ਤਪੋਬਣ ਢੱਕੀ ਸਾਹਿਬ ਵਿਖੇ ਕੀਰਤਨ ਦੀਵਾਨਾਂ ਦੀ ਸੰਪੂਰਨਤਾਈ ਅੱਜ
ਰਵਿੰਦਰ ਸਿੰਘ ਢਿੱਲੋਂ
ਪਾਇਲ , 4 ਜੁਲਾਈ 2024 : ਕੁਦਰਤ ਦੇ ਅਮੋਲਕ ਖਜ਼ਾਨੇ , ਪੁਰਾਤਨ ਵਿਰਸੇ ਤੇ ਵਿਰਾਸਤ ਦੀ ਖੂਬਸੂਰਤੀ ਨੂੰ ਸੰਭਾਲੀ ਬੈਠੇ ਨਾਮ ਬਾਣੀ ਦੇ ਰਸੀਏ, ਯੋਗੀਰਾਜ ਸੰਤ ਬਾਬਾ ਦਰਸ਼ਨ ਸਿੰਘ ਜੀ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਾਲਿਆਂ ਵਲੋਂ ਆਰੰਭ ਕੀਤੀ 40 ਰੋਜ਼ਾ ਜਪ ਤਪ ਕੀਰਤਨ ਦੀਵਾਨਾਂ ਦੀ ਲੜੀ ਦੀ ਸੰਪੂਰਨਤਾਈ ਅੱਜ ਰਾਤ 7 ਵਜੇ ਤੋਂ 10 ਵਜੇ ਤੱਕ ਮਹਾਨ ਜਪ ਤਪ ਕੀਰਤਨ ਦੀਵਾਨ ਸਜਾਉਣ ਉਪਰੰਤ ਹੋਵੇਗੀ । ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਗੁਰਦੀਪ ਸਿੰਘ ਤੇ ਭਾਈ ਹਰਵੰਤ ਸਿੰਘ ਨੇ ਦੱਸਿਆ ਕਿ ਜਿੱਥੇ ਅੱਜ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਿਖੇ ਮੱਸਿਆ ਦੇ ਪਾਵਨ ਦਿਹਾੜੇ ਤੇ ਕੀਰਤਨ ਦੀਵਾਨ ਸਜਾਏ ਜਾਣਗੇ ਉੱਥੇ ਮਹਾਂਪੁਰਸ਼ਾਂ ਵਲੋਂ ਮਿਤੀ 27 ਮਈ ਤੋਂ ਰੋਜ਼ਾਨਾ ਰਾਤ ਨੂੰ ਜਪ ਤਪ ਕੀਰਤਨ ਦੀਵਾਨਾ ਦੁਆਰਾ ਸੰਗਤਾਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਪ੍ਰਮਾਤਮਾ ਦੀ ਭਗਤੀ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ । ਜਿੱਥੇ ਇਸ 40 ਰੋਜ਼ਾ ਜਪ ਤਪ ਕੀਰਤਨ ਦੀਵਾਨਾ ਵਿੱਚ ਅੱਤ ਦੀ ਗਰਮੀ,ਝੱਖੜ ਹਨੇਰੀਆਂ ਅਤੇ ਭਾਰੀ ਮੀਂਹ ਦੀ ਨਾ ਪ੍ਰਵਾਹ ਕਰਦਿਆਂ ਬੇਅੰਤ ਸੰਗਤਾਂ ਨਿਰਵਿਘਨਤਾ ਸਾਹਿਤ ਪਰਿਵਾਰਾਂ ਸਮੇਤ ਹਾਜ਼ਰੀ ਭਰ ਕੇ ਆਪਣਾਂ ਜੀਵਨ ਸਫ਼ਲਾ ਕਰ ਰਹੀਆਂ ਹਨ ਉੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸ਼ਰਧਾਵਾਨ ਹਜ਼ਾਰਾਂ ਸੰਗਤਾਂ ਢੱਕੀ ਸਾਹਿਬ ਦੀ ਫੇਸਬੁੱਕ ਅਤੇ ਯੂ ਟਿਊਬ ਚੈਨਲ ਰਾਹੀਂ ਗੁਰਬਾਣੀ ਕੀਰਤਨ ਤੇ ਮਹਾਂਪੁਰਖਾਂ ਦੇ ਅਮੋਲਕ ਪ੍ਰਵਚਨ ਸ੍ਰਵਣ ਕਰਕੇ ਅਨੰਦ ਮਾਣ ਰਹੀਆਂ ਹਨ। ਉਨ੍ਹਾ ਦੱਸਿਆ ਕਿ ਗੁਰੂ ਕੇ ਲੰਗਰ ਵਿੱਚ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਖੀਰ ਪੂੜਿਆਂ ਦਾ ਭੰਡਾਰਾ ਅਤੁੱਟ ਵਰਤੇਗਾ। ਉਨ੍ਹਾ ਅਗਲੇ ਦਿਨ ਦੇ ਸਮਾਗਮ ਸੰਬੰਧੀ ਦੱਸਿਆ ਕਿ ਸੰਤ ਬਾਬਾ ਜਵੰਦ ਸਿੰਘ ਜੀ ਦੀ ਸਲਾਨਾ ਯਾਦ ਵਿੱਚ ਗੁਰਦੁਆਰਾ ਸਿੰਘ ਸਭਾ ਮੇਨ ਬਾਜ਼ਾਰ ਪਿੰਡ ਰਾਜਾਸਾਂਸੀ ਏਅਰਪੋਰਟ ਰੋਡ ਜਿਲਾ ਅੰਮ੍ਰਿਤਸਰ ਵਿਖੇ ਰਾਤ 7 ਤੋਂ 9 ਵਜੇ ਤੱਕ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਗੁਰਦੁਆਰਾ ਤਪੋਬਣ ਢੱਕੀ ਸਾਹਿਬ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਂਹੀ ਨਿਹਾਲ ਕਰਨਗੇ।