ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਮਾਨਸਾ ਦੇ ਸਰਕਾਰੀ ਸਕੂਲਾਂ 'ਚ ਵੰਡੇ ਗਏ ਪੰਜਾਬੀ ਦੇ ਕੈਦੇ ਤੇ ਕਿਤਾਬਾਂ
ਅਸ਼ੋਕ ਵਰਮਾ
ਮਾਨਸਾ 8 ਨਵੰਬਰ 2024: ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਨੂੰ ਲੈ ਕੇ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਵੱਲ੍ਹੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਮਾਨਸਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਖੁਰਦ, ਮਿਡਲ ਸਕੂਲ ਮਾਨਸਾ ਖੁਰਦ ਵਿਖੇ ਪੰਜਾਬੀ ਦੇ ਕੈਦੇ ਅਤੇ ਕਿਤਾਬਾਂ ਵੰਡੀਆਂ ਗਈਆਂ। ਉਨ੍ਹਾਂ ਕਿਹਾ ਕਿ ਪੰਜਾਬੀ ਮਿੱਠੀ ਅਤੇ ਮਧੁਰ ਭਾਸ਼ਾ ਹੈ,ਜਿਸ ਕਰਕੇ ਸਭਨਾਂ ਨੂੰ ਆਪਣੀ ਬੋਲੀ ਦੀ ਪ੍ਰਫੁੱਲਤਾ ਲਈ ਯਤਨ ਕਰਨਾ ਚਾਹੀਦਾ ਹੈ।ਬਹਿਣੀਵਾਲ ਨੇ ਦੱਸਿਆ ਕਿ ਨਵੰਬਰ ਮਹੀਨੇ ਨੂੰ ਉਹ ਪੰਜਾਬੀ ਬੋਲੀ ਦੇ ਮਹੀਨੇ ਵਜੋਂ ਮਨਾਉਂਦੇ ਹੋਏ ਪੰਜਾਬੀ ਭਾਸ਼ਾ, ਅੱਖਰ, ਗਿਆਨ, ਫੱਟੀਆਂ, ਸਾਹਿਤ, ਬੱਚਿਆਂ ਦੀ ਪੜ੍ਹਣ ਸਮੱਗਰੀ ਨੂੰ ਲੈ ਕੇ ਵੱਖ-ਵੱਖ ਸਕੂਲਾਂ ਅਤੇ ਸਖਸੀਅਤਾਂ ਕੋਲ ਜਾਣਗੇ। ਉਹ ਇਸ ਤੋਂ ਪਹਿਲਾਂ ਫਿਲਮ ਜਗਤ, ਖੇਡ ਜਗਤ, ਸਮਾਜ ਸੇਵੀ ਅਤੇ ਰਾਜਨੀਤਿਕ ਸਖਸੀਅਤਾਂ ਨੂੰ ਪੰਜਾਬੀ 41 ਅੱਖਰੀ ਫੱਟੀ ਭੇਂਟ ਕਰਕੇ ਪੰਜਾਬੀ ਬੋਲੀ ਨਾਲ ਜੁੜਣ ਲਈ ਪ੍ਰੇਰਿਤ ਕਰ ਕਰਨਗੇ।
ਸਭਿਆਚਾਰ ਚੇਤਨਾ ਮੰਚ ਮਾਨਸਾ ਦੇ ਪ੍ਰਧਾਨ ਹਰਿੰਦਰ ਮਾਨਸ਼ਾਹੀਆ, ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੱਧੂ,ਵੁਆਇਸ ਆਫ਼ ਮਾਨਸਾ ਦੇ ਬੁਲਾਰੇ ਨਰਿੰਦਰ ਸ਼ਰਮਾ ਨੇ ਕਿਹਾ ਕਿ ਹਰ ਇੱਕ ਨੂੰ ਆਪਣੀ ਮਾਂ ਬੋਲੀ ਪਿਆਰੀ ਹੁੰਦੀ ਹੈ। ਸਾਡੀ ਪੰਜਾਬੀ ਮਾਂ ਬੋਲੀ ਸਾਡੇ ਜੀਵਨ ਜਾਂਚ, ਜੀਵਨ ਜਿਓਣ ਦਾ ਸਲੀਕਾ, ਸਾਡੀ ਵੱਖਰੀ ਪਹਿਚਾਣ ਨੂੰ ਦਰਸਾਉਂਦੀ ਹੈ। ਇਹੀ ਕਾਰਨ ਹੈ ਕਿ ਅੱਜ ਪੰਜਾਬੀ ਬੋਲੀ ਦਾ ਬਾਲੀਵੁੱਡ, ਹਾੱਲੀਵੁੱਡ ਅਤੇ ਹੋਰ ਭਾਸ਼ਾਵਾਂ ਦੀਆਂ ਫਿਲਮਾਂ ਵਿੱਚ ਵੀ ਗੀਤਾਂ ਰਾਹੀਂ ਡੰਕਾ ਵੱਜ ਰਿਹਾ ਹੈ।
ਸਕੂਲ ਮੁਖੀ ਕਮਲਜੀਤ ਕੌਰ ਨੇ ਬੱਚਿਆਂ ਨੂੰ ਪੰਜਾਬੀ ਕੈਦੇ ਵੰਡਣ ਲਈ ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਅਤੇ ਸਭਿਆਚਾਰ ਸੰਸਥਾਵਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਵੰਡੀ ਗਈ।