ਨੌਜਵਾਨ ਦੇ ਸਿਰ 'ਚ ਗੰਡਾਸੀ ਮਾਰ ਕੇ ਕਤਲ ਕਰਨ ਵਾਲਾ ਕਾਬੂ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ, 8 ਨਵੰਬਰ 2024 ਹਲਕਾ ਭੁੱਲਥ ਦੇ ਪਿੰਡ ਨੰਗਲ ਲੁਬਾਣਾ ਵਿਖੇ ਉਧਾਰ ਦਿੱਤੇ ਪੈਸਿਆਂ ਨੂੰ ਵਾਪਸ ਮੰਗਣ ਨੂੰ ਲੈ ਕੇ ਹੋਏ ਝਗੜੇ ਵਿਚ ਪੈਸੇ ਉਧਾਰ ਦੇਣ ਵਾਲੇ ਨੌਜਵਾਨ ਦੇ ਸਿਰ ਵਿਚ ਗੰਡਾਸੀ ਮਾਰ ਕੇ ਉਸਦਾ ਕਤਲ ਕਰਨ ਵਾਲੇ ਵਿਅਕਤੀ ਨੂੰ ਬੇਗੋਵਾਲ ਪੁਲਸ ਨੇ ਕਾਬੂ ਕਰ ਲਿਆ ਹੈ।
ਇਹ ਜਾਣਕਾਰੀ ਡੀ.ਐੱਸ.ਪੀ.ਭੁਲੱਥ ਕਰਨੈਲ ਸਿੰਘ ਨੇ ਆਪਣੇ ਦਫਤਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦਸਿਆ ਕਿ ਪਹਿਲੀ ਨਵੰਬਰ ਨੂੰ ਮਨਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਨੰਗਲ ਲੁਬਾਣਾ ਦੇਰ ਸ਼ਾਮ ਆਪਣੇ ਚਾਚੇ ਕੁਲਵੰਤ ਸਿੰਘ ਨੂੰ ਨਾਲ ਲੈ ਕੇ ਆਪਣੇ ਉਧਾਰ ਦਿੱਤੇ ਪੈਸਿਆ ਦੀ ਗੱਲ ਕਰਨ ਲਈ ਪਿੰਡ ਵਿਚ ਹੀ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਦੇ ਘਰ ਜਾ ਰਹੇ ਸੀ ਤਾਂ ਗੁਰਪ੍ਰੀਤ ਸਿੰਘ ਅਤੇ ਉਸਦੀ ਪਤਨੀ ਰਮਨਪ੍ਰੀਤ ਕੌਰ ਇਨ੍ਹਾਂ ਨੂੰ ਆਪਣੇ ਘਰ ਤੋਂ ਥੋੜਾ ਪਿੱਛੇ ਹੀ ਗਲੀ ਵਿਚ ਮਿਲ ਪਏ। ਜਿਥੇ ਮਨਪ੍ਰੀਤ ਸਿੰਘ ਨੇ ਗੁਰਪ੍ਰੀਤ ਸਿੰਘ ਨੂੰ ਉਧਾਰ ਦਿੱਤੇ ਪੈਸਿਆ ਬਾਰੇ ਪੁੱਛਿਆ। ਜਿਥੇ ਦੋਵਾਂ ਦੀ ਆਪਸ ਵਿਚ ਤੂੰ-ਤੂੰ, ਮੈਂ - ਮੈਂ ਹੋ ਪਈ। ਇਥੇ ਹੋਏ ਝਗੜੇ ਵਿਚ ਗੁਰਪ੍ਰੀਤ ਸਿੰਘ ਨੇ ਗੰਡਾਸੀ ਦਾ ਵਾਰ ਮਨਪ੍ਰੀਤ ਸਿੰਘ ਦੇ ਸਿਰ ਵਿਚ ਕੀਤਾ। ਜਿਸ 'ਤੇ ਮਨਪ੍ਰੀਤ ਸਿੰਘ ਬੇਹੋਸ਼ ਹੋ ਕੇ ਜਮੀਨ 'ਤੇ ਡਿੱਗ ਪਿਆ। ਜਿਸ ਨੂੰ ਉਸ ਦੇ ਚਾਚੇ ਕੁਲਵੰਤ ਸਿੰਘ ਆਦਿ ਨੇ ਸਵਾਰੀ ਦਾ ਪ੍ਰਬੰਧ ਕਰਕੇ ਇਲਾਜ ਲਈ ਸਿਵਲ ਹਸਪਤਾਲ ਭੁਲੱਥ ਲਿਆਂਦਾ। ਜਿੱਥੇ ਡਾਕਟਰ ਨੇ ਮੁਢਲੀ ਸਹਾਇਤਾ ਦੇ ਕੇ ਮਨਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ ਕਪੂਰਥਲਾ ਰੈਫਰ ਕਰ ਦਿੱਤਾ। ਸਿਵਲ ਹਸਪਤਾਲ ਕਪੂਰਥਲਾ ਪੁੱਜਣ 'ਤੇ ਉੱਥੇ ਡਿਊਟੀ ਡਾਕਟਰ ਨੇ ਚੈਕ ਕਰਨ ਤੋਂ ਬਾਅਦ ਇਲਾਜ ਲਈ ਗੁਰੂ ਨਾਨਕ ਸਿਵਲ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ। ਜਿੱਥੇ ਮਨਪ੍ਰੀਤ ਸਿੰਘ ਦੀ 4 ਨਵੰਬਰ ਨੂੰ ਸਿਰ ਵਿਚ ਜਿਆਦਾ ਸੱਟ ਹੋਣ ਕਾਰਨ ਇਲਾਜ ਦੌਰਾਨ ਮੌਤ ਹੋ ਗਈ।
ਡੀ.ਐੱਸ.ਪੀ.ਭੁਲੱਥ ਕਰਨੈਲ ਸਿੰਘ ਨੇ ਦਸਿਆ ਕਿ ਕੁਲਵੰਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਨੰਗਲ ਲੁਬਾਣਾ ਨੇ ਇਸ ਸੰਬੰਧੀ ਬੇਗੋਵਾਲ ਪੁਲਸ ਨੂੰ ਦਿੱਤੇ ਬਿਆਨਾਂ ਰਾਹੀ ਦਸਿਆ ਕਿ ਉਸਦਾ ਭਤੀਜਾ ਮਨਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਨੰਗਲ ਲੁਬਾਣਾ ਪਿੰਡ ਵਿਚ ਹੀ ਖੇਤੀਬਾੜੀ ਦਾ ਕੰਮ ਕਾਰ ਕਰਦਾ ਸੀ ਅਤੇ ਉਸ ਨਾਲ ਦਿਲ ਦੀ ਹਰ ਗੱਲ ਸਾਂਝੀ ਕਰ ਲੈਦਾ ਸੀ। ਮਨਪ੍ਰੀਤ ਸਿੰਘ ਨੇ ਉਸਨੂੰ ਲੱਗਭਗ 2 ਮਹੀਨੇ ਪਹਿਲਾਂ ਦੱਸਿਆ ਸੀ ਕਿ ਉਸਨੇ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਨੂੰ 40 ਹਜ਼ਾਰ ਰੁਪਏ ਉਧਾਰੇ ਦਿੱਤੇ ਸਨ। ਜਿਸ ਨੇ ਕਈ ਵਾਰ ਪੈਸੇ ਮੰਗਣ 'ਤੇ ਵਾਪਸ ਨਹੀਂ ਕੀਤੇ, ਜਿਸ ਦਾ ਲਿਖਤੀ ਰਾਜੀਨਾਮਾ ਵੀ ਹੋਇਆ ਸੀ।
ਹੁਣ ਦਾ ਇਹ ਸਾਰਾ ਵਕੂਆ ਉਸਨੇ ਆਪਣੇ ਅੱਖੀਂ ਵੇਖਿਆ ਹੈ । ਗੁਰਪ੍ਰੀਤ ਸਿੰਘ ਅਤੇ ਉਸਦੀ ਪਤਨੀ ਰਮਨਪ੍ਰੀਤ ਕੌਰ ਨੇ ਉਧਾਰੇ ਦਿੱਤੇ ਪੈਸੇ ਮੰਗਣ ਤੇ ਮਨਪ੍ਰੀਤ ਸਿੰਘ ਨੂੰ ਰੰਜਿਸ਼ ਵਿਚ ਗਹਿਰੀ ਸੱਟ ਮਾਰੀ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਡੀ.ਐੱਸ.ਪੀ.ਭੁਲੱਥ ਨੇ ਦਸਿਆ ਕਿ ਇਸ ਮਾਮਲੇ ਵਿਚ ਬੇਗੋਵਾਲ ਪੁਲਸ ਵੱਲੋਂ ਪਿਛਲੇ ਦਿਨੀਂ ਕੁਲਵੰਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਨੰਗਲ ਲੁਬਾਣਾ ਦੇ ਬਿਆਨਾਂ 'ਤੇ ਗੁਰਪ੍ਰੀਤ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਉਸਦੀ ਪਤਨੀ ਰਮਨਪ੍ਰੀਤ ਕੌਰ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਜਿਸ ਉਪਰੰਤ ਐੱਸ.ਐੱਸ.ਪੀ. ਕਪੂਰਥਲਾ ਸ਼੍ਰੀਮਤੀ ਵਤਸਲਾ ਗੁਪਤਾ ਦੀਆਂ ਹਦਾਇਤਾਂ ਅਨੁਸਾਰ ਕਾਰਵਾਈ ਬੇਗੋਵਾਲ ਪੁਲਸ ਵੱਲੋਂ ਕਤਲ ਕੇਸ ਵਿੱਚ ਲੜੀਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।