ਗਿੱਦੜਬਾਹਾ: ਚੇਅਰਮੈਨ ਪ੍ਰਿਤਪਾਲ ਸ਼ਰਮਾ ਨੇ ਜਿਮਨੀ ਚੋਣ ਮੌਕੇ ਛੱਡਿਆ ਝਾੜੂ
ਅਸ਼ੋਕ ਵਰਮਾ
ਗਿੱਦੜਬਾਹਾ, 25ਅਕਤੂਬਰ 2024: ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਗਿੱਦੜਬਾਹਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮਾਰਕੀਟ ਕਮੇਟੀ ਗਿੱਦੜਬਾਹਾ ਦੇ ਚੇਅਰਮੈਨ ਪ੍ਰਿਤਪਾਲ ਸ਼ਰਮਾ ਨੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।
ਬਰਨਾਲਾ ਹਲਕੇ ਤੋਂ ਬਾਅਦ ਗਿੱਦੜਬਾਹਾ ਦੂਸਰਾ ਹਲਕਾ ਹੈ ਜਿੱਥੇ 92 ਹਲਕਿਆਂ ’ਚ ਬੰਪਰ ਜਿੱਤ ਹਾਸਲ ਕਰਕੇ ਸਰਕਾਰ ਬਨਾਉਣ ਵਾਲੀ ਆਮ ਆਦਮੀ ਪਾਰਟੀ ਨੂੰ ਆਪਣਿਆਂ ਦੀ ਨਰਾਜ਼ਗੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਐਨ ਜਿਮਨੀ ਚੋਣ ਦੌਰਾਨ ਦਿੱਤੇ ਅਸਤੀਫੇ ਨੂੰ ਆਪ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਜਿਸ ਦਾ ਅਸਰ ਪਾਰਟੀ ਉਮੀਦਵਾਰ ਡਿੰਪੀ ਢਿੱਲੋਂ ਦੀ ਚੋਣ ਮੁਹਿੰਮ ਤੇ ਪੈਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।
ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਤੀਸਰੇ ਸਥਾਨ ਤੇ ਰਹਿਣ ਵਾਲੇ ਪ੍ਰਿਤਪਾਲ ਸ਼ਰਮਾ ਜਿਮਨੀ ਚੋਣ ’ਚ ਟਿਕਟ ਦੇ ਦਾਅਵੇਦਾਰ ਸਨ ਪਰ ਉਨ੍ਹਾਂ ਦੀ ਥਾਂ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਚੋਂ ਲਿਆਕੇ ਟਰਾਂਸਪੋਰਟਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਉਮੀਦਵਾਰ ਬਣਾ ਲਿਆ ਜੋ ਇਸ ਦੁਫੇੜ ਦਾ ਕਾਰਨ ਬਣਿਆ ਹੈ।
ਹਾਲਾਂਕਿ ਪ੍ਰਿਤਪਾਲ ਸ਼ਰਮਾ ਨੇ ਸਿੱਧੇ ਤੌਰ ਤੇ ਫਿਲਹਾਲ ਕੁੱਝ ਨਹੀਂ ਕਿਹਾ ਕਿ ਪਰ ਉਨ੍ਹਾਂ ਦੇ ਅਜਾਦ ਉਮੀਦਵਾਰ ਵਜੋਂ ਚੋਣ ਲੜਨ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਜੋ ਅੱਜ ਨਾਮਜਦਗੀ ਦਾਖਲ ਕਰਨ ਦੇ ਆਖਰੀ ਦਿਨ ਸਪਸ਼ਟ ਹੋ ਜਾਣਗੀਆਂ। ਪ੍ਰਿਤਪਾਲ ਸ਼ਰਮਾ ਪੇਸ਼ੇ ਤੋਂ ਵਕੀਲ ਹਨ ਜਿੰਨ੍ਹਾਂ ਦਾ ਹਲਕੇ ’ਚ ਚੰਗਾ ਰਸੂਖ ਦੱਸਿਆ ਜਾਂਦਾ ਹੈ।