ਜੁੱਤੀ ਕਸੂਰੀ ਪੈਰ ਨਾਂ ਪੂਰੀ ਹਾਏ ਰੱਬਾ ਵੇ ਸਾਨੂੰ ਟੁਰਨਾ ਪਿਆ
ਅਸ਼ੋਕ ਵਰਮਾ
ਬਠਿੰਡਾ, 11 ਸਤੰਬਰ 2024: ਜੁੱਤੀ ਕਸੂਰੀ ਪੈਰ ਨਾਂ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ ਬੇਸ਼ੱਕ ਇੱਕ ਲੋਕ ਗੀਤ ਦੀਆਂ ਸਤਰਾਂ ਹਨ ਪਰ ਕਦੇ ਪੰਜਾਬ ਦਾ ਹਿੱਸਾ ਰਹੇ ਹੁਣ ਪਾਕਿਸਤਾਨ ’ਚ ਸਥਿਤ ਕਸੂਰ ’ਚ ਵਿਸ਼ਵ ਪ੍ਰਸਿੱਧ ਪੰਜਾਬੀ ਜੁੱਤੀਆਂ ਤਿਆਰ ਹੁੰਦੀਆਂ ਸਨ। ਹਾਲਾਂਕਿ ਹਜਾਰਾਂ ਕਾਰੀਗਰਾਂ ਦੇ ਚੁੱਲੇ ਬਲਦੇ ਰੱਖਣ ਅਤੇ ਮਾਨ-ਸਨਮਾਨ ਦਿਵਾਉਣ ਤੋਂ ਇਲਾਵਾ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ‘ ਪੰਜਾਬੀ ਜੁੱਤੀ ’ ਦਾ ਧੰਦਾ ਹੁਣ ਆਪਣਾ ਰੰਗ ਰੂਪ ਬਦਲ ਗਿਆ ਹੈ ਪਰ ਇਸ ਦੀ ਅਹਿਮੀਅਤ ਅੱਜ ਵੀ ਬਰਕਰਾਰ ਹੈ। ਮਾਲਵੇ ਦੇ ਸਰਹੱਦੀ ਇਲਾਕੇ ਫਾਜਿਲਕਾ ’ਚ ਅੱਜ ਵੀ ਪੰਜਾਬੀ ਜੁੱਤੀ ਦਾ ਵੱਡੀ ਪੱਧਰ ਤੇ ਕਾਰੋਬਾਰ ਹੁੰਦਾ ਹੈ। ਕਿਸੇ ਵੇਲੇ ਪਟਿਆਲਾ ਜਿਲ੍ਹੇ ’ਚ 10 ਹਜ਼ਾਰ ਕਾਰੀਗਰ ਜੁੱਤੀ ਬਣਾਉਣ ਦਾ ਕੰਮ ਕਰਦੇ ਹਨ ਜਿੰਨ੍ਹਾਂ ਦੀ ਗਿਣਤੀ ਹੁਣ ਘਟ ਗਈ ਹੈ
ਇਸ ਦੇ ਬਾਵਜੂਦ ਪਟਿਆਲਾ ਦੇ ਬਜ਼ਾਰਾਂ ’ਚ ਅੱਜ ਵੀ ਪੰਜਾਬੀ ਜੁੱਤੀਆਂ ਸ਼ਾਨ ਨਾਲ ਵਿਕਦੀਆਂ ਹਨ। ਬਠਿੰਡਾ ’ਚ ਵੀ ਪੰਜਾਬੀ ਜੁੱਤੀ ਦਾ ਧੰਦਾ ਚੱਲਦਾ ਹੈ ਅਤੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਵੀ ਜੁੱਤੀਆਂ ਦੀਆਂ ਦੁਕਾਨਾਂ ਹਨ। ਪਤਾ ਲੱਗਿਆ ਹੈ ਕਿ ਪੰਜਾਬੀ ਜੁੱਤੀ ਦਾ ਜਿਆਦਾਤਰ ਕਾਰੋਬਾਰ ਵਿਆਹ ਸ਼ਾਦੀਆਂ ਦੇ ਸੀਜ਼ਨ ਦੌਰਾਨ ਹੁੰਦਾ ਹੈ। ਫਾਜ਼ਿਲਕਾ ਜਿਲ੍ਹੇ ਦੇ ਨਾਲ ਲੱਗਦੇ ਰਾਜਸਥਾਨੀ ਇਲਾਕਿਆਂ ’ਚ ਸਥਾਨਕ ਪੱਧਰ ਤੇ ਮਜਬੂਤ ਜੁੱਤੀ ਤਿਆਰ ਹੁੰਦੀ ਹੋਣ ਦੇ ਬਾਵਜੂਦ ਪੰਜਾਬੀ ਜੁੱਤੀਆਂ ਪ੍ਰਤੀ ਮੋਹ ਘਟਿਆ ਨਹੀਂ ਹੈ। ਦੂਜੇ ਪਾਸੇ ਕੋਈ ਸਮਾਂ ਸੀ ਜਦੋਂ ਪ੍ਰੀਵਾਰ ਪੀੜ੍ਹੀ ਦਰ ਪੀੜ੍ਹੀ ਇਸ ਕਲਾ ਰੂਪੀ ਕਾਰੋਬਾਰ ਨਾਲ ਜੁੜਦੇ ਸਨ ਪਰ ਹੁਣ ਅਜਿਹਾ ਨਹੀਂ ਰਹਿ ਗਿਆ ਹੈ। ਹੁਣ ਜਿਆਦਾਤਰ ਪੁਰਾਣੇ ਦਸਤਕਾਰ ਇਸ ਦੁਨੀਆਂ ’ਚ ਨਹੀਂ ਰਹੇ ਹਨ ਜਿੰਨ੍ਹਾਂ ਨੇ ਇਸ ਮਾਮਲੇ ’ਚ ਆਪਣੇ ਪਿਤਾ ਤੇ ਦਾਦਾ ਵਾਲਾ ਸੁਨਿਹਰੀ ਯੁੱਗ ਦੇਖਿਆ ਹੈ।
ਇਹ ਉਹ ਸਮਾਂ ਸੀ ਜਦੋਂ ਪੰਜਾਬੀ ਜੁੱਤੀਆਂ ਦੀ ਨਾ ਕੇਵਲ ਧਾਕ ਹੁੰਦੀ ਸੀ ਬਲਕਿ ਵਿਆਹ ਸ਼ਾਦੀਆਂ ਤੋਂ ਪਹਿਲਾਂ ਲੋਕ ਆਪਣੇ ਪਸੰਦ ਦੀ ਜੁੱਤੀ ਬਨਵਾਉਣ ਲਈ ਮਹੀਨਾ-ਮਹੀਨਾ ਪਹਿਲਾਂ ਕਾਰੀਗਰਾਂ ਨੂੰ ਸਾਈ ਦੇ ਜਾਇਆ ਕਰਦੇ ਸਨ। ਇਹ ਦਸਤਕਾਰ ਕੁਰਮ, ਵਰਗੇ ਉੱਤਮ ਕੁਆਲਟੀ ਦੇ ਚਮੜੇ ਤੋਂ ਇੱਕ ਪੈਰੀ, ਲੰਬੀ ਨੋਕ ਵਾਲੀ, ਨਹੁੰ ਕੱਟ ਅਤੇ ਖੋਸੇ ਆਦਿ ਵਰਗੇ ਵੱਖ-ਵੱਖ ਤਰ੍ਹਾਂ ਦੇ ਡਿਜਾਈਨ ਦੀਆਂ ਜੁੱਤੀਆਂ ਤਿਆਰ ਕਰਦੇ ਸਨ। ਕਾਬਿਲੇ ਗੌਰ ਹੈ ਕਿ ਉਦੋਂ ਚਮੜਾ ਸਸਤਾ ਅਤੇ ਮਜ਼ਦੂਰੀ ਘੱਟ ਹੋਣ ਕਰਕੇ ਇਹ ਜੁੱਤੀ ਹਰੇਕ ਦੀ ਪਹੁੰਚ ’ਚ ਹੁੰਦੀ ਸੀ। ਇਹੋ ਕਾਰਨ ਸੀ ਕਿ ਜੁੱਤੀਆਂ ਦੇ ਸ਼ੌਕੀਨ ਮਨਮਰਜੀ ਨਾਲ ਬਣਾਉਂਦੇ ਸਨ। ਭਾਵੇਂ ਹੁਣ ਜੁੱਤੀ ਮਹਿੰਗੀ ਹੋ ਗਈ ਹੈ ਪਰ ਇਸ ਨੂੰ ਪਹਿਨਣ ਵਾਲੇ ਕਦਰਦਾਨਾਂ ਦੀ ਗਿਣਤੀ ਅਜੇ ਵੀ ਬਰਕਰਾਰ ਹੈ।
ਪੁਰਸ਼ਾਂ ਵਿੱਚ ਲੰਬੀ ਨੋਕ ਵਾਲੀ ਜੁੱਤੀ ਪਾਉਣ ਦੇ ਰਿਵਾਜ ਨੂੰ ਖੋਰਾ ਲੱਗਿਆ ਹੈ ਜਦੋਂਕਿ ਔਰਤਾਂ ’ਚ ਅੱਜ ਵੀ ਵੱਖ ਵੱਖ ਤਰਾਂ ਦੀਆਂ ਪੰਜਾਬੀ ਜੁਤੀਆਂ ਪਹਿਨਣ ਦਾ ਕਰੇਜ਼ ਜਿੳਂ ਦਾ ਤਿੳਂ ਹੈ। ਜਾਣਕਾਰੀ ਅਨੁਸਾਰ ਜੁੱਤੀ ਦੀ ਸੁੰਦਰਤਾ ’ਚ ਸਭ ਤੋਂ ਵਧੇਰੇ ਮਹੱਤਵ ਤਲਾ, ਅੱਡੀ ਤੇ ਪੰਜਾ ਹੁੰਦੇ ਹਨ ਜਿੰਨਾਂ ਦੇ ਅਧਾਰ ’ਤੇ ਹੀ ਜੁੱਤੀ ਦੀ ਕੀਮਤ ਤੈਅ ਕੀਤੀ ਜਾਂਦੀ ਹੈ। ਵਿਰਾਸਤੀ ਕਲਾ ਦਾ ਧਾਰਨੀ ਕਾਰੀਗਰਾਂ ਵੱਲੋਂ ਜੁੱਤੀ ਦਾ ਤਲਾ ਹੁਣ ਵੀ ਕੱਚੇ ਸੂਤ ਨਾਲ ਹੱਥੀ ਸਿਉਂਤਾ ਜਾਂਦਾ ਹੈ। ਕੋਈ ਵੀ ਮਸ਼ੀਨ ਅਜਿਹੀ ਨਹੀਂ ਬਣੀ ਜੋ ਇਸ ਤਰਾਂ ਤਲੇ ਦੀ ਸਿਲਾਈ ਕਰ ਸਕਦੀ ਹੋਵੇ। ਤਿੰਨ ਦਹਾਕੇ ਪਹਿਲਾਂ ਤੱਕ ਰੰਗਾਈ ਕਰਨ ਵਾਲੇ ਪ੍ਰਚਲਿਤ ਮਸਾਲਿਆਂ ਨਾਲ ਚਮੜੇ ਦੀ ਰੰਗਾਈ ਕਰਦੇ ਜੋਕਿ ਵਧੀਆ ਤੇ ਹੰਢਣਸਾਰ ਹੁੰਦਾ ਸੀ।
ਜੁੱਤੀਆਂ ਤਿਆਰ ਕਰਨ ਵਾਲੇ ਇੱਕ ਕਾਰੀਗਰ ਨੇ ਦੱਸਿਆ ਕਿ ਚਮੜਾ ਮਸ਼ੀਨਾਂ ਨਾਲ ਰੰਗਾਈ ਹੋਣ ਕਰਕੇ ਜੁੱਤੀ ਦੀ ਗੁਣਵੱਤਾ ਤੇ ਅਸਰ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਚਮੜੇ ਦੇ ਜਿਆਦਾਤਰ ਵਪਾਰੀ ਰਿਵਾਇਤੀ ਲੋਕ ਨਹੀਂ ਬਲਕਿ ਅਜਿਹੇ ਪਾਸ਼ ਘਰਾਣਿਆਂ ਨਾਲ ਸਬੰਧਤ ਹਨ ਜਿੰਨ੍ਹਾਂ ਨੇ ਇਸ ਧੰਦੇ ਨੂੰ ਸਿਰਫ ਕਮਾਈ ਦੀ ਖਾਤਰ ਚੁਣਿਆ ਹੈ । ਇਹੋ ਕਾਰਨ ਹੈ ਕਿ ਏਦਾਂ ਦੇ ਕਾਰੋਬਾਰੀ ਜਮੀਨੀ ਪੱਧਰ ਤੇ ਕੰਮ ਕਰਨ ਵਾਲੇ ਕਾਰੀਗਰਾਂ ਨੂੰ ਜੋ ਮਾਲ ਵੇਚਦੇ ਹਨ ਉਹ ਮਹਿੰਗਾ ਹੁੰਦਾ ਹੈ ਅਤੇ ਕੁਆਲਿਟੀ ਵੀ ਸਿਰੇ ਦੀ ਨਹੀਂ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਚਮੜੇ ਦੀ ਥਾਂ ਸਿੰਥੈਟਿਕ ਲੈਦਰ ਨੇ ਲਈ ਹੈ ਜੋ ਕਿ ਅਸਲੀ ਚਮੜੇ ਨਾਲੋਂ ਕਈ ਗੁਣਾ ਸਸਤਾ ਪੈਂਦਾ ਹੈ ।
ਉਨ੍ਹਾਂ ਦੱਸਿਆ ਕਿ ਉੱਚ ਕੁਆਲਿਟੀ ਦੇ ਚਮੜੇ ਦੀ ਘਾਟ ਤੇ ਮਹਿੰਗਾਈ ਕਾਰਨ ਵਧੇ ਮਜ਼ਦੂਰੀ ਦੇ ਰੇਟਾਂ ਕਾਰਨ ਹੁਣ ਸਹੀ ਪੰਜਾਬੀ ਜੁੱਤੀ ਮਹਿੰਗੀ ਪੈਂਦੀ ਹੈ ਇਸ ਲਈ ਸ਼ੌਕੀਨ ਤਾਂ ਖਰੀਦਦਾ ਹੈ ਪ੍ਰੰਤੂ ਆਮ ਲੋਕ ਪਾਸਾ ਵੱਟਦੇ ਹਨ। ਨੌਜੁਆਨ ਪੋਚ ਦੀ ਦੌੜ ਮਹਿੰਗੇ ਤੇ ਨਵੇਂ ਫੈਸ਼ਨ ਦੇ ਬੂਟਾਂ ਵੱਲ ਹੋਣ ਉਸ ਨੂੰ ਪੰਜਾਬ ਦੀ ਸ਼ਾਨ ਜੁੱਤੀ ਨਾਲ ਕੋਈ ਮੋਹ ਨਹੀਂ ਰਿਹਾ ਹੈ। ਵੇਰਵਿਆਂ ਅਨੁਸਾਰ ਇਸ ਧੰਦੇ ’ਚ ਹੁਣ 45 ਸਾਲ ਤੋਂ ਜਿਆਦਾ ਦੀ ਉਮਰ ਦੇ ਲੋਕ ਹੀ ਰਹਿ ਗਏ ਹਨ। ਉਂਜ ਇਸ ਮਾਮਲੇ ਦਾ ਦੁਖਦਾਈ ਪੱਖ ਹੈ ਕਿ ਨਵੀਂ ਰੌਸ਼ਨੀ ਕਾਰਨ ਰਿਵਾਇਤੀ ਕਾਰੀਗਰਾਂ ਦੀ ਮੌਜੂਦਾ ਪੀੜ੍ਹੀ ਨੂੰ ਪੁਸ਼ਤੈਨੀ ਧੰਦਾ ਅੱਗੇ ਵਧਾਉਣ ’ਚ ਕੋਈ ਰੁਚੀ ਨਹੀਂ ਰਹਿ ਗਈ ਹੈ।
ਪੰਜਾਬ ਦੀ ਵਿਰਸਾਤ ਪੰਜਾਬੀ ਜੁੱਤੀ
ਪੰਜਾਬੀ ਸਾਹਿਤ ਨਾਲ ਜੁੜੇ ਅਮਨ ਦਾਤੇਵਾਸੀਆ ਬਠਿੰਡਾ ਦਾ ਕਹਿਣਾ ਸੀ ਕਿ ਪੰਜਾਬੀ ਜੁੱਤੀ ਪੰਜਾਬ ਦੀ ਵਿਰਾਸਤ ਅਤੇ ਅਹਿਮ ਦਸਤਕਾਰੀ ਹੈ ਜੋਕਿ ਹਮੇਸ਼ਾ ਹੀ ਲੋਕਾਂ ਦੀ ਪਸੰਦ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਇਸ ਕਲਾ ਨੂੰ ਪ੍ਰਫੁੱਲਤ ਕਰਨ ਅਤੇ ਵਿਰਸਾਤ ਬਚਾਉਣ ਲਈ ਸਰਕਾਰੀ ਪੱਧਰ ਤੇ ਢੁੱਕਵੇਂ ਯਤਨ ਕੀਤੇ ਜਾਣੇ ਚਾਹੀਦੇ ਹਨ।