← ਪਿਛੇ ਪਰਤੋ
ਨਗਰ ਨਿਗਮ ਨੇ ਤੋਏ ਤੋਏ ਪਿੱਛੋਂ ਪੋਚਾ ਮਾਰ ਸੁਧਾਰੀ ਗਲਤੀ: ਮਾਮਲਾ ਅਜ਼ਾਦੀ ਦਿਵਸ ਮੌਕੇ ਲਾਈਆਂ ਫਲੈਕਸਾਂ ਦਾ
ਅਸ਼ੋਕ ਵਰਮਾ
ਬਠਿੰਡਾ,15ਅਗਸਤ2024: ਮੁਲਕ ਦੇ 78ਵੇਂ ਅਜ਼ਾਦੀ ਦਿਵਸ ਮੌਕੇ ਬਠਿੰਡਾ ਦੇ ਫਾਇਰ ਬ੍ਰਿਗੇਡ ਚੌਂਕ ’ਚ ਲਾਏ ਬਹੱਦ ਗੰਭੀਰ ਗਲ੍ਹਤੀਆਂ ਦੀ ਭਰਮਾਰ ਵਾਲੇ ਬੋਰਡਾਂ ਨੂੰ ਲੈਕੇ ਨਗਰ ਨਿਗਮ ਬਠਿੰਡਾ ਨੂੰ ਸ਼ਹਿਰ ਵਾਸੀਆਂ ਅਤੇ ਸੋਸ਼ਲ ਮੀਡੀਆ ਤੇ ਆਮ ਲੋਕਾਂ ਦੇ ਤਾਅਨੇ ਮਿਹਣਿਆਂ ਅਤੇ ਤਿੱਖੀ ਅਲੋਚਨਾ ਦਾ ਸ਼ਿਕਾਰ ਹੋਣਾ ਪਿਆ। ਹਾਲਾਂਕਿ ਜਬਰਦਸਤ ਤੋਏ ਤੋਏ ਤੋਂ ਬਾਅਦ ਨਗਰ ਨਿਗਮ ਨੇ ਬੋਰਡਾਂ ਤੇ ਪੋਚਾ ਮਾਰਕੇ ਆਪਣੀ ਗਲ੍ਹਤੀ ਸੁਧਾਰਨ ਦੀ ਕੋਸ਼ਿਸ਼ ਕੀਤੀ ਪਰ ਇਸ ਵਰਤਾਰੇ ਨੇ ਦੇਸ਼ ਲਈ ਅਹਿਮੀਅਤ ਵਾਲੇ ਦਿਹਾੜੇ ਅਤੇ ਮਾਂ ਬੋਲੀ ਨੂੰ ਲੈਕੇ ਨਿਗਮ ਦੇ ਅਵੇਸਲੇਪਣ ਅਤੇ ਨਲਾਇਕੀ ਦੀ ਪੋਲ ਖੋਹਲ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਨਗਰ ਨਿਗਮ ਦੀ ਮਲਟੀਸਟੋਰੀ ਪਾਰਕਿੰਗ ਦੇ ਠੇਕੇਦਾਰ ਵੱਲੋਂ ਬਜ਼ਾਰਾਂ ਚੋਂ ਕਥਿਤ ਧੱਕੇ ਨਾਲ ਕਾਰਾਂ ਆਦਿ ਟੋਅ ਕਰਨ ਖਿਲਾਫ ਬਣੀ ਸੰਘਰਸ਼ ਕਮੇਟੀ ਨੇ 15 ਅਗਸਤ ਨੂੰ ਫਾਇਰ ਬ੍ਰਿਗੇਡ ਚੌਂਕ ’ਚ ਧਰਨਾ ਲਾਉਣ ਅਤੇ ਬਠਿੰੰਡਾ ਬੰਦ ਦਾ ਐਲਾਨ ਕੀਤਾ ਸੀ। ਇਸ ਦੌਰਾਨ ਬਠਿੰੰਡਾ ਪ੍ਰਸ਼ਾਸ਼ਨ ਨੇ ਅਜ਼ਾਦੀ ਦਿਵਸ ਸਮਾਗਮਾਂ ਦੇ ਮੱਦੇਨਜ਼ਰ ਵਪਾਰੀਆਂ ਨੂੰ ਧਰਨਾ ਲਾਉਣ ਅਤੇ ਬੰਦ ਰੱਖਣ ਤੋਂ ਰੁਕਵਾਉਣ ਲਈ ਗੱਲਬਾਤ ਦਾ ਦੌਰ ਚਲਾਇਆ ਤੇ ਸਿਆਸੀ ਲੋਕਾਂ ਨੇ ਵੀ ਵਪਾਰਿਕ ਧਿਰਾਂ ਨਾਲ ਮੀਟਿੰਗ ਕਰਕੇ ਅੰਦੋਲਨ ਵਾਪਿਸ ਲੈਣ ਦੀ ਅਪੀਲ ਵੀ ਕੀਤੀ ਜਿੰਨ੍ਹਾਂ ’ਚ ਸਫਲਤਾ ਨਾਂ ਮਿਲ ਸਕੀ। ਬੰਦ ਦੇ ਇਸ ਸੱਦੇ ਨੂੰ ਦੇਖਦਿਆਂ ਫਾਇਰ ਬ੍ਰਿਗੇਡ ਚੌਂਕ ਵਿੱਚ ਸ਼ਹਿਰ ਦੇ ਵਪਾਰੀਆਂ ਨੇ ਆਪਣੇ ਫਲੈਕਸ ਲਾਏ ਸਨ ਤਾਂ ਜੋ ਆਉਣ ਜਾਣ ਵਾਲਿਆਂ ਨੂੰ ਅੱਜ ਦੇ ਦਿਨ ਬਠਿੰਡਾ ਬੰੰਦ ਰਹਿਣ ਬਾਰੇ ਜਾਣਕਾਰੀ ਮਿਲ ਸਕੇ। ਅੱਜ ਦੇ ਧਰਨੇ ਮੌਕੇ ਕੁੱਝ ਵਪਾਰੀਆਂ ਨੇ ਦੱਸਿਆ ਕਿ ਵਪਾਰੀ ਤਾਂ ਟੋਅ ਵੈਨ ਦਾ ਠੇਕਾ ਰੱਦ ਕਰਨ ਦੀ ਮੰਗ ਕਰ ਰਹੇ ਸਨ ਪਰ ਨਗਰ ਨਿਗਮ ਨੇ ਧਰਨੇ ਦੇ ਸੱਦੇ ਵਾਲੇ ਫਲੈਕਸ ਪੜਵਾਕੇ ਰਾਤੋ ਰਾਤ ਸੁਤੰਤਰਤਾ ਦਿਵਸ ਦੀ ਵਧਾਈ ਦੇਣ ਵਾਲੀਆਂ ਫਲੈਕਸਾਂ ਲੁਆ ਦਿੱਤੀਆਂ ਜਿੰਨ੍ਹਾਂ ’ਚ ਪੰਜਾਬੀ ਭਾਸ਼ਾ ਅਤੇ ਅਜਾਦੀ ਦਿਵਸ ਦੀ ਗਿਣਤੀ ਸਹੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਰੌਚਕ ਪਹਿਲੂ ਇਹ ਵੀ ਹੈ ਕਿ ਸੰਘਰਸ਼ ਨੂੰ ਤਾਰਪੀਡੋ ਕਰਨ ਦੇ ਯਤਨਾਂ ’ਚ ਲੱਗਿਆ ਨਗਰ ਨਿਗਮ ਇਹ ਵੀ ਭੁੱਲ ਗਿਆ ਕਿ ਜੋ ਫਲੈਕਸਾਂ ਲਾਈਆਂ ਹਨ ਉਹ 76ਵੇਂ ਸੁਤੰਤਰਤਾ ਦਿਵਸ ਦੀ ਵਧਾਈ ਦੇਣ ਅਤੇ ਪੰਜਾਬੀ ’ਚ ਗਲ੍ਹਤੀਆਂ ਵਾਲੀਆਂ ਹਨ। ਅੱਜ ਵੀ ਮੌਕੇ ਤੇ ਦੇਖਿਆ ਗਿਆ ਕਿ ਇੰਨ੍ਹਾਂ ਫਲੈਕਸਾਂ ਦੀ ਛਪਾਈ ’ਚ ਹੋਈਆਂ ਗਲ੍ਹਤੀਆਂ ਪੰਜਾਬੀ ਭਾਸ਼ਾ ਦਾ ਮਜ਼ਾਕ ਉਡਾ ਰਹੀਆਂ ਸਨ। ਸਭ ਤੋਂ ਵੱਡੀ ਗਲ੍ਹਤੀ 78 ਵੇਂ ਅਜਾਦੀ ਦਿਵਸ ਦੀ ਥਾਂ 76ਵਾਂ ਲਿਖਿਆ ਹੋਇਆ ਸੀ। ਇਸ ਤੋਂ ਹੇਠਾਂ ਨਗਰ ਨਿਗਮ ਦੀ ਥਾਂ ‘ਨਰਗ’ ਨਿਗਮ ਛਪਿਆ ਹੋਇਆ ਸੀ ਜਦੋਂਕਿ ਸੁਤੰਤਰਤਾ ਦਿਵਸ ਦੀ ਥਾਂ ‘ਸੁਤੰਤਰਤਾਂ’ ਦਿਵਸ ਦੀ ਛਪਾਈ ਕੀਤੀ ਹੋਈ ਸੀ। ਧਰਨੇ ਮੌਕੇ ਇਹ ਸਭ ਸਾਹਮਣੇ ਆਉਣ ਮਗਰੋਂ ਜਦੋਂ ਲੋਕ ਸੋਸ਼ਲ ਮੀਡੀਆ ਤੇ ਠਿੱਠ ਕਰਨ ਲੱਗੇ ਤਾਂ ਨੀਂਦ ਤੋਂ ਜਾਗੇ ਨਗਰ ਨਿਗਮ ਨੇ ਆਨਣ ਫਾਨਣ ’ਚ ਪੋਚਾ ਫਿਰਵਾਕੇ ਗਲ੍ਹਤੀਆਂ ਤਾਂ ਸੁਧਾਰ ਦਿੱਤੀਆਂ ਪਰ ਇਸ ਕਾਰਨ ਦਿਨ ਭਰ ਮਜਾਕ ਦਾ ਪਾਤਰ ਬਣਨਾ ਪਿਆ। ਅੱਜ ਮੌਕੇ ਤੇ ਹਾਜ਼ਰ ਲੋਕਾਂ ਨੇ ਆਖਿਆ ਕਿ ਨਗਰ ਨਿਗਮ ਨੇ ‘ਸੰਘਰਸ਼ ਦੇ ਰਾਹ ਵਿੱਚ ਰੋੜੇ ਅਟਕਾਉਣ ਦੀ ਮੁਹਿੰਮ’ ਤਹਿਤ ਨਾਂ ਕੇਵਲ ਮਾਤ ਭਾਸ਼ਾ ਨੂੰ ਰਗੜਾ ਲਾਇਆ ਬਲਕਿ ਅਜਾਦੀ ਦਿਵਸ ਵਰਗੇ ਅਹਿਮ ਦਿਹਾੜੇ ਦੀ ਮਹੱਤਤਾ ਵੀ ਅੱਖੋਂ ਪਰੋਖੇ ਕੀਤੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਵਪਾਰੀਆਂ ਨੂੰ ਰੋਕਣ ਲਈ ਵਿਉਂਤਬੰਦੀ ਤਾਂ ਕਰ ਲਈ ਪਰ ਇਸ ਕਾਹਲ ’ਚ ਏਦਾਂ ਦੀਆਂ ਫਲੈਕਸਾਂ ਲਾ ਦਿੱਤੀਆਂ ਜਿਨ੍ਹਾਂ ਵਿੱਚ ਗਲ੍ਹਤੀਆਂ ਕਾਰਨ ਨਗਰ ਨਿਗਮ ਖੁਦ ਹੀ ਕਟਹਿਰੇ ’ਚ ਖੜ੍ਹਾ ਹੋ ਗਿਆ । ਧਰਨਾ ਦੇਣ ਵਾਲੇ ਵਪਾਰੀਆਂ ਨੇ ਕਿਹਾ ਕਿ ਜੇਕਰ ਲੋਕ ਰੋਹ ਨੂੰ ਦੇਖਦਿਆਂ ਤੁਰੰਤ ਠੇਕਾ ਰੱਦ ਕਰ ਦਿੱਤਾ ਜਾਂਦਾ ਤਾਂ ਇਸ ਥਾਂ ਤੇ ਧੰਨਵਾਦ ਦੇ ਵੱਡੇ ਵੱਡੇ ਬੋਰਡ ਲੱਗਣੇ ਸਨ ਪਰ ਪ੍ਰਾਈਵੇਟ ਠੇਕੇਦਾਰ ਦੀ ਸੇਵਾ ਕਰਨ ’ਚ ਜੁਟੇ ਨਗਰ ਨਿਗਮ ਨੇ ਲੋਕਾਂ ਦੀ ਸੇਵਾ ਕਰਨ ਵਾਲੇ ਅਦਾਰੇ ਨੂੰ ਹੀ ਮਜਾਕ ਦਾ ਪਾਤਰ ਬਣਾ ਦਿੱਤਾ ਜੋਕਿ ਬੇਹੱਦ ਨਿੰਦਣਯੋਗ ਹੈ। ਮੁਲਕ ਤੇ ਮਾਂ ਬੋਲੀ ਦਾ ਅਪਮਾਨ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਨਗਰ ਨਿਗਮ ਨੇ ਸ਼ਹਿਰ ਵਾਸੀਆਂ ਦੀ ਜਾਇਜ ਮੰਗ ਮੰਨਣ ਦੀ ਥਾਂ ਸੰਘਰਸ਼ ਕਰਨ ਤੋਂ ਰੋਕਣ ਦੇ ਚੱਕਰਾਂ ’ਚ ਗਲ੍ਹਤੀਆਂ ਦੀ ਭਰਮਾਰ ਵਾਲੇ ਫਲੈਕਸ ਲਾਕੇ ਖੁਦ ਦੀ ਸਥਿਤੀ ਹਾਸੋਹੀਣੀ ਬਣਾ ਲਈ ਹੈ। ਉਨ੍ਹਾਂ ਕਿਹਾ ਕਿ ਮਾਮਲਾ ਅਜਾਦੀ ਦਿਹਾੜੇ ਨਾਲ ਜੁੜਿਆ ਹੋਣ ਕਰਕੇ ਨਗਰ ਨਿਗਮ ਦੀ ਇਹ ਮੁਲਕ ਵਾਸੀਆਂ ਤੇ ਰਾਜ ਭਾਸ਼ਾ ਦਾ ਅਪਮਾਨ ਅਤੇ ਮੰਦਭਾਗੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਬਾਕੀ ਗੱਲਾਂ ਇੱਕ ਪਾਸੇ ਰੱਖ ਦੇਈਏ ਤਾਂ ਵੀ ਨਗਰ ਨਿਗਮ ਨੂੰ ਅਜਾਦੀ ਦਿਵਸ ਅਤੇ ਮਾਤ ਭਾਸ਼ਾ ਦੀ ਮਹੱਤਤਾ ਦੇ ਨਾਲ ਨਾਲ ਇੰਨ੍ਹਾਂ ਨਾਲ ਜੁੜੀਆਂ ਲੋਕਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਣਾ ਚਾਹੀਦਾ ਸੀ। ਅਫਸਰਾਂ ਦੀ ਪ੍ਰਤੀਕਿਰਿਆ ਨਹੀਂ ਇਸ ਮਾਮਲੇ ਸਬੰਧੀ ਪੱਖ ਜਾਨਣ ਲਈ ਸੰਪਰਕ ਕਰਨ ਤੇ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਰਾਹੁਲ ਨੇ ਫੋਨ ਨਹੀਂ ਚੁੱਕਿਆ ਜਦੋਂਕਿ ਨਿਗਮ ਦੇ ਐਸ ਈ ਸੰਦੀਪ ਗੁਪਤਾ ਦਾ ਕਹਿਣਾ ਸੀ ਕਿ ਉਹ ਛੁੱਟੀ ਤੇ ਸਨ ਅਤੇ ਰਾਤ ਹੀ ਵਾਪਿਸ ਆਏ ਹਨ ਇਸ ਲਈ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
Total Responses : 182