ਠੇਕਾ ਆਧਾਰਤ ਬਿਜਲੀ ਮੁਲਾਜ਼ਮਾਂ ਵੱਲੋਂ ਬਿਜਲੀ ਦਫਤਰ ਸਾਹਮਣੇ ਹੜਤਾਲ
ਮਲਕੀਤ ਸਿੰਘ ਮਲਕਪੁਰ
ਲਾਲੜੂ 4 ਜੁਲਾਈ 2024: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਸੀਪੀਐਲ) ਦੇ ਠੇਕਾ ਆਧਾਰਿਤ ਮੁਲਾਜ਼ਮਾਂ ਵੱਲੋਂ ਅੱਜ ਆਪਣੀਆਂ ਹਕੀਕੀ ਮੰਗਾਂ ਮੰਨਵਾਉਣ ਲਈ ਸਥਾਨਕ ਬਿਜਲੀ ਦਫਤਰ ਵਿਖੇ ਹੜਤਾਲ ਕੀਤੀ ਗਈ । ਇਸ ਮੌਕੇ ਉਨ੍ਹਾਂ ਆਪਣੀਆਂ ਹਕੀਕੀ ਮੰਗਾਂ ਮੰਨਵਾਉਣ ਲਈ ਸਰਕਾਰ ਤੇ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ । ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਸਰਕਲ ਡਵੀਜ਼ਨ ਲਾਲੜੂ ਦੇ ਪ੍ਰਧਾਨ ਗੁਰਮੀਤ ਸਿੰਘ , ਮੀਤ ਪ੍ਰਧਾਨ ਗੁਰਸੇਵਕ ਸਿੰਘ, ਜਰਨਲ ਸਕੱਤਰ ਗੁਰਤੇਗ ਸਿੰਘ ਤੇ ਪ੍ਰਮੋਦ ਕੁਮਾਰ ਆਦਿ ਨੇ ਦੱਸਿਆ ਕਿ ਕਾਮੇ ਰੱਖਣ ਵਾਲੀ ਕੰਪਨੀ ਵੱਲੋਂ ਨਾ ਤਾਂ ਬਿਜਲੀ ਮੁਲਾਜ਼ਮਾਂ ਦਾ ਸਹੀ ਪ੍ਰਾਵੀਡੈਂਟ ਫੰਡ ਕੱਟਿਆ ਜਾ ਰਿਹਾ ਹੈ ਤੇ ਨਾ ਹੀ ਉਨ੍ਹਾਂ ਨੂੰ ਈਐਸਆਈ ਦੀ ਸਹੀ ਸਹੂਲਤ ਮਿਲ ਰਹੀ ਹੈ ।
ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੀਆਂ ਦੁਰਾਡੇ ਬਦਲੀਆਂ ਕਰਨ ਉਤੇ ਰੋਕ ਲਾਈ ਜਾਵੇ ਤੇ ਸਾਰੇ ਠੇਕੇ ਉਤੇ ਰੱਖੇ ਮੁਲਾਜ਼ਮਾਂ ਨੂੰ ਮਹਿਕਮੇ ਵਿੱਚ ਪੱਕਾ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਸਾਰੇ ਮੁਲਾਜ਼ਮਾਂ ਦੀ ਕੇਵਾਈਸੀ ਯਕੀਨੀ ਬਣਾਈ ਜਾਵੇ ਤੇ ਪਹਿਲਾਂ ਬਣੇ ਈਐਸਆਈ ਕਾਰਡਾਂ ਵਿਚਲੀਆਂ ਉਣਤਾਈਆਂ ਦੂਰ ਕੀਤੀਆਂ ਜਾਣ ਤੇ ਇਹ ਕਾਰਡ ਨੇੜਲੀਆਂ ਡਿਸਪੈਂਸਰੀਆਂ ਵਿੱਚ ਮਰਜ਼ ਕੀਤੇ ਜਾਣ।ਉਨ੍ਹਾਂ ਕਿਹਾ ਕਿ ਲੇਬਰ ਵੈਲਫੇਅਰ ਸਕੀਮ ਤਹਿਤ ਮੁਲਾਜ਼ਮਾਂ ਦੇ 5 ਰੁਪਏ ਪ੍ਰਤੀ ਮੁਲਾਜ਼ਮ ਤੇ 20 ਰੁਪਏ ਸਰਕਾਰ ਵੱਲੋਂ ਜਮ੍ਹਾਂ ਹੁੰਦੇ ਹਨ ਜਦਕਿ ਇਹ ਰਕਮ ਮੁਲਾਜ਼ਮ ਤਾਂ ਜਮ੍ਹਾਂ ਕਰਵਾ ਦਿੰਦੇ ਹਨ ਪਰ ਸਰਕਾਰ ਇਸ ਤੋ ਟਾਲਾ ਵੱਟ ਜਾਂਦੀ ਹੈ । ਉਨ੍ਹਾਂ ਕਿਹਾ ਕਿ ਇਹ ਸਕੀਮ ਸਹੀ ਲਾਗੂ ਕੀਤੀ ਜਾਵੇ ਤੇ ਲੇਬਰ ਵੈਲਫੇਅਰ ਦੀਆਂ ਹੋਰ ਸਕੀਮਾਂ ਵੀ ਲਾਗੂ ਕੀਤੀਆਂ ਜਾਣ ।
ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦਾ ਨਵੀਆਂ ਤੇ ਪੁਰਾਣੀਆਂ ਕੰਪਨੀਆਂ ਵੱਲ ਰਹਿੰਦਾ ਬਕਾਇਆ ਤੁਰੰਤ ਵਾਪਸ ਕਰਵਾਇਆ ਜਾਵੇ । ਇਸ ਦੇ ਨਾਲ ਹੀ ਮੁਲਾਜ਼ਮਾਂ ਨੂੰ ਕੌਮੀ ਛੁੱਟੀਆਂ ਦੇ ਉਚਿਤ ਪੈਸੇ ਦਿਵਾਏ ਜਾਣ । ਸੰਪਰਕ ਕਰਨ ਤੇ ਵਿਜ਼ਨ ਪਲੱਸ ਕੰਪਨੀ ਦੇ ਜਿਲ੍ਹਾ ਮੋਹਾਲੀ ਦੇ ਮੈਨੇਜਰ ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਉਕਤ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸਾਰੇ ਮੁਲਾਜਮਾਂ ਦਾ ਈਐਸਆਈ, ਈਪੀਐਫ ਅਤੇ ਲੇਬਰ ਵੈਲਫੇਰ ਸਕੀਮ ਤਹਿਤ ਫੰਡ ਵੀ ਦਿੱਤਾ ਜਾ ਰਿਹਾ ਹੈ, ਜੇਕਰ ਕਿਸੇ ਵੀ ਮੁਲਜਾਮ ਨੂੰ ਫੰਡ ਸਬੰਧੀ ਕੋਈ ਦਿੱਕਤ ਤਾਂ ਉਹ ਕੰਪਨੀ ਦੇ ਟੀਮ ਲੀਡਰ ਨਾਲ ਸੰਪਰਕ ਕਰਕੇ ਆਪਣੇ ਅਧੂਰੇ ਰਹਿੰਦੇ ਦਸਤਾਵੇਜ ਦੇ ਕੇ ਉਕਤ ਸਕੀਮਾਂ ਦਾ ਲਾਭ ਲੈ ਸਕਦਾ ਹੈ।