'ਖੇਡਾਂ ਵਤਨ ਪੰਜਾਬ ਦੀਆਂ': ਰਾਜ ਪੱਧਰੀ ਬਾਕਸਿੰਗ ਮੁਕਾਬਲੇ ਧੂਮ- ਧੜੱਕੇ ਨਾਲ ਸ਼ੁਰੂ
ਪ੍ਰਮੋਦ ਭਾਰਤੀ
ਨਵਾਂਸ਼ਹਿਰ 16 ਨਵੰਬਰ ,2024 - ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ 'ਖੇਡਾਂ ਵਤਨ ਪੰਜਾਬ ਦੀਆਂ- 2024 ਸੀਜ਼ਨ 3' ਦੇ ਤਹਿਤ ਰਾਜ ਪੱਧਰੀ ਬਾਕਸਿੰਗ ਮੁਕਾਬਲੇ ਅੱਜ ਲੈਮਰਿਨ ਟੈੱਕ ਸਕਿਲ ਯੂਨੀਵਰਸਿਟੀ, ਬਲਾਚੌਰ ਵਿਖੇ ਧੂਮ-ਧੜੱਕੇ ਨਾਲ ਸ਼ੁਰੂ ਹੋ ਗਏ। ਇਨ੍ਹਾਂ ਮੁਕਾਬਲਿਆਂ ਵਿਚ ਲੜਕੇ ਤੇ ਲੜਕੀਆਂ ਦੇ ਅੰਡਰ 14, 17, 21 ਅਤੇ 21-30 ਤੇ 31-40 ਉਮਰ ਵਰਗ ਦੇ ਮੁਕਾਬਲੇ ਹੋ ਰਹੇ ਹਨ।
24 ਨਵੰਬਰ ਤੱਕ ਚੱਲਣ ਵਾਲੇ ਇਨ੍ਹਾਂ ਮੁਕਾਬਲਿਆਂ ਵਿਚ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀ/ਖਿਡਾਰਨਾਂ ਭਾਗ ਲੈ ਰਹੇ ਹਨ। ਇਨ੍ਹਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਮੁੱਖ ਮਹਿਮਾਨ ਐਮ.ਐਲ.ਏ ਹਲਕਾ ਬਲਾਚੌਰ ਸੰਤੋਸ਼ ਕਟਾਰੀਆ ਅਤੇ ਚਾਂਸਲਰ ਲੈਮਰਿਨ ਟੈੱਕ ਸਕਿੱਲ ਯੂਨੀਵਰਸਿਟੀ ਬਲਾਚੌਰ ਡਾ. ਸੰਦੀਪ ਸਿੰਘ ਕੌੜਾ ਵੱਲੋਂ ਕੀਤਾ ਗਿਆ। ਇਸ ਮੌਕੇ ਐਮ.ਐਲ.ਏ ਸੰਤੋਸ਼ ਕਟਾਰੀਆ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦਿਆਂ ਖੇਡਾਂ ਵਿਚ ਵੱਧ-ਚੜ੍ਹ ਕੇ ਭਾਗ ਲੈਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ 'ਖੇਡਾਂ ਵਤਨ ਪੰਜਾਬ ਦੀਆਂ' ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਖਿਡਾਰੀਆਂ ਨੂੰ ਚੰਗੀ ਸੇਧ ਮਿਲਦੀ ਹੈ। ਚਾਂਸਲਰ ਡਾ. ਸੰਦੀਪ ਸਿੰਘ ਕੌੜਾ ਨੇ ਇਸ ਮੌਕੇ ਕਿਹਾ ਕਿ ਖੇਡ ਵਿਭਾਗ ਅਤੇ ਜ਼ਿਲ੍ਹਾ ਖੇਡ ਅਫਸਰ, ਸ਼ਹੀਦ ਭਗਤ ਸਿੰਘ ਨਗਰ ਧੰਨਵਾਦ ਦੇ ਪਾਤਰ ਹਨ, ਜਿਨ੍ਹਾਂ ਨੇ ਇਨ੍ਹਾਂ ਰਾਜ ਪੱਧਰੀ ਖੇਡਾਂ ਲਈ ਲੈਮਰਿਨ ਟੈੱਕ ਸਕਿੱਲ ਯੂਨੀਵਰਸਿਟੀ ਬਲਾਚੌਰ ਨੂੰ ਚੁਣਿਆ।
ਜ਼ਿਲ੍ਹਾ ਖੇਡ ਅਫ਼ਸਰ ਵੰਦਨਾ ਚੌਹਾਨ ਨੇ ਦੱਸਿਆ ਕਿ ਅੱਜ ਲੜਕੀਆਂ ਦੇ ਮੁਕਾਬਲਿਆਂ ਵਿਚ ਭਾਰ 63-67 ਕਿਲੋ ਵਿਚ ਅਨੀਤਾ ਜ਼ਿਲ੍ਹਾ ਮਾਨਸਾ ਨੇ ਪਹਿਲਾ, ਨਮਜੋਤ ਕੌਰ ਜ਼ਿਲ੍ਹਾ ਕਪੂਰਥਲਾ ਨੇ ਦੂਜਾ ਅਤੇ ਮਨਦੀਪ ਕੌਰ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਰ 75-81 ਕਿਲੋ ਵਿਚ ਹਰਪ੍ਰੀਤ ਕੌਰ ਫਿਰੋਜ਼ਪੁਰ ਨੇ ਪਹਿਲਾ ਅਤੇ ਰਮਨਦੀਪ ਕੌਰ ਜ਼ਿਲ੍ਹਾ ਮੁਕਤਸਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਭਾਰ 81 ਕਿਲੋ ਲੜਕੀਆਂ ਦੇ ਮੁਕਾਬਲਿਆਂ ਵਿਚ ਮਨਪ੍ਰੀਤ ਕੌਰ ਜ਼ਿਲ੍ਹਾ ਤਰਨ ਤਾਰਨ ਨੇ ਪਹਿਲਾ, ਰਵੀਨਾ ਜਿਲ੍ਹਾ ਲੁਧਿਆਣਾ ਨੇ ਦੂਜਾ ਅਤੇ ਭਾਰਤੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸਤਨਾਮ ਸਿੰਘ ਜਲਾਲਪੁਰ, ਐਸ.ਡੀ.ਐਮ ਬਲਾਚੌਰ ਪ੍ਰੀਤ ਇੰਦਰ ਸਿੰਘ ਬੈਂਸ, ਜੁਆਇੰਟ ਰਜਿਸਟਰਾਰ ਸਤਵੀਰ ਸਿੰਘ ਬਾਜਵਾ, ਸਹਾਇਕ ਡਾਇਰੈਕਟਰ ਖੇਡਾਂ ਰਾਮ ਮੀਅਰ, ਜਰਨਲ ਸੈਕੱਤਰ ਬਾਕਸਿੰਗ ਐਸੋਸ਼ੀਏਸ਼ਨ ਪੰਜਾਬ ਸੰਤੋਸ਼ ਦਿੱਤਾ, ਡੀ. ਐਸ.ਪੀ ਬਲਾਚੌਰ ਸ਼ਾਮ ਸੁੰਦਰ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਵਿਆਕਤੀ ਅਤੇ ਵੱਡੀ ਗਿਣਤੀ ਵਿਚ ਖਿਡਾਰੀ ਹਾਜ਼ਰ ਸਨ।