ਨਿਤਿਨ ਗਡਕਰੀ ਨੇ ਲਾਲੜੂ ਆਈਟੀਆਈ ਚੌਕ 'ਤੇ ਪੁਲ਼ ਬਣਾਉਣ ਤੋਂ ਕੀਤੀ ਕੋਰੀ ਨਾਂਹ: ਡਾਕਟਰ ਗਾਂਧੀ ਮੁੜ ਮੰਤਰੀ ਨੂੰ ਮਿਲਣਗੇ
- ਲਾਲੜੂ ਖੇਤਰ ਦੇ ਵਸਨੀਕ ਨਿਰਾਸ਼,
ਮਲਕੀਤ ਸਿੰਘ ਮਲਕਪੁਰ
ਲਾਲੜੂ 20 ਨਵੰਬਰ 2024: ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੱਲੋਂ ਖੂਨੀ ਚੌਕ ਵਜੋਂ ਮਸ਼ਹੂਰ ਲਾਲੜੂ ਦੇ ਆਈਟੀਆਈ ਚੌਕ 'ਤੇ ਪੁੱਲ ਬਣਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਗਈ ਹੈ । ਇਸ ਨਾਲ ਲਾਲੜੂ ਤੇ ਆਸ -ਪਾਸ ਦੇ ਵਸਨੀਕਾਂ ਨੂੰ ਵੱਡਾ ਝਟਕਾ ਲੱਗਿਆ ਹੈ ਤੇ ਉਨ੍ਹਾਂ ਦੇ ਮਨ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ । ਇਸ ਸਬੰਧੀ ਲੋਕ ਸਭਾ ਹਲਕਾ ਪਟਿਆਲਾ ਤੋਂ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਵੱਲੋਂ 08 ਅਗਸਤ 2024 ਨੂੰ ਲਿਖੇ ਪੱਤਰ ਦੇ ਜਵਾਬ ਵਿੱਚ ਸ਼੍ਰੀ ਗਡਕਰੀ ਨੇ ਤਿੰਨ ਨੁਕਤਿਆਂ ਨੂੰ ਆਧਾਰ ਬਣਾਇਆ ਹੈ ।
30 ਅਕਤੂਬਰ ਨੂੰ ਦਿੱਤੇ ਜਵਾਬ ਵਿੱਚ ਸ੍ਰੀ ਗਡਕਰੀ ਨੇ ਆਪਣੇ ਪਹਿਲੇ ਨੁਕਤੇ ਵਿੱਚ ਲਿਖਿਆ ਹੈ ਕਿ ਇੱਕ ਤਾਂ ਪੁੱਲ ਬਣਾਉਣ ਵਾਲੀ ਸੜਕ ਨੇੜੇ ਥਾਂ ਸੀਮਤ ਹੈ ,ਜਿਸ ਨੂੰ ਅੱਜ ਦੇ ਸਮੇਂ ਵਿੱਚ ਐਕਵਾਇਰ ਕਰਨਾ ਮੁਸ਼ਕਲ ਹੈ। ਦੂਜੇ ਨੁਕਤੇ ਵਿੱਚ ਉਨ੍ਹਾਂ ਕਿਹਾ ਕਿ ਅੰਬਾਲਾ -ਸੰਭੂ ਬਾਰਡਰ ਬੰਦ ਹੋਣ ਇਸ ਸੜਕ ਉਤੇ ਟ੍ਰੈਫਿਕ ਵਧੀ ਹੈ ,ਜੋ ਕਿ ਸਥਾਈ ਟ੍ਰੈਫਿਕ ਨਹੀਂ ਹੈ ਤੇ ਤੀਜੇ ਨੁਕਤੇ ਤਹਿਤ ਉਨ੍ਹਾਂ ਇਹ ਕਹਿੰਦਿਆਂ ਪੁੱਲ ਬਣਾਉਣ ਤੋਂ ਇਨਕਾਰ ਕੀਤਾ ਹੈ ਕਿ ਇਸ ਖੇਤਰ ਵਿੱਚ ਇੱਕ ਹੋਰ ਅੰਬਾਲਾ-ਚੰਡੀਗੜ੍ਹ ਗ੍ਰੀਨਫੀਲਡ ਹਾਈਵੇਅ ਬਣ ਰਿਹਾ ਹੈ ਤੇ ਜਿਉਂ ਹੀ ਇਹ ਪ੍ਰੋਜੈਕਟ ਮੁਕੰਮਲ ਹੋ ਜਾਵੇਗਾ, ਤਿਉਂ ਹੀ ਇਸ ਮੌਜੂਦਾ ਸੜਕ ਉਤੇ ਟ੍ਰੈਫਿਕ ਦਾ ਭਾਰ ਘੱਟ ਜਾਵੇਗਾ । ਭਾਵੇਂ ਇਨ੍ਹਾਂ ਨੁਕਤਿਆਂ ਨਾਲ ਫਿਲਹਾਲ ਇਸ ਚੌਕ ਉਤੇ ਪੁੱਲ ਬਨਣ ਉਤੇ ਬਰੈਕ ਲੱਗ ਗਈ ਹੈ ਪਰ ਨਾਲ ਹੀ ਲੋਕਾਂ ਵਿੱਚ ਰੋਸ ਵੀ ਫੈਲ ਗਿਆ ਹੈ। ਆਮ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਸੜਕ ਬਨਣ ਸਮੇਂ ਹੀ ਇਹ ਪੁੱਲ ਬਨਣਾ ਚਾਹੀਦਾ ਸੀ ਪਰ ਜੇ ਨਹੀਂ ਬਣ ਸਕਿਆ ਤਾਂ ਹੁਣ ਤਾਂ ਇਸ ਦਾ ਠੋਸ ਹੱਲ ਹੋਣਾ ਹੀ ਚਾਹੀਦਾ ਹੈ ।
ਇਹ ਚੌਕ ਜਿੱਥੇ ਬਹੁਤ ਸਾਰੇ ਪਿੰਡਾਂ ਨੂੰ ਲਾਲੜੂ ਨਾਲ ਜੋੜਦਾ ਹੈ ,ਉੱਥੇ ਇੱਥੋਂ ਹੀ ਲੋਕ ਚੰਡੀਗੜ੍ਹ ਤੇ ਅੰਬਾਲਾ ਲਈ ਰਾਹ ਲੈਂਦੇ ਹਨ । ਇਸ ਚੌਕ ਨੇੜੇ ਸਰਕਾਰੀ ਹਸਪਤਾਲ ,ਆਈਟੀਆਈ ,ਅਨਾਜ ਮੰਡੀ ਤੇ ਆਮ ਬਾਜ਼ਾਰ ਸਮੇਤ ਬਹੁਤ ਸਾਰੀਆਂ ਹੋਰ ਜਨਤਕ ਤੇ ਨਿੱਜੀ ਸੰਸਥਾਵਾਂ ਵੀ ਹਨ। ਦੂਜੇ ਪਾਸੇ ਜਦੋਂ ਇਸ ਸਬੰਧੀ ਡਾਕਟਰ ਧਰਮਵੀਰ ਗਾਂਧੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਪੁੱਲ ਲਈ ਇੱਕ ਵਾਰ ਮੰਤਰੀ ਨੂੰ ਮਿਲ ਕੇ ਪੁੱਲ ਬਣਾਉਣ ਲਈ ਪੱਤਰ ਦੇ ਚੁੱਕੇ ਹਨ ਤੇ ਮੰਤਰਾਲੇ ਨੇ ਕੁੱਝ ਸ਼ੰਕੇ ਪ੍ਰਗਟਾਏ ਹਨ ਪਰ ਉਹ ਇਨ੍ਹਾਂ ਸ਼ੰਕਿਆਂ ਦੇ ਬਾਵਜੂਦ ਇੱਕ ਵਾਰ ਫਿਰ ਮੰਤਰੀ ਨੂੰ ਨਿੱਜੀ ਤੌਰ ਉਤੇ ਮਿਲ ਕੇ ਦੱਸਣਗੇ ਕਿ ਤਕਨੀਕੀ ਸਮੱਸਿਆਵਾਂ ਦੇ ਬਾਵਜੂਦ ਇਸ ਮਸਲੇ ਦਾ ਹੱਲ ਕਰਨਾ ਬੇਹੱਦ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਉਹ ਅੰਤ ਤੱਕ ਇਸ ਮਸਲੇ ਨੂੰ ਉਠਾਉਂਦੇ ਰਹਿਣਗੇ ।
ਇਸੇ ਤਰ੍ਹਾਂ ਡਾਕਟਰ ਗਾਂਧੀ ਕੋਲ ਇਹ ਮਸਲਾ ਉਠਾਉਣ ਵਾਲੇ ਹਲਕਾ ਡੇਰਾਬੱਸੀ ਤੋਂ ਕਾਂਗਰਸ ਦੇ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਲਾਲੜੂ ਆਈਟੀਆਈ ਚੌਕ ਉਤੇ ਪੁੱਲ ਬਣਾਉਣਾ ਜ਼ਰੂਰੀ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਤਕਨੀਕੀ ਖਾਮੀਆਂ ਕੱਢਣ ਤੋਂ ਪਹਿਲਾਂ ਕੇਂਦਰੀ ਮੰਤਰਾਲੇ ਦੇ ਅਧਿਕਾਰੀਆਂ ਨੂੰ ਘਟਨਾ ਸਥਾਨ ਦਾ ਦੌਰਾ ਕਰਨਾ ਚਾਹੀਦਾ ਸੀ ,ਕਿਉਂਕਿ ਇਹ ਚੌਕ ਸੈਕੜੇ ਲੋਕਾਂ ਦੀ ਜਾਨ ਲੈ ਚੁੱਕਾ ਹੈ ਤੇ ਇੱਥੇ ਹਜ਼ਾਰਾਂ ਲੋਕ ਫੱਟੜ ਹੋ ਚੁੱਕੇ ਹਨ ਤੇ ਵੱਡੀ ਗਿਣਤੀ ਵਾਹਨ ਵੀ ਨੁਕਸਾਨੇ ਜਾ ਚੁੱਕੇ ਹਨ । ਉਨ੍ਹਾਂ ਇਹ ਵੀ ਕਿਹਾ ਕਿ ਉਹ ਜਲਦ ਹੀ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐਨ ਐਚ ਏ ਆਈ) ਦੇ ਉੱਚ ਅਧਿਕਾਰੀਆਂ ਨੂੰ ਮੌਕੇ ਦਾ ਦੌਰਾ ਕਰਨ ਲਈ ਅਪੀਲ ਕਰਣਗੇ ।