ਅੱਗੇ ਬੀਬੀ ਟੱਪਣੀ ਪਿੱਛੇ ਢੋਲਾਂ ਦੀ ਗੜਗੱਜ ਬਣਿਆ ਬਠਿੰਡਾ ਜਿਲ੍ਹੇ ’ਚ ਨਰਮੇ ਹੇਠਲਾ ਰਕਬਾ
ਅਸ਼ੋਕ ਵਰਮਾ
ਬਠਿੰਡਾ, 3 ਜੂਨ 2024: ਬਠਿੰਡਾ ਜਿਲ੍ਹੇ ’ਚ ਨਰਮੇ ਕਪਾਹ ਦੇ ਦਿਨ ਹੁਣ ਲੱਦ ਗਏ ਹਨ ਜਿਸ ਲਈ ਕਿਸਾਨ ਕਸੂਰਵਾਰ ਨਹੀਂ ਹਨ। ਇਸ ਵਾਰ ਤਾਂ ਖੇਤੀ ਵਿਭਾਗ ਨਰਮੇ ਹੇਠਲਾ ਰਕਬਾ ਵਧਾਉਣਾ ਤਾਂ ਦੂਰ ਪੂਰਾ ਕਰਨ ’ਚ ਹੀ ਫੇਲ੍ਹ ਸਾਬਤ ਹੋਇਆ ਹੈ। ਖੇਤੀ ਦੀ ਕੋਈ ਠੋਸ ਸਰਕਾਰੀ ਨੀਤੀ ਨਾਂ ਹੋਣ ਕਰਕੇ ਨਰਮਾ-ਕਪਾਹ ਸਿਰਫ ਸਿਆਸੀ ਚਰਖੇ ’ਤੇ ਚੜ੍ਹਨ ਜੋਗਾ ਰਹਿ ਗਿਆ ਹੈ। ਸਾਲ 2014 ਦੀਆਂ ਲੋਕ ਸਭਾ ਚੋਣਾਂ ਮੌਕੇ ਨਰਿੰਦਰ ਮੋਦੀ ਨੇ ਕਪਾਹ ਪੱਟੀ ਦੇ ਅੱਛੇ ਦਿਨ ਲਿਆਉਣ ਦੀ ਗੱਲ ਆਖੀ ਸੀ। ਮਲੋਟ ਰੈਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਨਰਮੇ ਨੂੰ ਨਰਮ ਨਹੀਂ ਪੈਣ ਦੇਣਾ। ਫਿਰ ਵੀ ਪਿਛਲੇ 10 ਸਾਲਾਂ ਤੋਂ ਲਗਾਤਾਰ ਨਰਮਾ ਮਰਦਾ ਆ ਰਿਹਾ ਹੈ ਜਦੋਂਕਿ ਕੋਈ ਵੇਲਾ ਸੀ ਜਦੋਂ ਨਰਮਾ ਕਿਸਾਨੀ ਦੇ ਹੱਡਾਂ ’ਚ ਰਚਿਆ ਹੋਇਆ ਸੀ।
ਦੱਸਣਯੋਗ ਹੈ ਕਿ ਪੰਜਾਬ ’ਚ ਸਭ ਤੋਂ ਵੱਧ ਬਠਿੰਡਾ, ਮਾਨਸਾ, ਮੁਕਤਸਰ ਤੇ ਫਾਜ਼ਿਲਕਾ ਵਿੱਚ ਕਰੀਬ 95 ਫੀਸਦੀ ਨਰਮਾ ਹੁੰਦਾ ਸੀ। ਬਠਿੰਡਾ ਜਿਲ੍ਹੇ ’ਚ ਤਾਂ ਇਸ ਵਾਰ ਨਰਮੇ ਹੇਠਲੇ ਰਕਬੇ ’ਚ ਕਟੌਤੀ ਨੇ ਹੱਦਾਂ ਪਾਰ ਕਰ ਦਿੱਤੀਆਂ ਹਨ ਜਿੱਥੇ ਮਸਾਂ 14 ਹਜ਼ਾਰ 500 ਹੈਕਟੇਅਰ ਰਕਬੇ ’ਚ ਬਿਜਾਂਦ ਹੋਈ ਹੈ। ਸਾਲ 2015-16 ਦੌਰਾਨ 1 ਲੱਖ 12 ਹਜ਼ਾਰ ਹੈਕਟੇਅਰ ਰਕਬਾ ਨਰਮੇ ਦੀ ਕਾਸ਼ਤ ਹੇਠ ਸੀ । ਇਸ ਸਾਲ ਚਿੱਟੀ ਮੱਖੀ ਦੀ ਵੱਡੀ ਮਾਰ ਪੈੈਣ ਦੇ ਬਾਵਜੂਦ ਸਾਲ 2016-17 ’ਚ ਇਹ ਰਕਬਾ 97 ਹਜ਼ਾਰ ਹੈਕਟੇਅਰ ਰਿਹਾ। ਸਾਲ 2017-18 ’ਚ ਨਰਮੇ ਹੇਠ ਰਕਬਾ 99 ਹਜ਼ਾਰ ਹੈਕਟੇਅਰ, ਸਾਲ 2018-19 ਵਿੱਚ 91 ਹਜ਼ਾਰ ਹੈਕਟੇਅਰ, ਸਾਲ 2019-20 ’ਚ78 ਹਜ਼ਾਰ ਹੈਕਟੇਅਰ, ਸਾਲ 2020-21 ’ਚ 80.9 ਹੈਕਟੇਅਰ, 2021-22 ’ਚ 78.2 ਹੈਕਟੇਅਰ ਅਤੇ 2022-23 ’ਚ 70 ਹਜ਼ਾਰ ਹੈਕਟੇਅਰ ’ਚ ਨਰਮਾ ਬੀਜਿਆ ਗਿਆ ਸੀ।
ਸਾਲ 2023 –24 ’ਚ ਬਿਜਾਂਦ ਸਿਰਫ 28 ਹਜ਼ਾਰ ਹੈਕਟੇਅਰ ਤੱਕ ਸਿਮਟ ਗਈ ਸੀ। ਕਿਸਾਨ ਨਰਮੇ ਨਾਲੋਂ ਟੁੱਟ ਰਿਹਾ ਹੈ ਇਸ ਦੇ ਬਾਵਜੂਦ ਖੇਤੀ ਅਫਸਰ ਸਿਰਫ਼ ਸਰਕਾਰੀ ਬੀਨ ਵਜਾਉਣ ’ਚ ਮਸਤ ਰਹਿੰਦੇ ਹਨ । ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਆਖਦੇ ਹਨ ਕਿ ਪਹਿਲਾਂ ਖੇਤਾਂ ਵਿੱਚ ਨਰਮੇ ਦੀ ਫਸਲ ਦਾ ਪਸਾਰਾ ਹੁੰਦਾ ਸੀ । ਵਧੀਆ ਕੁਆਲਿਟੀ ਦੇ ਬੀਜ ਅਤੇ ਕੀਟਨਾਸ਼ਕ ਨਾਂ ਮਿਲਣ ਕਾਰਨ ਨਰਮੇ ਨੂੰ ਕਦੇ ਚਿੱਟੀ ਮੱਖੀ ਤੇ ਕਦੀ ਗੁਲਾਬੀ ਸੁੰਡੀ ਚੱਟਣ ਲੱਗੀ ਹੈ। ਇਹੋ ਵਜ੍ਹਾ ਹੈ ਕਿ ਕਿਸਾਨੀ ਨਰਮੇ ਤੋਂ ਦੂਰ ਅਤੇ ਝੋਨੇ ਦੇ ਨੇੜੇ ਹੋਣਾ ਸ਼ੁਰੂ ਹੋ ਗਈ ਹੈ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰਾਂ ਕਦੋਂ ਤੱਕ ਡੰਗ ਟਪਾਈ ਕਰਨਗੀਆਂ। ਕਿਸਾਨ ਆਗੂ ਸਵਾਲ ਕਰਦੇ ਹਨ ਕਿ ਕੀ ਏਡਾ ਵੱਡਾ ਖੇਤੀ ਮਹਿਕਮਾ ਮੱਖੀਆਂ ਮਾਰ ਰਿਹੈ।
ਕਿਸਾਨ ਆਗੂ ਜਸਬੀਰ ਸਿੰਘ ਬੁਰਜ ਸੇਮਾਂ ਦਾ ਪ੍ਰਤੀਕਰਮ ਸੀ ਕਿ ਸਰਕਾਰਾਂ ਨਰਮੇ ਦੀ ਖੇਤੀ ਲਈ ਸੰਜੀਦਾ ਨਹੀਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸਾਨ ਕਦੇ ਨਰਮੇ ਦੀ ਫਸਲ ਦਾ ਸ਼ੁਦਾਈ ਸੀ, ਹੁਣ ਉਹ ਮਜਬੂਰੀ ’ਚ ਨਰਮੇ ਦੀ ਕਾਸ਼ਤ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕਿਸਾਨ ਦਾ ਨਰਮੇ ਤੋਂ ਮੋਹ ਭੰਗ ਹੋਇਆ ਹੈ ਉਦੋਂ ਤੋਂ ਧਰਤੀ ਹੇਠਲਾ ਪਾਣੀ ਡੂੰਘਾ ਹੋਇਆ ਹੈ। ਕਿਸਾਨ ਆਗੂ ਨੇ ਕਿਹਾ ਕਿ ਵੱਡੀ ਮਾਰ ਮਜਦੂਰਾਂ ਨੂੰ ਪਈ ਜਿੰਨ੍ਹਾਂ ਲਈ ਨਰਮੇ ਦੀ ਚੁਗਾਈ ਰੁਜ਼ਗਾਰ ਦਾ ਅਹਿਮ ਵਸੀਲਾ ਹੋਇਆ ਕਰਦਾ ਸੀ। ਖੇਤੀ ਵਿਗਿਆਨੀ ਜੀਐਸ ਰੋਮਾਣਾ ਦਾ ਕਹਿਣਾ ਸੀ ਕਿ ਖੇਤੀ ਵਿਭਿੰਨਤਾ ਲਈ ਨਰਮੇ ਦੀ ਫਸਲ ਨੂੰ ਹੱਲਾਸ਼ੇਰੀ ਦੇਣ ਦੀ ਲੋੜ ਹੈ ਕਿਉਂਕਿ ਨਰਮਾ ਰੁਜ਼ਗਾਰ ਪੈਦਾ ਕਰਦਾ ਹੈ ਅਤੇ ਪਾਣੀ ਦੀ ਬੱਚਤ ਹੁੰਦੀ ਹੈ।
ਅਵੇਸਲੀਆਂ ਰਹੀਆਂ ਸਰਕਾਰਾਂ
ਮਹਿੰਗਾਈ ਨੇ ਕਿਸਾਨ ਮਾਰ ਦਿੱਤਾ ਹੈ ਤੇ ਉਪਰੋਂ ਜਿਣਸਾਂ ਦੇ ਬਣਦੇ ਭਾਅ ਨਹੀਂ ਦਿੱਤੇ ਗਏ ਹਨ। ਕਿਸਾਨ ਪੁੱਛਦੇ ਹਨ ਕਿ ਜਦੋਂ ਕਪਾਹ ਪੱਟੀ ਦੇ ਮਾੜੇ ਦਿਨ ਸਨ ਤਾਂ ਉਦੋਂ ਸਰਕਾਰ ਨੇ ਖੇਤੀ ਨੂੰ ਲਾਹੇਵੰਦ ਬਨਾਉਣ ਲਈ ਕੀ ਉਪਰਾਲਾ ਕੀਤਾ? ਘਟੀਆਂ ਕੀੜੇਮਾਰ ਦਵਾਈਆਂ ਨੇ ਕਿਸਾਨਾਂ ਦੇ ਖੀਸੇ ਖਾਲੀ ਕਰ ਦਿੱਤੇ ਫਿਰ ਵੀ ਕਿਸੇ ਵੀ ਡੀਲਰ ਨੂੰ ਸਜ਼ਾ ਕਿਉਂ ਨਹੀਂ ਹੋਈ? ਕਪਾਹ ਉਤਪਾਦਕਾਂ ਲਈ ਬਦਲਵੇਂ ਰਾਹ ਸਰਕਾਰਾਂ ਨੇ ਵੇਲੇ ਤੋਂ ਪਹਿਲਾਂ ਕਿਉਂ ਤਿਆਰ ਨਾ ਕੀਤੇ? ਖੇਤੀ ਵਿਭਿੰਨਤਾ ਲਈ ਹੁਣ ਜਾਗ ਕਿਉਂ ਖੁੱਲ੍ਹੀ ਹੈ? ਹੁਣ ਕਰਜ਼ਿਆਂ ਦੇ ਝੰਬੇ ਕਿਸਾਨ ਫੁੱਲਾਂ ਦੀ ਖੇਤੀ ਕਰਨ ਦੇ ਸਮਰੱਥ ਨਹੀਂ ਰਹੇ ਹਨ। ਸਰਕਾਰੀ ਥਾਪੜਾ ਕਿਸਾਨੀ ਨੂੰ ਮਿਲਦਾ ਤਾਂ ਉਹ ਖੇਤੀ ਵਿਭਿੰਨਤਾ ਬਾਰੇ ਸੋਚ ਸਕਦੇ ਸਨ।
ਕਿਸਾਨਾਂ ਦੇ ਮਸਲੇ ਹੱਲ ਹੋਣ: ਕਿਸਾਨ ਆਗੂ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਖੇਤੀ ਵਿਭਾਗ ਕਿਸਾਨਾਂ ਦਾ ਭਰੋਸਾ ਨਹੀਂ ਜਿੱਤ ਸਕਿਆ ਹੈ। ਉਨ੍ਹਾਂ ਕਿਹਾ ਕਿ ਜੇ ਇਹੀ ਹਾਲਾਤ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਮਾਲਵੇ ’ਚੋਂ ਕਪਾਹਾਂ ਦੇ ਫੁੱਲ ਕਿਤੋਂ ਨਹੀਂ ਲੱਭਣੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨਰਮੇ ਕਪਾਹ ਦੀ ਬਿਜਾਂਦ ਸਬੰਧੀ ਸਪੱਸ਼ਟ ਨੀਤੀ ਤਿਆਰ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਹਾਇਤਾ ਤੇ ਰੁਚੀ ਵਧਾਉਣ ਲਈ ਉੱਚਕੋਟੀ ਦਾ ਬੀਜ ਸਬਸਿਡੀ ਤੇ ਦਿੱਤਾ ਜਾਏ ਅਤੇ ਮੰਡੀਕਰਨ ਨਾਲ ਜੁੜੇ ਮਸਲੇ ਵੀ ਅਗੇਤੇ ਤੇ ਪੱਕੇ ਤੌਰ ਤੇ ਹੱਲ ਕੀਤੇ ਜਾਣ ਤਾਂ ਨਰਮੇ ਹੇਠਲਾ ਰਕਬਾ ਵਧ ਸਕਦਾ ਹੈ।
ਭਾਅ ਤੇ ਗੁਲਾਬੀ ਸੁੰਡੀ ਜਿੰਮੇਵਾਰ
ਮੁੱਖ ਖੇਤੀਬਾੜੀ ਅਫਸਰ ਬਠਿੰਡਾ ਕਰਨਜੀਤ ਸਿੰਘ ਗਿੱਲ ਦਾ ਕਹਿਣਾ ਸੀ ਕਿ ਨਰਮੇ ਹੇਠਲਾ ਰਕਬਾ ਘਟਣ ਦਾ ਕਾਰਨ ਕਿਸਾਨਾਂ ਨੂੰ ਪੂਰਾ ਭਾਅ ਨਾਂ ਮਿਲਣਾ ਹੈ। ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਕਰਕੇ ਵੀ ਕਿਸਾਨਾਂ ਦਾ ਇਸ ਫਸਲ ਤੋਂ ਮੋਹ ਭੰਗ ਹੋਇਆ ਹੈ।