ਪੰਜਾਬ ਭਰ ਤੋਂ ਪੀ.ਏ.ਯੂ. ਵਿਗਿਆਨੀਆਂ ਨੇ ਡਰੈਗਨ ਫਰੂਟ ਦੀ ਕਾਸ਼ਤ ਦੀ ਸਿਖਲਾਈ ਹਾਸਲ ਕੀਤੀ
ਲੁਧਿਆਣਾ 8 ਨਵੰਬਰ,2024 - ਪੀ.ਏ.ਯੂ. ਦੇ ਫਲ ਵਿਗਿਆਨ ਵਿਭਾਗ ਵੱਲੋਂ ਬੀਤੇ ਦਿਨੀਂ ਇਕ ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ| ਇਸ ਵਿਚ ਪੂਰੇ ਪੰਜਾਬ ਤੋਂ ਪੀ.ਏ.ਯੂ. ਦੇ ਵਿਗਿਆਨੀਆਂ ਨੇ ਡਰੈਗਨ ਫਰੂਟ ਦੀ ਕਾਸ਼ਤ ਦੀ ਸਿਖਾਲਈ ਹਾਸਲ ਕੀਤੀ| ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਅਤੇ ਖੇਤਰੀ ਖੋਜ ਕੇਂਦਰਾਂ ਤੋਂ 22 ਵਿਗਿਆਨੀ ਇਸ ਸਿਖਲਾਈ ਪ੍ਰੋਗਰਾਮ ਦਾ ਹਿੱਸਾ ਬਣੇ| ਇਸ ਸਿਖਲਾਈ ਨੂੰ ਕਿਸਾਨਾਂ ਅਤੇ ਪਸਾਰ ਮਾਹਿਰਾਂ ਵਾਸਤੇ ਵਿਉਂਤਿਆ ਗਿਆ ਸੀ ਅਤੇ ਨਾਲ ਹੀ ਇਹ ਰਾਸ਼ਟਰੀ ਬਾਗਬਾਨੀ ਮਿਸ਼ਨ ਵੱਲੋਂ ਪ੍ਰਵਾਣਿਤ ਪ੍ਰੋਜੈਕਟ ਦੇ ਤਹਿਤ ਆਯੋਜਿਤ ਕੀਤਾ ਜਾਣ ਵਾਲਾ ਸਿਖਲਾਈ ਪ੍ਰੋਗਰਾਮ ਸੀ|
ਫਲ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਡਰੈਗਨ ਫਰੂਟ ਆਪਣੇ ਬਹੁਤ ਸਾਰੇ ਪੋਸ਼ਣ ਅਤੇ ਸਿਹਤ ਸੰਬੰਧੀ ਗੁਣਾ ਕਾਰਨ ਸੁਪਰ ਫਲ ਵਜੋਂ ਮਾਣਤਾ ਹਾਸਲ ਕਰ ਰਿਹਾ ਹੈ| ਨਾਲ ਹੀ ਉਹਨਾਂ ਕਿਹਾ ਕਿ ਇਸ ਫਲ ਦੀ ਕਾਸ਼ਤ ਨਾਲ ਜੁੜੀ ਵਿਸ਼ੇਸ਼ ਤਕਨਾਲੋਜੀ ਦੇ ਮੱਦੇਨਜ਼ਰ ਤਕਨੀਕੀ ਸਿਖਲਾਈ ਬੇਹੱਦ ਮਹੱਤਵਪੂਰਨ ਹੈ ਤਾਂ ਹੀ ਇਸਦੀ ਕਾਸ਼ਤ ਨੂੰ ਸਫਲਤਾ ਨਾਲ ਅੰਜਾਮ ਤੱਕ ਪਹੁੰਚਾਇਆ ਜਾ ਸਕਦਾ ਹੈ| ਉਹਨਾਂ ਵਿਗਿਆਨੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਫਲ ਦੀ ਕਾਸ਼ਤ ਦੀ ਵਿਧੀ ਨੂੰ ਕਿਸਾਨਾਂ ਤੱਕ ਪਹੁੰਚਾਉਣ|
ਡਾ. ਸੰਜੁਲਾ ਸ਼ਰਮਾ ਨੇ ਡਰੈਗਨ ਫਰੂਟ ਦੇ ਮਨੁੱਖੀ ਸਿਹਤ ਸੰਬੰਧੀ ਲਾਭਕਾਰੀ ਗੁਣਾ ਦੀ ਗੱਲ ਕੀਤੀ| ਉਹਨਾਂ ਕਿਹਾ ਕਿ ਇਸ ਫਲ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਾਲੇ ਤੱਤਾਂ ਦੀ ਭਰਮਾਰ ਹੈ| ਇਸ ਤੋਂ ਇਲਾਵਾ ਇਸ ਵਿਚ ਬੁਰੇ ਤੇਜ਼ਾਬੀ ਮਾਦਿਆਂ ਦਾ ਸਾਹਮਣਾ ਕਰਨ ਵਾਲੇ ਤੱਤ ਵੀ ਪਾਏ ਜਾਂਦੇ ਹਨ|
ਫਲ ਵਿਗਿਆਨੀਆਂ ਡਾ. ਹਰਪ੍ਰੀਤ ਅਤੇ ਡਾ. ਸਨਦੀਪ ਸਿੰਘ ਨੇ ਇਸ ਫਲ ਨੂੰ ਲੱਗਣ ਵਾਲੇ ਰੋਗਾਂ ਅਤੇ ਕੀੜਿਆਂ ਦਾ ਜ਼ਿਕਰ ਕਰਦਿਆਂ ਉਹਨਾਂ ਦੀ ਰੋਕਥਾਮ ਦੇ ਤਰੀਕੇ ਦੱਸੇ| ਸਿਖਿਆਰਥੀਆਂ ਨੂੰ ਫਲ ਖੋਜ ਫਾਰਮ ਵਿਖੇ ਡਰੈਗਨ ਫਰੂਟ ਦੀ ਕਾਸ਼ਤ ਬਾਰੇ ਖੇਤਰ ਦਾ ਦੌਰਾ ਵੀ ਕਰਵਾਇਆ ਗਿਆ ਅਤੇ ਡਰੈਗਨ ਫਰੂਟ ਦੇ ਕਾਸ਼ਤਕਾਰਾਂ ਨਾਲ ਮੁਸ਼ਕਿਲਾਂ ਬਾਰੇ ਵਿਸ਼ੇਸ਼ ਗੱਲਬਾਤ ਵੀ ਹੋਈ|