ਮੰਡੀ ਅੰਦਰ ਝੋਨਾ ਚੋਰੀ ਕਰਦੇ ਚੋਰਾਂ ਵਿੱਚੋਂ ਇੱਕ ਨੂੂੰ ਆੜਤੀਏ ਅਤੇ ਲੇਬਰ ਵਾਲਿਆਂ ਮਿਲ ਕੇ ਫੜਿਆ: ਦੂਜਾ ਹੋਇਆ ਫਰਾਰ
ਦੀਪਕ ਜੈਨ
ਜਗਰਾਉਂ, 20 ਨਵੰਬਰ 2024 - ਪਿਛਲੇ ਕਈ ਦਿਨਾਂ ਤੋਂ ਏਸ਼ੀਆ ਦੀ ਦੂਸਰੀ ਸਭ ਤੋਂ ਵੱਡੀ ਅਨਾਜ ਮੰਡੀ ਅੰਦਰ ਕਿਸਾਨਾਂ ਦੀ ਝੋਨੇ ਦੀ ਫਸਲ ਨੂੰ ਰਾਤ ਦੇ ਸੰਘਣੇ ਹਨੇਰੇ ਵਿੱਚ ਚੋਰੀ ਕਰਕੇ ਲੈ ਜਾਣ ਵਾਲੇ ਚੋਰਾਂ ਤੋਂ ਜਿੱਥੇ ਕਿਸਾਨ ਪਰੇਸ਼ਾਨ ਸਨ, ਉੱਥੇ ਆੜਤੀਏ ਅਤੇ ਮਜ਼ਦੂਰ ਵੀ ਇਸ ਗੱਲ ਤੋਂ ਕਾਫੀ ਔਖੇ ਸਨ। ਜਿਸ ਤੇ ਮੰਡੀ ਦੇ ਆੜਤੀਆ, ਮਜ਼ਦੂਰ ਅਤੇ ਕਿਸਾਨਾਂ ਨੇ ਰਲ ਕੇ ਠੀਕਰੀ ਪਹਿਰਾ ਲਗਾਇਆ ਅਤੇ ਚੋਰੀ ਕਰਦੇ ਹੋਏ ਦੋ ਚੋਰਾਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਤਾ। ਜਦ ਕਿ ਹਨੇਰੇ ਦਾ ਫਾਇਦਾ ਉਠਾ ਕੇ ਉਸ ਦਾ ਦੂਸਰਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਮੰਡੀ ਦੇ ਮਜ਼ਦੂਰਾਂ ਵੱਲੋਂ ਪਕੜੇ ਹੋਏ ਚੋਰ ਦੀ ਕੀਤੀ ਜਾ ਰਹੀ ਛਿੱਤਰ ਪਰੇਡ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਜਿਸ ਵਿੱਚ ਚੋਰ ਆਪਣਾ ਨਾਂ ਬੱਕਰੀ ਦੱਸ ਰਿਹਾ ਹੈ ਅਤੇ ਆਪਣੇ ਫਰਾਰ ਹੋ ਗਏ ਸਾਥੀ ਦਾ ਨਾਂ ਜੱਗੂ ਦੱਸ ਰਿਹਾ ਹੈ।
ਚੋਰਾਂ ਨੂੰ ਕਾਬੂ ਕਰਦੇ ਹੋਏ ਮਜ਼ਦੂਰਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਮੰਡੀਆਂ ਅੰਦਰ ਝੋਨਾ ਚੋਰੀ ਕਰਦੇ ਹਨ ਅਤੇ ਇਹਨਾਂ ਵੱਲੋਂ ਮੋਬਾਇਲ ਖੋਹੇ ਜਾਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਿਸ ਤੇ ਮੌਕੇ ਤੇ ਹੀ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਹਨਾਂ ਵਿੱਚੋਂ ਬੱਕਰੀ ਨਾਮ ਦੇ ਵਿਅਕਤੀ ਨੂੰ ਕਾਬੂ ਕਰ ਲਿੱਤਾ ਗਿਆ ਹੈ। ਪ੍ਰੰਤੂ ਉਸ ਦਾ ਦੂਸਰਾ ਸਾਥੀ ਖਬਰ ਲਿਖੇ ਜਾਣੇ ਤੱਕ ਕਾਬੂ ਨਹੀਂ ਸੀ ਆਇਆ ਇਸ ਬਾਰੇ ਜਦੋਂ ਥਾਣਾ ਸਿਟੀ ਜਗਰਾਉ ਦੇ ਮੁਖੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਬਾਰੇ ਉਹਨਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ ਅਤੇ ਜਦੋਂ ਵੀ ਕੋਈ ਸ਼ਿਕਾਇਤ ਇਸ ਬਾਰੇ ਉਹਨਾਂ ਕੋਲ ਆਵੇਗੀ ਤਾਂ ਉਹ ਮੌਕੇ ਤੇ ਤੁਰੰਤ ਕਾਰਵਾਈ ਕਰਨਗੇ।
ਇਸ ਬਾਰੇ ਆੜਤੀਆ ਐਸੋਸੀਏਸ਼ਨ ਜਗਰਾਉਂ ਦੇ ਪ੍ਰਧਾਨ ਘਨਈਆ ਗੁਪਤਾ ਬਾਂਕਾ ਵੱਲੋਂ ਦੱਸਿਆ ਗਿਆ ਕਿ ਮੰਡੀਆਂ ਅੰਦਰ ਲਿਫਟਿੰਗ ਦੀ ਸਮੱਸਿਆ ਕਾਰਨ ਕਿਸਾਨਾਂ ਦਾ ਤਾਂ ਝੋਨਾ ਲਗਭਗ ਤੁਲਾਈ ਹੋ ਚੁੱਕਾ ਹੈ ਅਤੇ ਗੱਟੂਆਂ ਵਿੱਚ ਭਰ ਕੇ ਆੜਤੀਆਂ ਦੇ ਫੜਾਂ ਉੱਪਰ ਹੀ ਮੌਜੂਦ ਪਿਆ ਹੈ। ਉਹਨਾਂ ਕਿਹਾ ਕਿ ਚੋਰਾਂ ਨੇ ਸ਼ਰੇਆਮ ਬਿਆਨ ਦਿੱਤੇ ਹਨ ਕਿ ਉਹ ਝੋਨਾ ਚੋਰੀ ਕਰਕੇ ਮੰਡੀ ਦੇ ਅੰਦਰ ਹੀ ਵੇਚ ਰਹੇ ਹਨ।
ਘਨਈਆ ਗੁਪਤਾ ਬਾਂਕਾ ਨੇ ਸਖਤ ਲਹਿਜੇ ਵਿੱਚ ਕਿਹਾ ਕਿ ਉਹ ਕੱਲ ਨੂੰ ਇਸ ਬਾਰੇ ਐਸਐਸਪੀ ਲੁਧਿਆਣਾ ਦਿਹਾਤੀ ਨਾਲ ਮੁਲਾਕਾਤ ਕਰਨਗੇ ਅਤੇ ਜਿਹੜਾ ਵੀ ਦੋਸ਼ੀ ਦੁਕਾਨਦਾਰ ਇਹਨਾਂ ਚੋਰਾਂ ਤੋਂ ਝੋਨਾ ਖਰੀਦ ਕਰ ਰਿਹਾ ਹੈ। ਉਸ ਦੇ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਉਹਨਾਂ ਆਪਣੇ ਸਾਥੀ ਆੜਤੀਆਂ ਭਰਾਵਾਂ ਨੂੰ ਚੁਕੰਨੇ ਕਰਦਿਆਂ ਹੋਇਆਂ ਕਿਹਾ ਕਿ ਮੰਡੀ ਅੰਦਰ ਸੁਰੱਖਿਆ ਦੇ ਨਾਕਸ ਪ੍ਰਬੰਧਾਂ ਨੂੰ ਦੇਖਦਿਆਂ ਹੋਇਆਂ ਆੜਤੀਆਂ ਵੱਲੋਂ ਖੁਦ ਆਪਣੇ ਫੜਾ ਉੱਪਰ ਪਏ ਝੋਨੇ ਦੀ ਰਖਵਾਲੀ ਕੀਤੀ ਜਾਵੇ।