ ਹੈ ? ਉਹਨਾਂ ਦੇ ਵਿੱਚ ਇੱਕ ਬਲੋਸਮ ਸੀ ਤੇ ਇੱਕ ਕੋਈ ਨੀਲਮ ਸੀ, ਉਸ ਫੋਟੋ ਨੇ ਇਹ ਫੈਸਲਾ ਕੀਤਾ ਕਿ ਜਿਹੜੀ ਨੀਲਮ ਹੈ ਉਹ ਪਹਿਲੇ ਨੰਬਰ ਤੇ ਹੈਗੀ ਆ,ਪਰ ਝਗੜਾ ਇਸ ਗੱਲ ਤੋਂ ਸੀ ਕਿ ਬਲਾਸਮ ਦਾ ਸ਼ਾਇਦ ਪਿਤਾ ਸੀ ਜਾਂ ਕੋਈ ਹੋਰ ਰਿਸ਼ਤੇਦਾਰ ਕੋਚ ਸੀ,ਉਹ ਥੋੜੀ ਜਿਹੀ ਪਾਰਸ਼ਲਟੀ ਕਰ ਗਿਆ ਸੀ । ਫੋਟੋ ਨੇ ਉਹ ਸਪਸ਼ਟ ਕਰ ਦਿੱਤੀ। ਮੈਂ ਦੋਨਾਂਨੂੰ ਨਹੀਂ ਜਾਣਦਾ ਸੀ । ਮੈਨੂੰ ਕਿਸੇ ਨੇ ਕਿਹਾ ਕਿ ਨੀਲਮ ਤੈਨੂੰ ਲੱਭ ਰਹੀ ਆ, ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਕਰਦੇ ਕਰਾਉਂਦੇ ਕਿਸੇ ਤਰ੍ਹਾਂ ਕਾਲਜ ਦੇ ਵਿੱਚ ਉਹਦੇ ਨਾਲ ਮੇਲ ਹੋ ਗਿਆ । ਉਹਨੇ ਵੀ ਫੋਟੋ ਦੇਖ ਲਈ ਤੇ ਉਹਨੇ ਮੇਰਾ ਧੰਨਵਾਦ ਕੀਤਾ । ਬਾਅਦ ਚ ਪਤਾ ਲੱਗਾ ਕਿ ਉਹਦਾ ਨਾਂ ਹਿਰਦੇਪਾਲ ਸੀ, ਬਾਅਦ ਦੇ ਵਿੱਚ ਇਸ ਬਹਾਨੇ,ਅਸੀਂ ਇੱਕ ਦੋ ਵਾਰੀ ਫੋਟੋ ਬਹਾਨੇ ਮਿਲ ਗਏ ਤੇ ਉਹਨੂੰ ਪਤਾਲੱਗਾ ਕਿ ਮੈਂ ਫੋਟੋ ਹੋਰਾਂ ਦੀਆਂ ਵੀ ਖਿਚਦਾਂ,ਉਹਨੇ ਵੀ ਆਪਣੀਆਂ ਕੁਝ ਫੋਟੋ ਖਚਾਉਣੀਆਂ ਸ਼ੁਰੂ ਕਰ ਦਿੱਤੀਆਂ।ਉਸੇ ਸਮੇਂ ਦੇ ਵਿੱਚ ਹੀ ਉਹਦਾ ਇੱਕ ਚਾਚਾ ਸੀ ਜੋ ਐਗਰੀਕਲਚਰ ਕਾਲਜ ਦੇ ਵਿੱਚ ਪੜ੍ਦਾ ਸੀ । ਉਹਦੇ ਨਾਲ ਪਹਿਲਾਂ ਹੀ ਮੇਰੀ ਦੋਸਤੀ ਸੀਗੀ ।ਉਸ ਕਰਕੇ ਸਾਡਾ ਇੱਕ ਉਥੇ ਗੈਂਗ ਜਿਹਾ ਬਣ ਗਿਆ, ਇੱਕ ਦੋ ਨੀਲਮ ਦੀਆਂ ਸਹੇਲੀਆਂ ਤੇ ਬਾਕੀ ਚਾਚਾ ।ਉਹ ਬੜਾ ਵਧੀਆ ਪਰਿਵਾਰਿਕ ਜਿਹਾ ਸਾਡਾ ਗੈਂਗ ਬਣ ਗਿਆ । ਗੱਲਾਂ ਵੀ ਹੁੰਦੀਆਂ ਰਹਿਣੀਆਂ ਤੇ ਇਹ ਹੋਇਆ ਕਿ ਅਸੀਂ ਨੀਲਮ ਦਾ ਨਾਂ ਆਪਸ ਦੇ ਵਿੱਚ ਫਤੋ ਰੱਖਿਆ । ਉਹਦੇ ਭਰਾ ਵੀ ਜਿਹੜੇ ਸੀ ਦੋਨੇ, ਉਹ ਵੀਉਹਨੂੰ ਫਤੋ ਹੀ ਕਹਿਣ ਲੱਗ ਪਏ । ਮੇਰਾ ਕਹਿਣ ਦਾ ਮਤਲਬ ਹੈ ਕਿ ਜਿਹੜੀ ਮੇਰੀ ਖੁੱਲ ਕੇ ਗੱਲ ਕਰਨ ਦੀ ਆਦਤ ਤੇ ਦੂਸਰਿਆਂ ਨੂੰ ਦੋਸਤਸਮਝਣ ਦੀ ਆਦਤ ਸੀ,ਉਸ ਆਦਤ ਕਰਕੇ ਦੋਸਤੀਆਂ ਡੂੰਘੀਆਂ ਹੁੰਦੀਆਂ ਸੀ।ਮਤਲਬ ਇਹ ਤਾਂ ਕਦੇ ਸੋਚਿਆ ਹੀ ਨਹੀਂ ਸੀ ਵੀ ਇਹ ਕੁੜੀ ਆ ਜਾਂ ਇਹ ਮੁੰਡਾ ਆ,ਕੀ ਆ। ਇਸੇ ਤਰ੍ਹਾਂ ਹੀ ਹੋਰ ਬੜੀਆਂ ਗੱਲਾਂ ਹੁੰਦੀਆਂ ਰਹੀਆਂ । ਇਸ ਦੇ ਵਿੱਚ ਤੇ ਮੈਨੂੰ ਫੋਟੋਗ੍ਰਾਫੀ ਕਰਕੇ ਬਹੁਤ ਮੁੰਡੇ ਕੁੜੀਆਂ ਜਾਣਦੇ ਸੀ।ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਹੋਈ ਕਿ ਇੱਕ ਵਾਰੀ ਦਿੱਲੀ ਦੇ ਵਿੱਚ ਕੋਈ ਮੇਲਾ ਲੱਗਿਆ ।ਉੱਥੇ ਜਾਣ ਦਾ ਪ੍ਰੋਗਰਾਮ ਬਣ ਗਿਆ। ਹੋਮ ਸਾਇੰਸ ਕਾਲਜਦੀਆਂ ਕੁੜੀਆਂ ਨੇ ਜਾਣਾ ਸੀ।ਉਹ ਮੈਨੂੰ ਕਹਿੰਨੀਆ ਕਿ ਤੂੰ ਵੀ ਸਾਡੇ ਨਾਲ ਚੱਲ, ਬਸ ਜਾਣੀ ਯੂਨੀਵਰਸਿਟੀ ਦੀ, ਤੂੰ ਵੀ ਚੱਲ,ਮੈਂ ਕਿਹਾ ਵੀ ਤੁਹਾਡੀ ਕੁੜੀਆਂ ਦੀ ਬੱਸ ਜਾਣੀ ਆ, ਮੈਨੂੰ ਪਤਾ ਨਹੀਂ ਜਾਣ ਦੇਣਾ ਕਿ ਨਹੀਂ। ਕਹਿੰਦੀਆਂ,ਲੈ ਇਹ ਕਿੱਦਾਂ ਹੋ ਸਕਦਾ ਤੈਨੂੰ ਨਾ ਜਾਣ ਦੇਣ।ਲਓ ਜੀ ਜਿਸ ਦਿਣ ਜਾਣਾ ਸੀ, ਮੈਂ ਵੀ ਬੱਸ ਚ ਜਾ ਬੈਠਿਆ, ਜਦੋਂ ਉੱਥੇ ਉਹਨਾਂ ਦੀ ਮੈਡਮ ਆਈ, ਉਹਨੇ ਦੇਖਿਆ ਵੀ ਮੁੰਡਾ ਬੈਠਾ,ਉਹ ਕਹਿੰਦੀ ਮੁੰਡੇ ਅਲਾਊਡ ਨਹੀਂ , ਇਹ ਸਿਰਫ ਸਾਡੇ ਆਪਣੇ ਕਾਲਜ ਦੀਆਂ ਕੁੜੀਆਂ ਜਾਣਗੀਆਂ , ਮੁੰਡੇ ਅਲਾਊਡ ਨਹੀਂ ਆ । ਤਾਂ ਭਾਈ ਉੱਥੇ ਕੁੜੀਆਂ ਰੌਲਾ ਪਾ ਲਿਆ, ਨਹੀਂ, ਨਹੀਂ,ਇਹ ਤਾਂ ਜਾਊ,ਮੈਡਮ ਕਹਿੰਦੀ,ਨਹੀਂ ਮੈਂ ਨਹੀਂ ਅਲਾਓ ਕਰ ਸਕਦੀ, ਕੋਈ ਮੁੰਡਾ ਆ,ਉਹ ਜਾਵੇ । ਫਿਰ ਉਹਨਾਂ ਚੋਂ ਇੱਕ ਕੁੜੀ ਬੋਲੀ ਕਹਿੰਦੀ ਮੈਡਮ ਕਿਉਂ ਨਹੀਂ ਜਾਣ ਦੇਣਾ ? ਇਹ ਤਾਂ ਜਨਮੇਜਾ ਆ, ਇਹ ਜੇ ਨਹੀਂ ਜਾਊਗਾ,ਤਾਂ ਅਸੀਂ ਵੀ ਨਹੀਂ ਜਾਣਾ । ਲਓ ਜੀ ਉੱਥੇ ਰੌਲਾ ਪੈ ਗਿਆ । ਬਾਕੀ ਕੁੜੀਆਂ ਨੇ ਵੀ ਉਹਦੀ ਹਾਂ ਚ ਹਾਂ ਮਿਲਾ ਤੀ,ਕਿਉਂਕਿ ਮੇਰੇ ਨਾਲ ਤਾਂ ਸਾਰਿਆਂ ਦੀ ਦੋਸਤੀ ਸੀ।ਵਧੀਆ ਦੋਸਤੀ ਸੀ,ਤੇ ਉਹਨਾਂ ਨੂੰ ਇਸ ਗੱਲ ਦਾ ਕੋਈ ਇਤਰਾਜ਼ ਹੀ ਨਹੀਂ ਸੀ ਵੀ ਮੈਂ ਉਹਨਾਂ ਦੇ ਨਾਲ ਜਾ ਰਿਹਾ ਜਾਂ ਕੋਈ ਮੁੰਡਾ ਜਾ ਰਿਹਾ । ਮਜਬੂਰ ਹੋ ਕੇ ਮੈਡਮ ਨੂੰ ਇਸ ਗੱਲ ਦੀ ਆਗਿਆ ਦੇਣੀ ਪਈ ਕਿ ਚਲੋ ਇਹਨੂੰ ਲੈ ਚਲਦੇ ਆ।ਬਾਅਦ ਦੇ ਵਿੱਚ ਉਹ ਮੈਡਮ ਵੀ ਬੜੀ ਖੁਸ਼ ਰਹੀ, ਕਿਉਂਕਿ ਜਦੋਂ ਅਸੀਂ ਸਾਰਾ ਮੇਲਾ ਦੇਖਿਆ,ਉਹਨੂੰ ਅੱਛਾ ਲੱਗਾ,ਮੈਂ ਫਿਰ ਉੱਥੇ ਹੀ ਆਉਨਾ ਕਿ ਜਦੋਂ ਅਸੀਂ ਕਿਸੇ ਨੂੰ ਦੋਸਤ ਸਮਝਦੇ ਆਂ ਤਾਂ ਉਹ ਸਭ ਰਿਸ਼ਤਿਆਂ ਤੋਂ ਉੱਪਰ ਦੀ ਗੱਲ ਹੁੰਦੀ ਹੈ। ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਵਾਪਰੀ।ਉਹ ਥੋੜੀ ਜਿਹੀ ਅਜੀਬ ਹੈ। ਸਾਡੇ ਇੱਕ ਮੁੰਡਾ ਸੀ,ਉਹਨੇ ਮੇਰੇ ਨੱਕ ਚ ਦਮ ਕਰਤਾ, ਕਿ ਮੇਰੀ ਫੋਟੋ ਖਿੱਚ, ਚਲੋ ਮੈਂ ਉਹਦੀ ਇੱਕ ਦਿਨ ਫੋਟੋ ਖਿੱਚ ਲਈ। ਉੱਤੋਂ ਮੇਰੀ ਨੁਮਾਇਸ਼ਲਾਉਣ ਦੀ ਸਲਾਹ ਬਣ ਗਈ। ਮੈਂ ਨੁਮਾਇਸ਼ ਦਾ ਜਦੋਂ ਅਨਾਉਂਸ ਕੀਤਾ ਤੇ ਉਹ ਮੇਰੇ ਕੋਲ ਆਇਆ,ਕਹਿੰਦਾ,ਮੇਰੀ ਫੋਟੋ ਜਰੂਰ ਲਾਉਣੀ ਐਗਰੀਮਸ਼ਨ ਚ। ਮੈਂ ਕਿਹਾ,ਯਾਰ ਮੈਂ ਤੇਰੀ ਫੋਟੋ ਦਾ ਕੋਈ ਮਤਲਬ ਤਾਂ ਹੈ ਨਹੀਂ ਬਣਦਾ,ਜੇ ਤੇਰੀ ਫੋਟੋ ਲਾਈ,ਫਿਰ ਹੋਰ ਕਈ ਕਹਿਣਗੇ,ਮੈਂ ਤਾਂ ਇਸੇ ਕੰਮ ਤੇ ਰਹਿ ਜਾਉਂਗਾ, ਮੈਂ ਤਾਂ ਆਰਟ ਦੀ ਨੁਮਾਇਸ਼ਲਾਉਣੀ ਆ,ਮੈਂ ਤਾਂ ਕਿਸੇ ਮਤਲਬ ਦੀਆਂ ਫੋਟੋਆਂ ਲਾਉਣੀਆਂ ਨੇ ਤਾਂ ਕਿ ਕੁਝ ਨਾ ਕੁਝ ਚੰਗਾ ਹੋਵੇ। ਉਹ ਜਿੱਦ ਪੈ ਗਿਆ,ਕਹਿੰਦਾ,ਮੇਰੀ ਫੋਟੋ ਲਾ।ਮੈਂ ਕਿਹਾ,ਠੀਕ ਆ। ਆਪਾਂ ਫੋਟੋ ਬਣਾਈ ਤੇ ਨੁਮਾਇਸ਼ਚ ਲਾ ਤੀ, ਨੁਮਾਇਸ਼ ਚ ਹੁਣ ਹੋਇਆ ਕੀ,ਜਦੋਂ ਫੋਟੋ ਲੱਗ ਗਈ,ਲੋਕ ਨੁਮਾਇਸ਼ ਦੇਖਣ । ਕਿਸੇ ਨੇ ਉਹਨੂੰ ਜਾ ਕੇ ਦੱਸਤਾ, ਉਹ ਫੀਲਡ ਚ ਗਿਆ ਸੀ।ਉਹ ਬੜਾ ਖੁਸ਼ ਹੋਇਆ ਤੇ ਭੱਜਿਆ ਆਇਆ । ਜਦੋਂ ਉਹਨੇ ਨੁਮਾਇਸ਼ ਚ ਆਪਣੀਆਂ ਫੋਟੋਆਂਦੇਖੀਆਂ ਤਾਂ ਮੇਰੇ ਗਲ ਪੈ ਗਿਆ । ਕਹਿੰਦਾ, ਆਹ ਤੂੰ ਕੀ ਕੀਤਾ,ਮੇਰੀਆਂ ਫੋਟੋਆਂ ਥੱਲੇ ਊੜਾ ਐੜਾ ਲਿਖਤਾ?ਮੈਂ ਕਿਹਾ,ਹੈ ਹੀ ਊੜਾ ਐੜਾ । ਮੈਂ ਉਹਦੀ ਇੱਕ ਦੀ ਬਜਾਏ ਦੋ ਲਾ ਤੀਆਂ ।ਮੈਂ ਇਨਲਾਰਜਰ ਥੱਲੇ ਜਦੋਂ ਫੋਟੋਆਂਬਣਾਉਂਦਾ ਸੀ,ਕਾਗਜ਼ ਨੂੰ ਇੱਕ ਵਾਰੀ ਮੈਂ ਹੋਰੀਜੈਂਟਲੀ ਮੋੜ ਲਿਆ ਤੇ ਇੱਕ ਵਾਰੀ ਮੈਂ ਵਰਟੀਕਲੀ ਮੋੜ ਲਿਆ । ਪ੍ਰਿੰਟ ਕੱਢਣ ਲੱਗੇ ਉਹਦੇ ਨਾਲ ਕੀ ਹੋਇਆ ਕਿ ਇੱਕ ਫੋਟੋ ਉਹਦੀ ਇਦਾਂ ਹੋ ਗਈ,ਜਿੱਦਾਂ ਲੰਮਾ ਸਿਰ ਹੁੰਦਾ ਤੇ ਮੂੰਹ ਪਿੱਚਕ ਗਿਆ ਤੇ ਦੂਜੀ ਫੋਟੋ ਦੇ ਵਿੱਚ ਮੂੰਹ ਐ ਖਿੱਚ ਹੋ ਗਿਆ ਤੇ ਜਿਹੜਾ ਸਿਰ ਆ ਉਹ ਪਿੱਚਕ ਗਿਆ । ਉਹ ਐ ਲੱਗਦਾ ਸੀ,ਜਿਵੇਂ ਅਸੀਂ ਊੜਾ ਤੇ ਐੜਾ ਲਿਖਿਆ ਹੋਵੇ । ਉਹਨੇ ਚਲੋ ਰੌਲਾ ਰੂਲਾ ਪਾਇਆ ਬਥੇਰਾ।ਮੈਂ ਫਿਰ ਫੋਟੋ ਹਟਾ ਤੀ, ਪਰ ਉਸ ਤੋਂ ਬਾਅਦ ਉਹ ਬੜਾ ਅੱਛਾ ਦੋਸਤ ਬਣ ਗਿਆ । ਹੁਣ ਉਹ ਇਕੱਲਾ ਇਹੀ ਨਹੀਂ ਸੀ ਕਹਿੰਦਾ ਸੀ, ਬਈ ਮੇਰੀ ਫੋਟੋ ਨਾ ਖਿੱਚ,ਉਹ ਬਾਕੀਆਂ ਨੂੰ ਵੀ ਰੋਕਦਾ ਸੀ ਵੀ ਇਹਦੇ ਕੋਲੋਂ ਫੋਟੋ ਨਾ ਖਿਚਾਇਓ।ਇਸ ਤਰ੍ਹਾਂ ਮੇਰਾ ਸਫਰ ਚਲਦਾ ਰਿਹਾ । ਹੁਣ ਤੁਹਾਨੂੰ ਅਗਲੀ ਗੱਲ ਦੱਸਣ ਲੱਗਾ । ਦਿਮਾਗ ਤਾਂ ਮੇਰਾ ਪੁੱਠਾ ਚੱਲਦਾ ਹੀ ਸੀ, ਨਾਲ ਨਾਲ ਮੈਨੂੰ ਪੜ੍ਨ ਦਾ ਬੜਾ ਸ਼ੌਕ ਸੀ,ਮੈਂ ਲਾਇਬਰੇਰੀ ਚ ਜਾਂ ਹੋਰ ਪਾਸੇ ਕੋਈ ਨਾ ਕੋਈ ਕਿਤਾਬ ਪੜ੍ਹ ਲੈਂਦਾ ਸੀ, ਖਾਸ ਕਰ ਜੀਵਨੀਆਂਬਹੁਤ ਪੜਦਾ ਸੀ। ਪੜ੍ਦੇ ਪੜ੍ਦੇ,ਮੈਨੂੰ ਕਿਤੇ ਇਹ ਧਾਰਨਾ ਬਣ ਗਈ ਜਾਂ ਕਹਿ ਲਓ ਕਿ ਕਿਤੇ ਇਹ ਪੜ੍ਹ ਲਿਆ, ਬਈ ਜਿਨਾਂ ਔਰਤਾਂ ਦੀਆਂ ਅੱਖਾਂ ਬਰਾਉਨ ਜਾਂ ਭੂਰੀਆਂ ਹੁੰਦੀਆਂ ਨੇ ਉਹ ਵਫਾਦਾਰ ਨਹੀਂ ਹੁੰਦੀਆਂ। ਬੜਾ ਅਜੀਬ ਲੱਗਾ ਵੀ ਇਹ ਕਿਹੜੀ ਥਿਓਰੀ ਹੋਈ ? ਫਿਰ ਮੈਂ ਸੋਚਿਆ ਵੀ ਕੁਝ ਕੀਤਾ ਜਾਏ, ਇਹ ਪਤਾ ਕੀਤਾ ਜਾਏ ਵੀ ਕੀ ਵਾਕੇ ਹੀ ਭੂਰੀਆਂ ਅੱਖਾਂ ਵਾਲੀਆਂ ਔਰਤਾਂ ਵਫਾਦਾਰ ਨਹੀਂ ਹੁੰਦੀਆਂ ? ਮੈਂ ਸੋਚਿਆ, ਪਹਿਲਾਂ ਭੂਰੀਆਂ ਅੱਖਾਂ ਵਾਲੀਆਂ ਔਰਤਾਂ ਲੱਭੀਆਂ ਜਾਣ ਜਾਂ ਕੁੜੀਆਂ ਲੱਭੀਆਂ ਜਾਣ । ਮੈਂ ਆਲੇ ਦੁਆਲੇ ਨਿਗ੍ਹਾ ਰੱਖਣੀ ਸ਼ੁਰੂ ਕਰ ਦਿੱਤੀ । ਮੈਨੂੰ ਇੱਕ ਕੁੜੀ ਟੱਕਰੀ, ਉਹਦੀਆਂ ਭੂਰੀਆਂ ਅੱਖਾਂ। ਹੁਣ ਉਹ ਮੈਨੂੰ ਜਾਣਦੀ ਨਹੀਂ ਸੀ, ਬੜੀ ਸ਼ਰੀਫ ਸਾਦੀ ਜਿਹੀ, ਛੋਟੇ ਕਦਦੀ ਕੁੜੀ ਸੀ ।ਆਪਣੀ ਪੜਾਈ ਚ ਮਸਤ ਰਹਿੰਦੀਸੀ । ਮੈਂ ਪੰਜ ਸੱਤ ਗੇੜੇ ਲਾਏ ਬੀ ਹੌਸਲਾ ਜਿਹਾ ਕਰਕੇ ਉਹਨੂੰ ਕਹਾਂ, ਵੀ ਮੈਂ ਉਹਦੀ ਫੋਟੋ ਖਿੱਚਣੀ ਆ। ਪਰ ਮੇਰਾ ਹੌਸਲਾ ਨਾ ਪਿਆ ਤੇ ਨਾ ਹੀ ਇਸ ਗੱਲ ਤੋਂ ਮੁਕਤ ਹੋਇਆ ਕਿ ਮੇਰੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਕਪਟ ਹੈ,ਜਿਹੜਾ ਮੈਂ ਉਹਨੂੰ ਦੱਸ ਸਕਾਂ । ਖੈਰ ਮੈਂਨੂੰ ਹੋਰ ਬਹੁਤ ਕੁੜੀਆਂ , ਜਿਨਾਂ ਦੀਆਂ ਅੱਖਾਂ ਸੋਹਣੀਆਂ ਸਨ ਮਿਲੀਆਂ। ਕਿਸੇ ਦੀਆਂ ਅੱਖਾਂ ਨੀਲੀਆਂ ਸੀ,ਕਿਸੇ ਦੀਆਂ ਹਰੀਆਂ ਸੀ,ਕਿਸੇ ਦੀਆਂ ਹੋਰ ਰੰਗ ਦੀਆਂ ਸੀ, ਮੈਂ ਬੜੀਆਂ ਉਹ ਫੋਟੋ ਖਿੱਚੀਆਂ,ਮੈਂ ਘੱਟੋ ਘੱਟ 50 ਇਹੋ ਜਿਹੀਆਂ ਖਿੱਚ ਲਈਆਂ ਜਿਹੜੀਆਂ ਵੱਖ-ਵੱਖ ਰੰਗਾਂ ਦੀਆਂ ਅੱਖਾਂ ਦੀਆਂ ਸਨ।ਮੈਂ ਜਿਹਨੂੰ ਕਹਿਣਾ,ਮੈਨੂੰ ਕਿਸੇ ਨੇ ਜਵਾਬ ਨਾ ਦੇਣਾ, ਮੈਂ ਫੋਟੋ ਖਿੱਚ ਲੈਣੀਆਂ ਤੇ ਫੋਟੋਆਂ ਮੇਰੇ ਕੋਲ ਇਕੱਠੀਆਂ ਹੁੰਦੀਆਂ ਗਈਆਂ । ਪਰ ਮੈਂ ਉਸ ਕੁੜੀ ਨੂੰ ਕਹਿ ਨਾ ਸਕਿਆ, ਬੀਤੇਰੀਆਂ ਅੱਖਾਂ ਦੀਆਂ ਫੋਟੋ ਖਿੱਚਣੀਆਂ।ਕਿਉਂਕਿ ਮੇਰੇ ਮਨ ਚ ਤਾਂ ਕੁਝ ਹੋਰ ਚੱਲ ਰਿਹਾ ਸੀ, ਕਿ ਮੈਂ ਤਾਂ ਇਹ ਦੇਖਣਾ ਕਿ ਕੀ ਇਸ ਰੰਗ ਦੀਆਂ ਕੁੜੀਆਂ ਵਾਕਿਆ ਹੀ ਵਫਾਦਾਰ ਨਹੀਂ ਹੁੰਦੀਆਂ ਜਾਂ ਕਹਿ ਲਓ ਵੀ ਇਹ ਨਹੀਂ ਨਿਭਦੀਆਂ । ਇਸ ਲਈ ਮੇਰੇ ਮਨ ਚ ਇਹ ਦੁਬਿਧਾ ਸੀ।ਇਸੇ ਲਈ ਮੈਂ ਉਹਨੂੰ ਇਹ ਕਹਿ ਨਹੀਂ ਸਕਿਆ।ਕਿਉਂਕਿ ਹੁਣ ਜੇ ਮੈਂ ਉਹਨੂੰ ਫੋਟੋ ਖਿੱਚਣ ਲਈ ਕਹਿੰਦਾ ਵੀ ਤਾਂ ਉਹਨੂੰ ਜੇ ਇਹ ਗੱਲ ਦੱਸਤੀਤਾਂ,ਬੜਾ ਔਖਾ ਹੋਣਾ ਸੀ,ਕਿਉਂਕਿ ਉਹਨਾਂ ਦਿਨਾਂ ਚ ਸੱਚ ਬੋਲਣ ਦੀ ਵੀ ਬੜੀ ਆਦਤਸੀ। ਇਸ ਲਈ ਮੈਂ ਦੁਬਿਧਾ ਚ ਰਿਹਾ । ਇੱਕ ਦਿਨ ਕੀ ਹੋਇਆ ਕਿ ਯੂਨੀਵਰਸਿਟੀ ਸ਼ਾਇਦ ਛੋਟਾ ਮੋਟਾ ਮੇਲਾ ਸੀ। ਉੱਥੇ ਮੈਨੂੰ ਦੋ ਕੁੜੀਆਂ ਟੱਕਰ ਗਈਆਂ ,ਜਿਹੜੀਆਂ ਕਿ ਡਿਗਰੀ ਕਰਕੇ ਜਾ ਚੁੱਕੀਆਂ ਸੀ। ਉਹ ਕਾਲਜ ਗੇੜੀ ਮਾਰਨ ਆਈਆਂ ਸੀ। ਉਹ ਮੇਰੀਆਂ ਚੰਗੀਆਂ ਦੋਸਤ ਸੀਗੀਆਂ, ਸ਼ਾਇਦ ਇੱਕ ਗਰੇਵਾਲ ਤੇਇੱਕ ਪਾਸੀ ਸੀ, ਹਾਂ ਇੱਕ ਗਰੇਵਾਲ ਸੀ ਤੇ ਇੱਕ ਪਾਸੀ ਸੀ ।ਉਹ ਮੈਨੂੰ ਮਿਲੀਆਂ,ਬੜੀਆਂ ਖੁਸ਼ ਹੋ ਕੇ । ਕਿਉਂਕਿ ਮੈਨੂੰ ਬਹੁਤ ਸਾਰੇ ਮੇਰੇ ਨਾਲਦੇ , ਜਨਮੇਜੇ ਦੀ ਬਜਾਏ ਮੇਜਾ ਕਹਿ ਕੇ ਹੀ ਬੁਲਾਉਂਦੇ ਸੀ ਜਾਂ ਕੁਝ ਜਿਹੜੇ ਮੇਰੇ ਬਹੁਤ ਘਰ ਦੇ ਕਰੀਬੀ ਦੋਸਤ ਸੀ ਜਾਂ ਜਿਹੜੇ ਮੇਰੇ ਘਰੇ ਆਉਂਦੇ ਜਾਂਦੇ ਸੀ ਉਹ ਮੈਨੂੰ ਮੇਜਰ ਹੀ ਕਹਿੰਦੇ ਹੁੰਦੇ ਸੀ, ਉਹ ਹੁਣ ਵੀ ਉਹੀ ਕਹਿੰਦੇ ਆ। ਉਹ ਭਾਈ ਕਹਿੰਦੀਆਂ,ਕਿੱਧਰ ਤੁਰਿਆ ਫਿਰਦਾ ? ਮੈਂ ਕਿਹਾ ਇਦਾਂ ਇਦਾਂ ਦਾ ਇੱਕ ਮਸਲਾਹੈ । ਕਹਿੰਦੀਆਂ,ਕੌਣ ਹੈ ? ਮੈਂ ਕਿਹਾ ਉਹ ਫਲਾਣੀ । ਕਹਿੰਦੀਆਂ, ਉਹਦੀ ਕੀ ਮਜਾਲ, ਤੈਨੂੰ ਜਵਾਬ ਦੇ ਦੇਵੇ ? ਮੈਂ ਕਿਹਾ,ਭਾਈ ਮੈਂ ਡਰਦਾ ਨਹੀਂ ਗੱਲ ਕਰਦਾ ਵੀ ਜੇ ਜਵਾਬ ਦੇ ਦਿੱਤਾ ਤਾਂ ਮੇਰਾ ਦਿਲ ਟੁੱਟ ਜਾਊਗਾ।ਮੈਂ ਆਪਣਾ ਪ੍ਰੋਜੈਕਟ ਕੰਪਲੀਟ ਨਹੀਂ ਕਰ ਸਕੂਗਾ। ਉਹ ਕਹਿੰਦੀਆ, ਸਵਾਲ ਹੀ ਨਹੀਂ ਪੈਦਾ ਹੁੰਦਾ ਤੇਰਾ ਕੰਮ ਕੰਪਲੀਟ ਨਾ ਹੁਵੇ, ਅਸੀਂ ਲਿਓਨੀਆਂ, ਉਹਨੂੰ ਲੱਭ ਕੇ । ਅੱਧੇ ਪੌਣੇ ਘੰਟੇ ਦੇ ਵਿੱਚ ਉਹਨਾਂ ਨੇ ਪਤਾ ਨਹੀਂ ਕਿੱਥੋਂ, ਉਹਨੂੰ ਲੱਭ ਲਿਆਂਦਾ।ਲਓ ਜੀ ਆਪਾਂ ਤਾਂ ਬਾਗੋ ਬਾਗ ਹੋ ਗਏ।ਕਿਉਂਕਿ ਇਸ ਤਰ੍ਹਾਂ ਦਾ ਮੌਕਾ ਮਿਲਣਾ,ਇਹ ਤਾਂ ਬੜੀ ਕਮਾਲ ਦੀ ਗੱਲ ਸੀ। ਮੈਂ ਉਹਦੀਆਂ ਕਾਫੀ ਫੋਟੋਆਂ ਖਿੱਚੀਆਂ ਤੇ ਉਹਦਾ ਵੀ ਧੰਨਵਾਦ ਕੀਤਾ । ਫਿਰ ਅਸੀਂ ਸਾਰਿਆਂ ਨੇ ਇਕੱਠੇ ਬੈਠ ਕੇ ਚਾਹ ਪੀਤੀ, ਉਹਨਾਂ ਦਿਨਾਂ ਚ ਕਾਫੀ ਕੁਫੀ ਦਾ ਰਿਵਾਜ ਨਹੀਂ ਸੀ ਹੁੰਦਾ ।ਉਹ ਗੱਲ ਨਿਬੜ ਗਈ। ਹੁਣ ਮਸਲਾ ਇਹ ਸੀ, ਕਿ ਵਫਾਦਾਰੀ ਕਿਵੇਂ ਪਤਾ ਕੀਤੀ ਜਾਵੇ ? 40 ਸਾਲ ਹੋ ਗਏ ਸਮਾਂ ਆਪਣੀ ਚਾਲੇ ਚੱਲੀਗਿਆ, ਕੌਣ ਕਿੱਥੇ ਆ ਤੇ ਕੌਣ ਕਿਵੇਂ ਆ, ਇਸ ਦਾਮੈਨੂੰ ਕੋਈ ਪਤਾ ਨਹੀਂ ।ਇਸ ਲਈ ਕੌਣ ਵਫਾਦਾਰ ਹੈ ਤੇ ਕੌਣ ਵਫਾਦਾਰ ਨਹੀਂ ਹੈ ? ਇਹ ਜਾਣਕਾਰੀ ਹਾਲੇ ਤੱਕ ਅਧੂਰੀ ਹੈ । ਫੋਟੋ ਪਰ ਹਾਲੇ ਵੀ ਮੇਰੇ ਕੋਲ ਹੈ ।
-
ਜਨਮੇਜਾ ਸਿੰਘ ਜੌਹਲ, writer
janmeja@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.