ਦੌਧਰ ਗਰਬੀ ਦਾ ਕਿਸਾਨ ਕਰਨੈਲ ਸਿੰਘ ਪਿਛਲੇ 8 ਸਾਲਾਂ ਤੋਂ ਨਹੀਂ ਜਲਾ ਰਿਹੈ ਝੋਨੇ ਦੀ ਪਰਾਲੀ
ਸਰਕਾਰ ਨੇ ਆਧੁਨਿਕ ਸੰਦਾਂ ਨਾਲ ਪਰਾਲੀ ਜਲਾਏ ਬਿਨ੍ਹਾ ਅਗਲੀ ਫ਼ਸਲ ਦੀ ਬਿਜਾਈ ਕੀਤੀ ਬੇਹੱਦ ਆਸਾਨ-ਕਰਨੈਲ ਸਿੰਘ
ਕਿਹਾ !ਪਰਾਲੀ ਵਾਧੂ ਚੀਜ ਨਹੀਂ ਸਗੋਂ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਵਰਦਾਨ
ਮੋਗਾ, 8 ਨਵੰਬਰ 2024- ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੇ ਜਿੱਥੇ ਮਨੁੱਖੀ ਸਿਹਤ ਨੂੰ ਕਈ ਬਿਮਾਰੀਆਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ, ਉੱਥੇ ਹੀ ਇਸਦਾ ਮਾੜਾ ਪ੍ਰਭਾਵ ਵਾਤਾਵਰਨ ਅਤੇ ਖੇਤ ਦੀ ਮਿੱਟੀ ਉੱਪਰ ਵੀ ਪੈਂਦਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਖੇਤੀਬਾੜੀ ਟੈਕਨੋਲਾਜੀ ਮੈਨੇਜਮੈਂਟ ਏਜੰਸੀ (ਆਤਮਾ), ਜ਼ਿਲ੍ਹਾ ਮੋਗਾ ਦੀ ਸਹਾਇਤਾ ਨਾਲ ਪਿੰਡ ਦੌਧਰ ਗਰਬੀ ਦਾ ਕਿਸਾਨ ਕਰਨੈਲ ਸਿੰਘ ਪਿਛਲੇ 8 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਵਾਤਾਵਰਨ ਪੱਖੀ ਖੇਤੀਬਾੜੀ ਕਰ ਰਿਹਾ ਹੈ।
ਕਿਸਾਨ ਕਰਨੈਲ ਸਿੰਘ ਦਾ ਕਹਿਣਾ ਹੈ ਕਿ ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਉਹ ਹੈਪੀ ਸੀਡਰ ਨਾਲ ਕਰਦਾ ਹੈ, ਹੈਪੀ ਸੀਡਰ ਨਾਲ ਘੱਟ ਖਰਚੇ ਨਾਲ ਕਣਕ ਦੀ ਬਿਜਾਈ ਹੋ ਜਾਂਦੀ ਹੈ ਉਥੇ ਨਾਲ ਹੀ ਉਹਨਾਂ ਨੂੰ ਗੁੱਲੀ ਡੰਡੇ ਵਰਗੇ ਨਦੀਨਾਂ ਤੋਂ ਵੀ ਛੁਟਕਾਰਾ ਮਿਲਿਆ ਹੈ। ਉਹਨਾਂ ਦੇ ਖੇਤ ਵਿੱਚ ਪਰਾਲੀ ਨੂੰ ਸਾਲ ਦਰ ਸਾਲ ਖੇਤ ਵਿੱਚ ਮਿਲਾਉਣ ਨਾਲ ਯੂਰੀਆ ਦੀ ਖਪਤ ਵੀ ਘੱਟ ਹੋਈ ਹੈ। ਜਿਥੇ ਉਹ ਪਰਾਲੀ ਨੂੰ ਅੱਗ ਨਾ ਲਗਾ ਕੇ ਹੋ ਰਹੇ ਹਵਾ ਪ੍ਰਦੂਸ਼ਣ ਨੂੰ ਰੋਕਣ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ ਉੱਥੇ ਨਾਲ ਹੀ ਉਹ ਪਾਣੀ ਦੇ ਡਿੱਗ ਰਹੇ ਪੱਧਰ ਤੋਂ ਚਿੰਤਤ ਹੋ ਕੇ ਹਰ ਸਾਲ ਝੋਨੇ ਦੀ ਸਿੱਧੀ ਬਿਜਾਈ ਵੀ ਕਰ ਰਹੇ ਹਨ। ਉਹਨਾਂ ਕਿਹਾ ਕਿ ਪਰਾਲੀ ਕੋਈ ਖੇਤ ਦੀ ਵਾਧੂ ਚੀਜ ਨਹੀਂ ਹੈ, ਸਗੋਂ ਇਹ ਖੇਤ ਲਈ ਖਾਦ ਦਾ ਕੰਮ ਕਰਕੇ ਇਸਦੀ ਉਪਜਾਊ ਸ਼ਕਤੀ ਵਿੱਚ ਵਾਧਾ ਕਰਦੀ ਹੈ। ਸਰਕਾਰ ਦੇ ਨਵੇਂ ਆਏ ਆਧੁਨਿਕ ਖੇਤੀਬਾੜੀ ਉਪਕਰਨਾਂ ਨਾਲ ਪਰਾਲੀ ਨੂੰ ਅੱਗ ਲਗਾਉਣ ਦੀ ਕੋਈ ਵੀ ਜਰੂਰਤ ਨਹੀਂ ਹੈ, ਇਸ ਨਾਲ ਅਗਲੀ ਫਸਲ ਦੀ ਬਿਜਾਈ ਬਹੁਤ ਹੀ ਕਾਰਗਰ ਤਰੀਕੇ ਨਾਲ ਕੀਤੀ ਜਾ ਸਕਦੀ ਹੈ।
ਕਰਨੈਲ ਸਿੰਘ ਆਪਣੇ ਆਸੇ ਪਾਸੇ ਦੇ ਪਿੰਡਾਂ ਦੇ ਕਿਸਾਨਾਂ ਨੂੰ ਵੀ ਜਾਗਰੂਕ ਕਰਕੇ ਵਾਤਾਵਰਨ ਅਤੇ ਪਾਣੀ ਵਰਗੇ ਵੱਡਮੁੱਲੇ ਸਰੋਤਾਂ ਦੀ ਸੰਭਾਲ ਦਾ ਸੁਨੇਹਾ ਦਿੰਦਾ ਹੈ। ਕਿਸਾਨ ਕਰਨੈਲ ਸਿੰਘ ਨੇ ਕਿਹਾ ਕਿ ਸਮੂਹ ਕਿਸਾਨਾਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਵਾਤਾਵਰਨ ਮੁਹੱਈਆ ਕਰਵਾਉਣ ਲਈ ਪਰਾਲੀ ਸਾੜਨੀ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਅਗਲੀ ਫਸਲ ਦੀ ਬਿਜਾਈ ਵਿੱਚ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਂਦੀ ਕਿਉਂਕਿ ਹੁਣ ਤਾਂ ਖੇਤੀਬਾੜੀ ਵਿਭਾਗ ਵੱਲੋਂ ਵਾਤਾਵਰਨ ਪੱਖੀ ਖੇਤੀਬਾੜੀ ਸੰਦ ਹੀ ਕਿਸਾਨਾਂ ਤੱਕ ਪਹੁੰਚਾ ਦਿੱਤੇ ਹਨ, ਇਸ ਤੋਂ ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਗੱਠਾਂ ਬਣਾਉਣ ਵਰਗੇ ਹੋਰ ਪ੍ਰਬੰਧ ਵੀ ਕੀਤੇ ਜਾ ਸਕਦੇ ਹਨ ਜਿਹਨਾਂ ਨਾਲ ਪਰਾਲੀ ਕਮਾਈ ਦਾ ਸਾਧਨ ਬਣ ਰਹੀ ਹੈ।
ਕਰਨੈਲ ਸਿੰਘ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸੂਬੇ ਨੂੰ ਜ਼ੀਰੋ ਸਟਬਲ ਬਰਨਿੰਗ ਸੂਬਾ ਬਣਾਉਣ ਵਿੱਚ ਯੋਗਦਾਨ ਪਾਉਣ।
ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਉਹ ਕਰਨੈਲ ਅਤੇ ਅਜਿਹੇ ਹਰ ਇੱਕ ਕਿਸਾਨ ਦੀ ਸ਼ਲਾਘਾ ਕਰਦੇ ਹਨ ਜਿਹੜੇ ਪਰਾਲੀ ਨੂੰ ਬਿਨਾਂ ਸਾੜੇ ਖੇਤੀ ਕਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਪਰਾਲੀ ਦੇ ਨਿਪਟਾਰੇ ਲਈ ਹਰ ਇੱਕ ਕਿਸਾਨ ਦੀ ਸਹਾਇਤਾ ਕਰ ਰਹੀ ਹੈ ਅਤੇ ਵਾਤਾਵਰਨ ਖੇਤੀਬਾੜੀ ਸੰਦ ਵੀ ਸਬਸਿਡੀ ਉਪਰ ਲੋੜੀਂਦੀ ਗਿਣਤੀ ਵਿੱਚ ਜ਼ਿਲ੍ਹੇ ਅੰਦਰ ਮੌਜੂਦ ਹਨ। ਕਿਸਾਨਾਂ ਲਈ ਇਸ ਸਬੰਧੀ ਸਹਾਇਤਾ ਸੈਂਟਰ ਵੀ ਖੋਲ੍ਹੇ ਗਏ ਹਨ।