ਨਗਰ ਕੌਂਸਲ ਦੀ ਹਾਊਸ ਦੀ ਮੀਟਿੰਗ ਸ਼ੁਰੂ ਹੋਣ ਤੋਂ ਕੁਝ ਚਿਰ ਪਹਿਲਾਂ ਕੀਤੀ ਮੁਲਤਵੀ
ਦੀਪਕ ਜੈਨ
ਜਗਰਾਓ, 8 ਨਵੰਬਰ 2024 - ਨਗਰ ਕੌਂਸਲ ਜਗਰਾਓ ਜਿਹੜੀ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਘਿਰੀ ਹੋਈ ਹੈ ਅਤੇ ਅੱਜ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਅਤੇ ਹੋਰ ਸਾਰੇ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਅਣਮਿੱਥੇ ਸਮੇਂ ਦੀ ਕੰਮ ਛੋੜ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਉਸ ਨਗਰ ਕੌਂਸਲ ਵਿੱਚ ਇੱਕ ਹੋਰ ਹਾਸੋਹੀਣੀ ਵਾਲੇ ਹਾਲਾਤ ਬਣ ਗਏ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਰਾਣਾ ਵੱਲੋਂ ਸਮੂਹ ਮੈਂਬਰਾਂ ਅਤੇ ਵਿਧਾਇਕ ਨੂੰ ਹਾਊਸ ਦੀ ਮੀਟਿੰਗ ਦਾ ਏਜੰਡਾ ਪਾ ਕੇ ਦਿੱਤੇ ਗਏ ਸੱਦਾ ਪੱਤਰਾਂ ਉੱਪਰ ਬੁਲਾਇਆ ਗਿਆ ਅਤੇ ਬਹੁ ਗਿਣਤੀ ਮੈਂਬਰ ਆਪਣੇ ਰੋਜ਼ਾਨਾ ਦੇ ਰੁਝੇਵੇ ਛੱਡ ਕੇ ਜਿਨਾਂ ਵਿੱਚੋਂ ਕਈ ਤਾਂ ਵਿਉਪਾਰੀ ਅਤੇ ਸਨਤਕਾਰ ਵੀ ਹਨ।
ਆਪਣੇ ਆਪਣੇ ਕਾਰੋਬਾਰ ਦੀ ਪਰਵਾਹ ਨਾ ਕਰਦਿਆਂ ਹੋਇਆਂ ਨਗਰ ਕੌਂਸਲ ਹਾਊਸ ਦੀ ਮੀਟਿੰਗ ਲਈ ਪਹੁੰਚ ਗਏ। ਪਰ ਮੀਟਿੰਗ ਸ਼ੁਰੂ ਹੋਣ ਤੋਂ ਕੁਝ ਚਿਰ ਪਹਿਲਾਂ ਹੀ ਪ੍ਰਧਾਨ ਵੱਲੋਂ ਮੀਟਿੰਗ ਨੂੰ ਮੁਲਤਵੀ ਕੀਤੇ ਜਾਣ ਦੇ ਹੁਕਮ ਜਾਰੀ ਕਰ ਦਿੱਤੇ। ਪ੍ਰਧਾਨ ਨੇ ਮੀਟਿੰਗ ਰੱਦ ਕਰਨ ਵਾਲੇ ਪੱਤਰ ਵਿੱਚ ਕਾਰਨ ਲਿਖਦਿਆਂ ਹੋਇਆ ਕਿਹਾ ਹੈ ਕਿ ਕਿਉਂ ਜੋ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਦੀ ਡਿਊਟੀ ਪਿੰਡ ਧਨਾਸੂ ਵਿਖੇ ਹੋ ਰਹੇ ਪੰਜਾਬ ਪੱਧਰ ਦੇ ਸਰਪੰਚਾਂ ਦੇ ਸੌਂਹ ਚੱਕ ਸਮਾਗਮ ਵਿੱਚ ਲੱਗੇ ਹੋਣ ਕਾਰਨ ਉਹ ਇਸ ਮੀਟਿੰਗ ਵਿੱਚ ਹਾਜ਼ਰ ਨਹੀਂ ਹੋ ਸਕਣਗੇ। ਜਦੋਂ ਵਿਰੋਧੀ ਮੈਂਬਰਾਂ ਵੱਲੋਂ ਪ੍ਰਧਾਨ ਨੂੰ ਪੁੱਛਿਆ ਗਿਆ ਕਿ ਸਰਪੰਚਾਂ ਦੇ ਸੋਂਹ ਚੱਕ ਸਮਾਗਮ ਦਾ ਪ੍ਰੋਗਰਾਮ ਤਾਂ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਕਈ ਦਿਨ ਤੋਂ ਉਲੀਕਿਆ ਹੋਇਆ ਹੈ ਅਤੇ ਇਸ ਦੇ ਬਾਰੇ ਅਖਬਾਰਾਂ ਵਿੱਚ ਵੀ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਇਸ਼ਤਿਆਰ ਦਿੱਤੇ ਗਏ ਹਨ। ਫਿਰ ਪ੍ਰਧਾਨ ਵੱਲੋਂ ਅੱਜ ਦਾ ਦਿਨ ਹੀ ਕਿਉਂ ਮੀਟਿੰਗ ਵਾਸਤੇ ਚੁਣਿਆ ਗਿਆ। ਪ੍ਰਧਾਨ ਵੱਲੋਂ ਇਹ ਆਖ ਦਿੱਤਾ ਗਿਆ ਕਿ ਅਗਲੀ ਮੀਟਿੰਗ ਹੁਣ 11 ਨਵੰਬਰ ਦੀ ਰੱਖ ਦਿੱਤੀ ਗਈ ਹੈ।
ਕੀ ਕਹਿੰਦੇ ਹਨ ਕਾਰਜ ਸਾਧਕ ਅਫਸਰ ਅੱਜ ਦੀ ਹਾਊਸ ਦੀ ਮੀਟਿੰਗ ਮੁਲਤਵੀ ਹੋਣ ਬਾਰੇ ਜਦੋਂ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਡਿਊਟੀ ਸਰਪੰਚਾਂ ਦੇ ਸੌ ਚੱਕ ਸਮਾਗਮ ਵਿੱਚ ਲੱਗੀ ਹੋਣ ਕਾਰਨ ਉਹ ਅੱਜ ਦੀ ਮੀਟਿੰਗ ਵਿੱਚ ਸ਼ਾਮਿਲ ਨਹੀਂ ਸਨ ਹੋ ਸਕਦੇ ਅਤੇ ਇਸ ਬਾਰੇ ਉਹਨਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਰਾਣਾ ਨੂੰ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਸੀ। ਇੱਥੇ ਇਹ ਗੱਲ ਖਾਸ ਧਿਆਨ ਦੇਣ ਯੋਗ ਹੈ ਕਿ ਜੇਕਰ ਕਾਰਜ ਸਾਧਕ ਅਫਸਰ ਵੱਲੋਂ ਪ੍ਰਧਾਨ ਜਤਿੰਦਰ ਪਾਲ ਸਿੰਘ ਰਾਣਾ ਨੂੰ ਆਪਣੇ ਮੀਟਿੰਗ ਵਿੱਚ ਨਾ ਪਹੁੰਚਣ ਬਾਰੇ ਜਾਣੂ ਕਰਵਾ ਦਿੱਤਾ ਤਾਂ ਫਿਰ ਪ੍ਰਧਾਨ ਵੱਲੋਂ ਇੱਕ ਦਿਨ ਪਹਿਲਾਂ ਹੀ ਕਿਉਂ ਨਹੀਂ ਮੀਟਿੰਗ ਰੱਦ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਅਤੇ ਬਿਲਕੁਲ ਹੀ ਮੀਟਿੰਗ ਵਾਲੇ ਸਮੇਂ ਤੋਂ ਕੁਝ ਦੇਰ ਪਹਿਲਾਂ ਹੀ, ਜਦੋਂ ਕਿ ਬਹੁ ਗਿਣਤੀ ਕੌਂਸਲਰ ਦਫਤਰ ਪਹੁੰਚ ਗਏ ਸਨ ਤਾਂ ਮੀਟਿੰਗ ਨੂੰ ਰੱਦ ਕੀਤਾ ਗਿਆ।