ਫਰਿਜ਼ਨੋ ਏਰੀਏ ਵਿੱਚ ਦੋ ਪੰਜਾਬੀ ਜਿੱਤੇ ਸਕੂਲ ਬੋਰਡ ਦੀਆਂ ਚੋਣਾਂ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ), 7 ਨਵੰਬਰ, 2023:
ਅਮੈਰਿਕਾ ਵਿੱਚ ਚੋਣਾਂ ਹੋਕੇ ਹਟੀਆਂ ਹਨ। ਇਹਨਾਂ ਚੋਣਾਂ ਵਿੱਚ ਫਰਿਜ਼ਨੋ ਏਰੀਏ ਦੇ ਦੋ ਪੰਜਾਬੀ ਨੌਜਵਾਨਾਂ ਨੇ ਸਕੂਲ ਬੋਰਡ ਦੀਆਂ ਚੋਣਾਂ ਜਿੱਤਕੇ ਇਤਿਹਾਸ ਸਿਰਜਿਆ ਹੈ। ਫਰਿਜ਼ਨੋ ਦੇ ਸੈਂਟਰਲ ਸਕੂਲ ਬੋਰਡ ਏਰੀਆ 5 ਦੀ ਟਰੱਸਟੀ ਦੀ ਚੋਣ ਜਸਪ੍ਰੀਤ ਸਿੱਧੂ ਨੇ ਵੱਡੇ ਫਰਕ ਨਾਲ ਜਿੱਤਕੇ ਭਾਈਚਾਰੇ ਨੂੰ ਮਾਣ ਬਖ਼ਸ਼ਿਆ। ਜਸਪ੍ਰੀਤ ਸਿੰਘ ਸਿੱਧੂ ਜਿਸਦਾ ਪਿਛਲਾ ਪਿੰਡ ਬੱਧਨੀ ਜ਼ਿਲ੍ਹਾ ਮੋਗਾ ਵਿੱਚ ਪੈਂਦਾ ਹੈ। ਜਸਪ੍ਰੀਤ ਅਮੈਰਕਿਨ ਬੌਰਨ, ਇੱਕ ਰਜਿਸਟਰਡ ਨਰਸ ਦੇ ਤੌਰ ’ਤੇ ਸੇਵਾਵਾਂ ਨਿਭਾ ਰਿਹਾ ਹੈ। ਉਹ ਜੀ ਐਚ ਜੀ ਡਾਂਸ ਐਂਡ ਸੰਗੀਤ ਅਕੈਡਮੀ ਲਈ ਭੰਗੜਾ ਕੋਚ ਵੀ ਹੈ।
ਇਸੇ ਤਰੀਕੇ ਨਰਿੰਦਰ ਸਿੰਘ ਸਹੋਤਾ ਇੱਕ ਇੰਜੀਨੀਅਰ ਦੇ ਤੌਰ ’ਤੇ ਕੰਮ ਕਰ ਰਿਹਾ ਹੈ, ਉਸਨੇ ਦੂਸਰੀ ਵਾਰ ਸਿਲਮਾਂ ਸਕੂਲ ਬੋਰਡ ਏਰੀਆ 2 ਤੋਂ ਸਕੂਲ ਟਰੱਸਟੀ ਦੀ ਚੋਣ ਜਿੱਤਕੇ ਇਤਿਹਾਸ ਸਿਰਜਿਆ ਹੈ। ਉਹ ਪੰਜਾਬ ਤੋਂ ਬੜਾ ਪਿੰਡ ਜ਼ਿਲ੍ਹਾ ਜਲੰਧਰ ਨਾਲ ਸਬੰਧਤ ਹਨ। ਦੋਵਾਂ ਪੰਜਾਬੀ ਮੁੰਡਿਆਂ ਦੀ ਜਿੱਤ ਕਾਰਨ ਫਰਿਜ਼ਨੋ ਏਰੀਏ ਦੇ ਪੰਜਾਬੀ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ।