ਕੈਨੇਡਾ ’ਚ ਪਹਿਲੀ ਵਾਰ ਲੇਡੀ ਜਨਰਲ ਫੌਜ ਦੀ ਮੁਖੀ ਨਿਯੁਕਤ
ਓਟਵਾ, 4 ਜੁਲਾਈ, 2024: ਕੈਨੇਡਾ ਦੇ ਇਤਿਹਾਸ ਵਿਚ ਪਹਿਲੀ ਵਾਰ ਲੇਡੀ ਜਨਰਲ ਜੈਨੀ ਕੈਰੀਗਨਨ ਨੂੰ ਫੌਜ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਕ ਮਿਲਟਰੀ ਇੰਜੀਨੀਅਰ ਕੈਰੀਗਨਲ 35 ਸਾਲ ਤੋਂ ਫੌਜ ਵਿਚ ਸੇਵਾਵਾਂ ਨਿਭਾ ਰਹੇ ਹਨ ਅਤੇ ਅਫਗਾਨਿਸਤਾਨ, ਬੋਸਨੀਆ-ਹਰਜ਼ੇਗੋਵਿਨਾ, ਇਰਾਕ ਤੇ ਸੀਰੀਆ ਵਿਚ ਅਪਰੇਸ਼ਨ ਦੀ ਅਗਵਾਈ ਕਰਦੇ ਰਹੇ ਹਨ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਉਹਨਾਂ ਨੂੰ ਡਿਫੈਂਸ ਸਟਾਫ ਦਾ ਮੁਖੀ ਨਿਯੁਕਤ ਕੀਤਾ ਹੈ ਜਿਸਦਾ ਚਾਰਜ ਉਹ 18 ਜੁਲਾਈ ਨੂੰ ਸੰਭਾਲਣਗੇ।
ਉਹਨਾਂ ਨੂੰ ਕੈਰੀਅਰ ਦੌਰਾਨ ਬਹੁਤ ਮਿਆਰੀ ਲੀਡਰਸ਼ਿਪ ਦੇਣ, ਸਰਵੋਤਮ ਪ੍ਰਦਰਸ਼ਨ ਕਰਨ ਅਤੇ ਫੌਜ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਨ ਦੀ ਬਦੌਲਤ ਨਵਾਂ ਅਹੁਦਾ ਮਿਲਿਆ ਹੈ।
ਇਸ ਵੇਲੇ ਕੈਨੇਡਾ ਦੇ ਸਹਿਯੋਗੀਆਂ ਨੇ ਉਸ ’ਤੇ ਦਬਾਅ ਬਣਾਇਆ ਹੋਇਆ ਹੈ ਕਿ ਉਹ ਆਪਣੀ ਫੌਜ ਦਾ ਆਧੁਨਿਕੀਕਰਨ ਕਰੇ। ਫੌਜ ਵਿਚ ਭਰਤੀ ਦੇ ਟੀਚੇ ਪੂਰੇ ਨਹੀਂ ਹੋ ਰਹੇ ਤੇ ਪੁਰਾਣੇ ਸਮਾਨ ਦੀ ਥਾਂ ਨਵਾਂ ਸਾਜ਼ੋ ਸਮਾਨ ਫੌਜ ਨੂੰ ਦੇਣ ਦੀ ਮੁਹਿੰਮ ਬਹੁਤ ਸੁਸਤ ਰਫਤਾਰ ਹੈ।