SPECIAL STORY: ਸਹੁੰ ਚੁੱਕਣ ਦੇ ਗੋਡੇ ਗੋਡੇ ਚਾਅ ’ਚ ਮਸਤ ਹੋਏ ਨਵੇਂ ਪੰਚ
ਅਸ਼ੋਕ ਵਰਮਾ
ਬਠਿੰਡਾ,18 ਨਵੰਬਰ 2024: ਮਾਲਵਾ ਪੱਟੀ ਦੇ ਨਵੇਂ ਪੰਚਾਂ ਦਾ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਣ ਲਈ ਚਾਅ ਨਹੀਂ ਚੁੱਕਿਆ ਜਾ ਰਿਹਾ ਹੈ। ਕੋਈ ਨਵੀਂ ਪੁਸ਼ਾਕ ਤਿਆਰ ਕਰਵਾ ਰਿਹਾ ਹੈ ਜਦੋਂਕਿ ਕੁੱਝ ਹੋਰਨਾਂ ਤਿਆਰੀਆਂ ’ਚ ਜੁਟੇ ਹੋਏ ਹਨ। ਨਵੇਂ ਸਰਪੰਚ ਸਹੁੰ ਚੁੱਕਣ ਮਗਰੋਂ ਸਰਪੰਚੀ ਦੇ ਚਾਅ ਵਿੱਚ ਮਸਤ ਹੋ ਗਏ ਹਨ ਤਾਂ ਹੁਣ ਨਵੇਂ ਬਣੇ ਪੰਚਾਇਤ ਮੈਂਬਰਾਂ ਨੂੰ ਸਹੁੰ ਚੁਕਾਉਣ ਲਈ 19 ਨਵੰਬਰ ਨੂੰ ਸਮਾਗਮ ਕਰਵਾਏ ਜਾ ਰਹੇ ਹਨ। ਜੋ ਦਲਿਤ ਵਰਗ ਨਾਲ ਸਬੰਧਤ ਪੰਚ ਹਨ,ਉਨ੍ਹਾਂ ਨੂੰ ਤਾਂ ਸ਼ਾਹ ਖਰਚੀ ਦੀ ਨੌਬਤ ਹੈ ਜਦੋਂਕਿ ਜਨਰਲ ਵਰਗ ਦੇ ਕਈ ਪੰਚਾਂ ਨੇ ਆਪਣੇ ਘਰਾਂ ਵਿੱਚ ਆਉਣ ਵਾਲੇ ਲੋਕਾਂ ਦੀ ਆਉਭਗਤ ਲਈ ਸਜ਼ਾਵਟ ਵਗੈਰਾ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਸ ਦਿਨ ਨੂੰ ਯਾਦਗਾਰੀ ਬਨਾਉਣ ’ਚ ਕਸਰ ਬਾਕੀ ਨਾਂ ਰਹੇ।
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਨਵੇਂ ਸਰਪੰਚਾਂ ਨੂੰ ਚਾਰਜ ਦਿੱਤਾ ਜਾਣ ਲੱਗਾ ਹੈ ਅਤੇ ਸਹੁੰ ਚੁੱਕਣ ਤੋਂ ਬਾਅਦ ਨਵੇਂ ਚੁਣੇ ਪੰਚਾਂ ਸਰਪੰਚਾਂ ਦੀ ਪੁੱਛ ਪ੍ਰਤੀਤ ਵਧ ਜਾਣੀ ਹੈ।ਜਿੰਨ੍ਹਾਂ ਜਿਲਿ੍ਹਆਂ ’ਚ ਸਹੁੰ ਚੁਕਾਈ ਜਾਣੀ ਹੈ ਉਨ੍ਹਾਂ ਵਿੱਚ ਤਾਂ ਪੰਚਾਂ ਨੂੰ ਖੁਸ਼ੀਆਂ ਦੇ ਖੰਭ ਲੱਗੇ ਹੋਏ ਹਨ। ਖਾਸ ਤੌਰ ਤੇ ਜੋ ਸਖਤ ਮੁਕਾਬਲਿਆਂ ਦੌਰਾਨ ਜਿੱਤੇ ਹਨ ਉਨ੍ਹਾਂ ਦੀ ਤਾਂ ਤੋਰ ਹੀ ਬਦਲੀ ਹੋਈ ਹੈ। ਉਂਜ ਇੱਕ ਪਹਿਲੂ ਇਹ ਵੀ ਹੈ ਕਿ ਜਿੰਨ੍ਹਾਂ ਨੂੰ ਮਾਮੂਲੀ ਵੋਟਾਂ ਤੇ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਉਨ੍ਹਾਂ ਲਈ ਸਰਕਾਰੀ ਸਮਾਗਮ ਗਮ ਦਾ ਸਬੱਬ ਵੀ ਬਣਿਆ ਹੈ। ਮਾਨਸਾ ਜਿਲ੍ਹੇ ਦੇ ਇੱਕ ਸਰਪੰਚ ਆਪਣੇ ਘਰ ਵਿੱਚ ਪ੍ਰਾਈਵੇਟ ਦਫ਼ਤਰ ਬਣਾਉਣ ਵਾਸਤੇ ਨਵਾਂ ਫਰਨੀਚਰ ਖਰੀਦ ਕੇ ਲਿਆਇਆ ਤਾਂ ਉਸ ਦਾ ਕਟੱੜ ਸਮਰਥਕ ਸਾਥੀ ਪੰਚ ਵੀ ਰੀਸੋ ਰੀਸੀ ਇਸੇ ਰਾਹ ਤੁਰਿਆ ਹੈ।
ਇਸ ਜਿਲ੍ਹੇ ਦੇ ਇੱਕ ਸਰਪੰਚ ਨੇ ਤਾਂ ਆਉਂਦੀ ਗਰਮੀ ਤੋਂ ਪਹਿਲਾਂ ਆਪਣੇ ਦਫਤਰ ਵਿੱਚ ਨਵਾਂ ਏਸੀ ਲੁਆਉਣ ਦਾ ਫੈਸਲਾ ਕੀਤਾ ਹੈ। ਉਸ ਨੇ ਇਕੱਲਾ ਦਫ਼ਤਰ ਹੀ ਨਹੀਂ ਬਣਾਇਆ ਬਲਕਿ ਦਫ਼ਤਰ ਵਿੱਚ ਇੱਕ ਰਜਿਸਟਰ ਵੀ ਰੱਖ ਦਿੱਤਾ ਹੈ ਤਾਂ ਜੋ ਸਾਥੀ ਪੰਚ ਲਿਖਤੀ ਰੂਪ ’ਚ ਸਲਾਹ ਅਤੇ ਪਿੰਡ ਵਾਸੀ ਆਪਣੀ ਸਮੱਸਿਆ ਜਾਂ ਸ਼ਿਕਾਇਤ ਦਰਜ ਕਰ ਸਕਣ। ਬਲਾਕ ਤਲਵੰਡੀ ਸਾਬੋ ਦੇ ਇੱਕ ਮਹਿਲਾ ਪੰਚ ਨੇ ਸਹੁੰ ਚੁੱਕ ਸਮਾਗਮ ’ਚ ਸ਼ਮੂਲੀਅਤ ਲਈ ਪਹਿਲਾਂ ਸਧਾਰਨ ਨਵਾਂ ਸੂਟ ਸਿਉਣਾ ਦਿੱਤਾ ਸੀ ਜਿਸ ਨੇ ਠੰਢ ਵਧਣ ਕਾਰਨ ਹੁਣ ਵੱਖਰਾ ਗਰਮ ਸੂਟ ਸੁਆਇਆ ਹੈ। ਇਸ ਮਹਿਲਾ ਪੰਚ ਨੂੰ ਤਾਂ ਉਸ ਦਾ ਪਤੀ ਨਵਾਂ ਗਰਮ ਸ਼ਾਲ ਵੀ ਦਿਵਾਕੇ ਲਿਆਇਆ ਹੈ ਤਾਂ ਜੋ ਲੋੜ ਪੈਣ ਤੇ ਵਰਤੋਂ ਕੀਤੀ ਜਾ ਸਕੇ।
ਬਲਾਕ ਸੰਗਤ ਦੀ ਇੱਕ ਮਹਿਲਾ ਪੰਚ ਦੇ ਪਤੀ ਨੇ ਦੱਸਿਆ ਕਿ ਉਨ੍ਹਾਂ ਨੇ ਬੇਹੱਦ ਸਖਤ ਮੁਕਾਬਲੇ ਦੌਰਾਨ ਚੋਣ ਜਿੱਤੀ ਹੈ ਜਿਸ ਕਰਕੇ ਘਰ ਵਿੱਚ ਚਾਅ ਹੋਣਾ ਤਾਂ ਕੁਦਰਤੀ ਗੱਲ ਹੈ। ਉਹ ਤਾਂ ਆਪਣੀ ਪਤਨੀ ਦੇ ਨਾਮ ਵਾਲੇ ਵਿਜ਼ਟਿੰਗ ਕਾਰਡ ਵੀ ਛਪਾਉਣ ਬਾਰੇ ਸੋਚ ਰਿਹਾ ਹੈ । ਇੱਕ ਪੰਚ ਨੇ ਆਪਣੇ ਘਰ ਦੇ ਅੱਗੇ ਨਵੀਂ ਨੇਮ ਪਲੇਟ ਵੀ ਲਗਾ ਲਈ ਹੈ। ਗੋਨਿਆਣਾ ਬਲਾਕ ਦੀ ਮਹਿਲਾ ਪੰਚ ਨੇ ਵੀ ਸਹੁੰ ਚੁਕਣ ਵਾਲੇ ਦਿਨ ਲਈ ਨਵਾਂ ਸੂਟ ਸੁਆਇਆ ਹੈ ਜਦੋਂਕਿ ਉਸ ਦੇ ਪਤੀ ਨੇ ਸੂਟ ਨਾਲ ਮੈਚ ਕਰਦੇ ਰੰਗ ਦੀ ਨਵੀਂ ਜੈਕਟ ਬਣਵਾਈ ਹੈ। ਕਈ ਮਹਿਲਾ ਪੰਚ ਏਦਾਂ ਦੀਆਂ ਵੀ ਹਨ ਜਿੰਨ੍ਹਾਂ ਨੇ ਸਹੁੰ ਚੁੱਕ ਸਮਾਗਮ ਲਈ ਨਵੀਂਆਂ ਪੰਜਾਬੀ ਜੁੱਤੀਆਂ ਖਰੀਦੀਆਂ ਹਨ।
ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਹੁਣ ਨਵੇਂ ਬਣੇ ਸਰਪੰਚ ਅਤੇ ਪੰਚ ਪੂਰੀ ਟੌਹਰ ਕੱਢ ਕੇ ਰੱਖਣ ਲੱਗੇ ਹਨ। ਵੇਰਵਿਆਂ ਅਨੁਸਾਰ ਕਈ ਸਰਪੰਚਾਂ ਅਤੇ ਪੰਚਾਂ ਨੇ ਨਵੇਂ ਫੋਨ ਵੀ ਲਏ ਹਨ। ਜੋ ਮਹਿਲਾ ਪੰਚ ਬਣੀਆਂ ਹਨ, ਉਨ੍ਹਾਂ ਦੇ ਪਤੀਆਂ ਨੇ ਉਨ੍ਹਾਂ ਨੂੰ ਨਵੇਂ ਮੋਬਾਈਲ ਫੋਨ ਲੈ ਕੇ ਦਿੱਤੇ ਹਨ। ਇਹ ਵੱਖਰੀ ਗੱਲ ਹੈ ਕਿ ਜਿਆਦਾਤਰ ਮਹਿਲਾ ਸਰਪੰਚਾਂ ਅਤੇ ਪੰਚਾਂ ਦੇ ਪਤੀਆਂ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਕੋਲ ਮੋਬਾਇਲ ਨੰਬਰ ਆਪਣਾ ਦਰਜ ਕਰਵਾਇਆ ਹੈ। ਬਲਾਕ ਭਗਤਾ ਭਾਈ ਅਤੇ ਮੌੜ ਦੇ ਨਵੇਂ ਚੁਣੇ ਪੰਚਾਂ ਨੇ ਮੁਕਤਸਰ ਦੇ ਮਸ਼ਹੂਰ ਟੇਲਰ ਮਾਸਟਰ ਤੋਂ ਚਿੱਟਾ ਕੁੜਤਾ ਪਜਾਮਾ ਬਣਵਾਇਆ ਹੈ ਜਦੋਂਕਿ ਨਵੀਂਆਂ ਜੈਕਟਾਂ ਬਨਵਾਉਣ ਵਾਲੇ ਪੰਚਾਂ ਦੀ ਗਿਣਤੀ ਵੀ ਕਾਫੀ ਵੱਡੀ ਹੈ।
ਦੱਸਣਯੋਗ ਹੈ ਕਿ ਇਹ ਟੇਲਰ ਮਸਟਰ ਐਨਾ ਨਾਮੀ ਹੈ ਕਿ ਬਠਿੰਡਾ, ਮਾਨਸਾ, ਬਰਨਾਲਾ, ਫਰੀਦਕੋਟ, ਫਿਰੋਜ਼ਪੁਰ, ਮੋਗਾ, ਲੁਧਿਆਣਾ ਅਤੇ ਸੰਗਰੂਰ ਆਦਿ ਜਿਲਿ੍ਹਆਂ ਦੇ ਸਿਆਸੀ ਲੀਡਰ ਪੁਸ਼ਾਕਾਂ ਦੀ ਸਿਲਾਈ ਲਈ ਮੁਕਤਸਰ ਪੁੱਜਦੇ ਹਨ ਜਿੰਨ੍ਹਾਂ ਦੇ ਦੇਖਾ ਦੇਖੀ ਐਤਕੀਂ ਦਰਜਨਾਂ ਦੀ ਗਿਣਤੀ ’ਚ ਸਰਪੰਚਾਂ ਅਤੇ ਪੰਚਾਂ ਨੇ ਵੀ ਮੁਕਤਸਰੀ ਕੁੜਤੇ ਪਜਾਮੇ ਸੁਆਏ ਹਨ। ਅਬੋਹਰ ਦੀ ਕੱਪੜੇ ਸਿਉਣ ਵਾਲੀ ਫਰਮ ਵੀਅਰਵੈਲ ਵੀ ਇਸ ਮਾਮਲੇ ’ਚ ਮਸ਼ਹੂਰ ਹੈ। ਦੋ ਦਰਜਨ ਤੋਂ ਵੱਧ ਪੰਚ ਅਜਿਹੇ ਦਿਖਾਈ ਦਿੱਤੇ ਹਨ ਜਿੰਨ੍ਹਾਂ ਨੇ ਸਹੁੰ ਚੁੱਕਣ ਮਗਰੋਂ ਆਪੋ ਆਪਣੇ ਪਿੰਡਾਂ ਵਿੱਚ ਧਾਰਮਿਕ ਸਮਾਗਮ ਵੀ ਕਰਵਾਉਣ ਦੀ ਗੱਲ ਆਖੀ ਹੈ। ਵੱਖ ਵੱਖ ਜਿਲਿ੍ਹਆਂ ਤੋਂ ਹਾਸਲ ਵੇਰਵਿਆਂ ਅਨੁਸਾਰ ਸੁਹੁੰ ਚੁੱਕ ਸਮਾਗਮਾਂ ਲਈ ਨਿਰੋਲ ਪਹਿਲੀ ਵਾਰ ਜਿੱਤਣ ਉਪਰੰਤ ਬਣੇ ਪੰਚਾਂ ਵੱਲੋਂ ਵੀ ਕਈ ਤਰਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਅਫ਼ਸਰਾਂ ਦੀ ਮਿੱਠੇ ਤੋਂ ਤੌਬਾ
ਨਵੇਂ ਜਿੱਤੇ ਸਰਪੰਚਾਂ ਤੇ ਪੰਚਾਂ ਨੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਫਸਰਾਂ ਦੀ ਬੱਸ ਕਰਾ ਦਿੱਤੀ ਹੈ ਜੋ ਜਿੱਤਣ ਮਗਰੋਂ ਹੁਣ ਤੱਕ ਲੱਡੂ ਜਾਂ ਬਰਫੀ ਖੁਆ ਰਹੇ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਉਸ ਨੇ ਐਨਾ ਮਿੱਠਾ ਛਕ ਲਿਆ ਹੈੈ ਕਿ ਡਰ ਲੱਗਦਾ ਹੈ ਕਿ ਕਿਧਰੇ ਸ਼ੂਗਰ ਹੀ ਨਾ ਹੋ ਜਾਵੇ।