ਪੀ.ਏ.ਯੂ. ਦੇ ਅੰਤਰ ਕਾਲਜ ਬਾਸਕਟਬਾਲ ਮੁਕਾਬਲਿਆਂ ਵਿਚ ਖੇਤੀਬਾੜੀ ਕਾਲਜ ਦੀਆਂ ਟੀਮਾਂ ਦੀ ਝੰਡੀ ਰਹੀ
ਲੁਧਿਆਣਾ 8 ਨਵੰਬਰ,2024 - ਪੀ.ਏ.ਯੂ. ਵਿਖੇ ਡਾਇਰੈਕਟੋਰੇਟ ਵਿਦਿਆਰਥੀ ਵੱਲੋਂ ਆਯੋਜਿਤ ਕੀਤੇ ਗਏ ਅੰਤਰ ਕਾਲਜ ਬਾਸਕਟਬਾਲ ਮੁਕਾਬਲਿਆਂ ਵਿਚ ਮੁੰਡਿਆਂ ਅਤੇ ਕੁੜੀਆਂ ਦੇ ਵਰਗ ਵਿਚ ਖੇਤੀਬਾੜੀ ਕਾਲਜ ਨੇ ਸਿਖਰਲੇ ਸਥਾਨ ਹਾਸਲ ਕੀਤੇ| ਮੁਕਾਬਲਿਆਂ ਦੇ ਸਮਾਪਤੀ ਸਮਾਰੋਹ ਵਿਚ ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ ਮੱੁਖ ਮਹਿਮਾਨ ਵਜੋਂ ਸ਼ਾਮਿਲ ਹੋਏ| ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸੱਦਾ ਦਿੱਤਾ ਗਿਆ ਸੀ|
ਡਾ. ਰਿਸ਼ੀਇੰਦਰਾ ਸਿੰਘ ਗਿੱਲ ਨੇ ਇਸ ਮੌਕੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ| ਉਹਨਾਂ ਕਿਹਾ ਕਿ ਖੇਡਾਂ ਮਨੁੱਖ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ ਅਤੇ ਪੀ.ਏ.ਯੂ. ਨੇ ਖੇਤੀ ਵਿਗਿਆਨ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਸਿਰਕੱਢ ਨਾਂ ਪੈਦਾ ਕੀਤੇ ਹਨ| ਉਹਨਾਂ ਮੌਜੂਦਾ ਖਿਡਾਰੀਆਂ ਨੂੰ ਰਵਾਇਤ ਤੋਂ ਪ੍ਰੇਰਨਾ ਲੈ ਕੇ ਅਨੁਸ਼ਾਸਨ ਨਾਲ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ| ਡਾ. ਗਿੱਲ ਨੇ ਕਿਹਾ ਕਿ ਮੌਜੂਦਾ ਯੁੱਗ ਸਰਵਪੱਖੀ ਸ਼ਖਸੀਅਤਾਂ ਦੀ ਮੰਗ ਕਰਦਾ ਹੈ| ਇਸਲਈ ਪੜਾਈ ਦ ਨਾਲ-ਨਾਲ ਖੇਡਾਂ ਨੂੰ ਅਪਣਾ ਕੇ ਸ਼ਖਸੀਅਤ ਵਿਚ ਕਈ ਨਵੇਂ ਪਸਾਰ ਜੋੜੇ ਜਾ ਸਕਦੇ ਹਨ|
ਇਸ ਮੌਕੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਇਕੱਤਰਤਾ ਵਿਚ ਸ਼ਾਮਿਲ ਹਾਜ਼ਰੀਨ ਦਾ ਸਵਾਗਤ ਕੀਤਾ| ਉਹਨਾਂ ਕਿਹਾ ਕਿ ਮਰਦਾਂ ਅਤੇ ਔਰਤਾਂ ਦੇ ਵਰਗ ਵਿਚ ਸਖਤ ਮੁਕਾਬਲੇ ਦੇਖਣ ਨੂੰ ਮਿਲੇ ਹਨ| ਨਾਲ ਹੀ ਡਾ. ਜੌੜਾ ਨੇ ਡਾਇਰੈਕਟੋਰੇਟ ਵੱਲੋਂ ਵਿਦਿਆਰਥੀਆਂ ਦੀ ਭਲਾਈ ਅਤੇ ਬਿਹਤਰੀ ਲਈ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਚਨਬੱਧਤਾ ਦੁਹਰਾਈ|
ਇਸ ਮੌਕੇ ਡਾ. ਕੰਵਲਜੀਤ ਕੌਰ, ਡਾ. ਸੁਖਬੀਰ ਸਿੰਘ ਅਤੇ ਡਾ. ਪਰਮਵੀਰ ਸਿੰਘ ਗਰੇਵਾਲ ਦੀ ਮੌਜੂਦਗੀ ਵਿਚ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਗਏ|
ਮਰਦਾਂ ਦੇ ਵਰਗ ਵਿਚ ਖੇਤੀਬਾੜੀ ਕਾਲਜ ਦੀ ਟੀਮ ਜੇਤੂ ਰਹੀ| ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਦੂਸਰੇ ਅਤੇ ਬਾਗਬਾਨੀ ਕਾਲਜ ਤੀਸਰੇ ਸਥਾਨ ਤੇ ਰਹੇ|
ਔਰਤਾਂ ਦੇ ਵਰਗ ਵਿਚ ਖੇਤੀਬਾੜੀ ਕਾਲਜ ਦੀ ਟੀਮ ਅੱਵਲ ਅਤੇ ਕਮਿਊਨਟੀ ਸਾਇੰਸ ਕਾਲਜ ਦੀ ਟੀਮ ਦੂਸਰੇ ਸਥਾਨ ਤੇ ਰਹੀ|