ਕੈਨੇਡਾ ਦੀ ਫੈਡਰਲ ਪੁਲੀਸ ’ਚ ਅਫ਼ਸਰ ਬਣੀ ਮਾਨਸਾ ਦੀ ਧੀ
ਅਸ਼ੋਕ ਵਰਮਾ
ਮਾਨਸਾ,17ਨਵੰਬਰ2024: ਮਾਨਸਾ ਜ਼ਿਲ੍ਹੇ ਦੇ ਕਸਬਾ ਝੁਨੀਰ ਦੀ ਲੜਕੀ ਕਿਰਨਜੀਤ ਕੌਰ ਨੇ ਕਨੇਡਾ ਦੀ ਫੈਡਰਲ ਪੁਲੀਸ ਅਫ਼ਸਰ ’ਚ ਅਫਸਰ ਬਣ ਗਈ ਹੈ। ਕਿਰਨਜੀਤ ਦੀ ਇਸ ਪ੍ਰਾਪਤੀ ਨਾਲ ਮਾਪਿਆਂ ਤੇ ਮਾਨਸਾ ਜਿਲ੍ਹੇ ਦਾ ਨਾਮ ਰੋਸ਼ਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਰਨਜੀਤ ਕੌਰ ਪੁੱਤਰੀ ਲਾਭ ਸਿੰਘ ਵਾਸੀ ਝੁਨੀਰ 2014 ਵਿੱਚ ਕੈਨੇਡਾ ਦੀ ਨਾਗਰਿਕ ਬਣੀ ਸੀ। ਆਪਣੇ ਕੈਨੇਡਾ ਪ੍ਰਵਾਸ ਦੌਰਾਨ ਕਿਰਨਜੀਤ ਕੌਰ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਸਾਲ 2019 ’ਚ ਕਰਕਸ਼ਨਲ ਆਫ਼ੀਸਰ ਵਜੋਂ ਭਰਤੀ ਹੋਕੇ ਉਸ ਨੇ 5 ਸਾਲ ਸ਼ਾਨਦਾਰ ਸੇਵਾ ਨਿਭਾਈ। ਸਾਲ 2024 ਦੌਰਾਨ ਰੋਇਲ ਕਨੇਡੀਅਨ ਮਾਊਂਂਟ ਪੁਲੀਸ ਵਿੱਚ ਭਰਤੀ ਹੋ ਕੇ ਫੈਡਰਲ ਪੁਲੀਸ ਅਫ਼ਸਰ ਬਣੀ ਹੈ। ਕਿਰਨਜੀਤ ਕੌਰ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੀ ਆਪਣੇ ਮਾਪਿਆਂ ਅਤੇ ਨਾਨਕਿਆਂ ਨੂੰ ਦਿੱਤਾ ਹੈ।
ਆਪਣੀ ਸਿੱਖਿਆ ਦੌਰਾਨ ਸਹਿਯੋਗ ਕਰਨ ਲਈ ਉਨ੍ਹਾਂ ਦੇ ਘਰਾਂ ਚੋਂ ਮਾਮੇ ਦੇ ਬੇਟੇ ਡਾ.ਹਜੂਰ ਸਿੰਘ ਪ੍ਰੋਫੈਸਰ ਅਤੇ ਹੈੱਡ ਡਿਪਾਰਟਮੈਂਟ ਆਫ਼ ਇੰਜੀਨੀਅਰਿੰਗ ਤਲਵੰਡੀ ਸਾਬੋ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਹੈ। ਦੱਸਣਯੋਗ ਹੈ ਕਿ ਕਿਰਨਜੀਤ ਕੌਰ ਨੇ ਦਸਵੀਂ ਦੀ ਸਿੱਖਿਆ ਗਿਆਨ ਜੋਤੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ ਤੋਂ ਹਾਸਲ ਕੀਤੀ ਜਦੋਂਕਿ 12 ਵੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨੀਰ,ਗਰੇਜੂਏਸ਼ਨ ਐੱਸ ਡੀ ਕਾਲਜ ਮਾਨਸਾ ,ਪੀਜੀਡੀਸੀਏ ਬਾਬਾ ਧਿਆਨ ਦਾਸ ਯੂਨੀਵਰਸਿਟੀ ਝੁਨੀਰ ,ਐੱਮ ਸੀ ਏ ਪੰਜਾਬ ਟੈਕਨੀਕਲ ਯੂਨੀਵਰਸਿਟੀ,ਈਟੀਟੀ ਕਰਨਲ ਕਾਲਜ ਆਫ ਐਜੂਕੇਸ਼ਨ,ਬੀ.ਐੱਡ.ਮਿਲਖਾ ਸਿੰਘ ਕਾਲਜ ਬਰੇਟਾ ਤੋਂ ਕੀਤੀ ।
ਸਾਲ 2009 ਤੋਂ 2014 ਤੱਕ ਕਰਨਲ ਡਿਗਰੀ ਕਾਲਜ ਚੂਲੜ ਵਿਖੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਈਆਂ ਅਤੇ 2014 ਵਿੱਚ ਕਿਰਨਜੀਤ ਕੌਰ ਕੈਨੇਡਾ ਚਲੀ ਗਈ ਸੀ। ਕਿਰਨਜੀਤ ਕੌਰ ਦਾ 2020 ਵਿਚ ਵਿਆਹ ਹੋਇਆ ਅਤੇ 2021 ਵਿੱਚ ਉਹ ਪਤੀ ਨੂੰ ਵੀ ਕਨੇਡਾ ਲੈ ਗਈ। ਕੈਨੇਡਾ ’ਚ ਉਨ੍ਹਾਂ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ। ਝੁਨੀਰ ਇਲਾਕੇ ’ਚ ਇਸ ਗੱਲ ਦਾ ਮਾਣ ਹੈ ਕਿ ਸਧਾਰਨ ਕਸਬੇ ਚੋਂ ਉੱਠਕੇ ਇੱਕ ਲੜਕੀ ਨੇ ਜਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ। ਸਿੱਖਿਆ ਵਿਕਾਸ ਮੰਚ ਦੇ ਚੇਅਰਮੈਨ ਡਾ ਸੰਦੀਪ ਘੰਡ ਨੇ ਨੇ ਕਿਰਨਜੀਤ ਕੌਰ ਨੂੰ ਇਸ ਪ੍ਰਾਪਤੀ ਬਦਲੇ ਸਨਮਾਨਿਤ ਕਰਨ ਦੀ ਗੱਲ ਆਖੀ ਹੈ।