ਸ੍ਰੀ ਬੇਗ਼ਮਪੁਰਾ ਮਿਸ਼ਨ ਵੱਲੋਂ ਦੋ ਸ਼ਖਸੀਅਤਾਂ ਦਾ ਸਨਮਾਨ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 21 ਅਕਤੂਬਰ 2024:-ਸ੍ਰੀ ਬੇਗ਼ਮਪੁਰਾ ਮਿਸ਼ਨ (ਰਜਿ) ਪੰਜਾਬ ਅਤੇ ਅਦਾਰਾ ਗੁਸਈਆਂ ਵੱਲੋਂ, ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਅਤੇ NZCC ਪਟਿਆਲਾ ਦੇ ਸਹਿਯੋਗ ਨਾਲ ਕੁਲਵੰਤ ਸਿੰਘ ਨਾਰੀਕੇ ਦੀ ਰਹਿਨੁਮਾਈ ਹੇਠ, ਕਾਲੀਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ ਵਿਖੇ ਸਨਮਾਨ ਸਮਾਰੋਹ ਅਤੇ ਕਾਵਿ-ਮਹਿਫ਼ਲ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਡਾ ਧਰਮਵੀਰ ਗਾਂਧੀ, ਮੈਂਬਰ ਪਾਰਲੀਮੈਂਟ, ਹਲਕਾ ਪਟਿਆਲਾ ਦਾ “ਬੇਗ਼ਮਪੁਰਾ ਪੁਰਸਕਾਰ-2024” ਅਤੇ ਡਾ ਸਰਬਜੀਤ ਸਿੰਘ ਪ੍ਰਧਾਨ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦਾ “ਗੁਸਈਆਂ ਪੁਰਸਕਾਰ-2024” ਨਾਲ ਸਨਮਾਨ ਕੀਤਾ ਗਿਆ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਕਾਕਾ ਰਣਦੀਪ ਸਿੰਘ ਨਾਭਾ, ਸਾਬਕਾ ਮੰਤਰੀ ਪੰਜਾਬ ਨੇ ਸ਼ਮੂਲੀਅਤ ਕੀਤੀ ਤੇ ਉਹਨਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਸਤਨਾਮ ਸਿੰਘ, ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ ਪਟਿਆਲਾ, ਡਾ ਨਰਿੰਦਰ ਸਿੰਘ (ਸਲਾਹਕਾਰ, ਡਾ ਧਰਮਵੀਰ ਗਾਂਧੀ) ਅਤੇ ਰਵਿੰਦਰ ਸ਼ਰਮਾ, ਸਹਾਇਕ ਡਾਇਰੈਕਟਰ NZCC ਪਟਿਆਲਾ ਵੀ ਸ਼ਾਮਲ ਹੋਏ। ਗਿਆਨਦੀਪ ਮੰਚ ਦੇ ਪ੍ਰਧਾਨ ਡਾ ਜੀ ਐਸ ਅਨੰਦ ਨੇ ਦੋਹਵਾਂ ਸੰਸਥਾਵਾਂ ਦੀ ਕਾਰਜ-ਸ਼ੈਲੀ ਅਤੇ ਸਾਹਿਤ ‘ਤੇ ਸਮਾਜ ਵਿੱਚ ਪਾਏ ਜਾ ਰਹੇ ਨਿੱਗਰ ਯੋਗਦਾਨ ਸੰਬੰਧੀ ਵਿਸਥਾਰਿਤ ਰਿਪੋਰਟ ਪੇਸ਼ ਕੀਤੀ। ਸਨਮਾਨ ਮਿਲਣ ਉਪਰੰਤ ਡਾ ਧਰਮਵੀਰ ਗਾਂਧੀ ਨੇ ਦੋਹਵਾਂ ਸੰਸਥਾਵਾਂ ਦੀ ਭਰਵੀਂ ਸ਼ਲਾਘਾ ਕੀਤੀ।
ਸਮਾਜ ਦੀ ਮੌਜੂਦਾ ਆਰਥਿਕ ਅਤੇ ਜਾਤੀਵਾਦੀ ਨਿਘਾਰ ਵਿੱਚੋਂ ਪੈਦਾ ਹੋਣ ਵਾਲੀਆਂ ਪਰਸਥਿਤਆਂ ਦਾ ਖੰਡਨ ਕਰਦਿਆਂ ਉਹਨਾਂ ਦਾ ਤਰਕ ਸੀ ਕਿ ਕੁਝ ਕੁ ਚਤੁਰ ਲੋਕਾਂ ਵੱਲੋਂ ਸਮਾਜ ਵਿੱਚ ਪਾਈਆਂ ਵੰਡੀਆਂ ਕਾਰਨ ਹੀ ਇੰਜ ਵਾਪਰਦਾ ਹੈ। ਇਸ ਲਈ ਜਾਤ, ਧਰਮ ਅਤੇ ਕਿੱਤੇ ਦੇ ਵਖਰੇਵਿਆਂ ਤੋਂ ਉੱਚਾ ਉਠ ਕੇ ਹੀ ਸੋਹਣਾ, ਸੁਨੱਖਾ, ਵਿਲੱਖਣ ਅਤੇ ਸਿਹਤਮੰਦ ਸਮਾਜ ਸਿਰਜਿਆ ਜਾ ਸਕਦਾ ਹੈ। ਡਾ ਸਰਬਜੀਤ ਸਿੰਘ ਨੇ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਬਣਾਏ ਜਾਣ ਦੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਕੋਲੋਂ ਪੰਜਾਬੀ ਨੂੰ ਖੋਹਣ ਦਾ ਕੁਕਰਮ ਨਾ ਕੀਤਾ ਜਾਵੇ। ਉਹਨਾਂ ਕਿਹਾ ਕਿ ਭਾਸ਼ਾ ਤਾਂ ਹੀ ਬਚ ਸਕਦੀ ਹੈ ਜੇ ਇਸ ਨੂੰ ਭਾਵੁਕ ਨਾ ਸਮਝ ਕੇ ਰਾਜਨੀਤਿਕ ਬਣਾਇਆ ਜਾਵੇ। ਇਸ ਨੂੰ ਰੁਜ਼ਗਾਰ, ਵਪਾਰ ਤੇ ਕਿਰਦਾਰ ਦੀ ਭਾਸ਼ਾ ਬਣਾਇਆ ਜਾਵੇ।
ਕਾਕਾ ਰਣਦੀਪ ਸਿੰਘ ਨਾਭਾ ਨੇ ਬੇਗਮਪੁਰਾ ਮਿਸ਼ਨ ਦੀ ਮਾਨਵਵਾਦੀ ਸੋਚ ਦੀ ਤਾਰੀਫ ਕੀਤੀ। ਸਮਾਗਮ ਵਿੱਚ ਕੁਝ ਚੋਣਵੇਂ ਸ਼ਾਇਰਾਂ ਨੇ ਖੂਬਸੂਰਤ ਰਚਨਾਵਾਂ ਪੇਸ਼ ਕੀਤੀਆਂ। ਸਮਾਗਮ ਵਿੱਚ ਉਪਰੋਕਤ ਤੋਂ ਇਲਾਵਾ ਡਾ ਕੁਲਦੀਪ ਸਿੰਘ ਦੀਪ, ਡਾ ਸੰਤੋਖ ਸਿੰਘ ਸੁੱਖੀ, ਨਰੇਸ਼ ਦੁੱਗਲ, ਗੋਪਾਲ ਸਿੰਗਲਾ, ਰੇਖਾ ਅੱਗਰਵਾਲ, ਰਾਜੇਸ਼ ਮੰਢੌਰਾ, ਮੇਜਰ ਸਿੰਘ ਰਾਜਗੜ੍ਹ, ਜੀ ਐਸ ਚੰਡੋਕ, ਇੰਦਰਪਾਲ ਸਿੰਘ ਸੇਠੀ, ਮਹਿੰਦਰ ਸਿੰਘ ਬਡੂੰਗਰ, ਹਰਵਿੰਦਰ ਸਿੰਘ ਖਨੌੜਾ, ਡਾ ਸੁਰਿੰਦਰ ਸਿੰਘ, ਅਵਤਾਰ ਸਿੰਘ ਨਨਹੇੜਾ, ਗੁਰਪ੍ਰੀਤ ਸਿੰਘ, ਕੁਲਵੰਤ ਸਿੰਗਲਾ, ਵਿਕਾਸ ਗਿੱਲ, ਕੇਵਲ ਪਾਤੜਾਂ, ਅਮਰਜੀਤ ਘੱਗਾ ਅਤੇ ਅਨਿਲ ਮਹਿਤਾ ਦਾ ਵੀ ਸਨਮਾਨ ਕੀਤਾ ਗਿਆ। ਐਨ. ਜੈਡ. ਸੀ. ਸੀ. ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ ਨੇ ਸਮੂਹ ਹਾਜ਼ਰੀਨ ਲਈ ਧੰਨਵਾਦੀ ਸ਼ਬਦ ਕਹੇ। ਮੰਚ ਸੰਚਾਲਨ ਦੇ ਫਰਜ਼ ਬਲਬੀਰ ਜਲਾਲਾਬਾਦੀ ਵੱਲੋਂ ਬਾਖੂਬੀ ਨਿਭਾਏ ਗਏ।