ਫਾਜ਼ਿਲਕਾ: ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਬਸਿਡੀ ‘ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੀ ਡਰਾਅ ਰਾਹੀਂ ਕੀਤੀ ਗਈ ਚੋਣ
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਡਰਾਅ (ਕਪਿਊਟਰੳਈਜਡ ਲਾਟਰੀ ਸਿਸਟਮ) ਰਾਹੀਂ ਕੀਤੀ ਗਈ ਚੋਣ
ਫਾਜ਼ਿਲਕਾ, 8 ਨਵੰਬਰ 2024- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਖੇਤੀ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਸਬ ਮਿਸ਼ਨ ਆਨ ਐਗਰੀਕਲਚਰਲ ਮੈਕਾਨਾਈਜੇਸ਼ਨ (ਸਮੈਮ) ਸਕੀਮ ਅਧੀਨ ਵਿਅਕਤੀਗਤ ਕਿਸਾਨਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਨੂੰ ਸਬਸਿਡੀ ‘ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਦੀ ਚੋਣ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਡਰਾਅ (ਕਪਿਊਟਰੳਈਜਡ ਲਾਟਰੀ ਸਿਸਟਮ) ਰਾਹੀਂ ਕੀਤੀ ਗਈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀ ਦੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਅਤੇ ਮਜ਼ਬੂਤੀ ਪ੍ਰਦਾਨ ਕਰਨ ਤਹਿਤ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਵੱਲੋਂ ਮਸ਼ੀਨਾਂ 'ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਖੇਤੀ ਪ੍ਰਧਾਨ ਸੂਬੇ ਦੇ ਕਿਸਾਨ ਵੀਰਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਜਨਰਲ, ਐਸ.ਸੀ. ਨਾਲ ਸਬੰਧਤ ਕਿਸਾਨਾਂ ਤੇ ਗਰੁੱਪਾਂ ਲਈ ਹਦਾਇਤਾਂ ਮੁਤਾਬਕ ਡਰਾਅ ਕੱਢੇ ਗਏ।
ਮੁੱਖ ਖੇਤੀਬਾੜੀ ਅਫ਼ਸਰ ਸੰਦੀਪ ਰਿਣਵਾ ਨੇ ਦੱਸਿਆ ਕਿ ਚੋਣ ਉਪਰੰਤ ਪੋਰਟਲ ਰਾਹੀਂ ਸੈਕਸ਼ਨ ਪੱਤਰ ਜਾਰੀ ਕੀਤੇ ਜਾਣਗੇ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਮਸ਼ੀਨਾਂ ਦੀ ਖਰੀਦ ਕੀਤੀ ਜਾਵੇਗੀ। ਇਸ ਉਪਰੰਤ ਖੇਤੀਬਾੜੀ ਵਿਭਾਗ ਵੱਲੋਂ ਵੈਰੀਫਿਕੇਸ਼ਨ ਕਰਨ ਉਪਰੰਤ ਸਬਸਿਡੀ ਕਿਸਾਨਾਂ ਨੁੰ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਡਰਾਅ ਜ਼ਿਲ੍ਹਾ ਪ੍ਰਧਾਨ ਕਾਰਜਕਾਰੀ ਕਮੇਟੀ ਦੀ ਹਾਜਰੀ ਵਿਚ ਕੱਢੇ ਗਏ।
ਉਨ੍ਹਾਂ ਕਿਹਾ ਕਿ ਵਿਅਕਤੀ ਕਿਸਾਨਾਂ ਦੀਆਂ 233 ਦਰਖਾਸਤਾਂ ਤੇ ਕਸਟਮਰ ਹਾਇਰਿੰਗ ਸੈਂਟਰ ਦੀਆਂ 281 ਅਰਜੀਆਂ ਦੀ ਕੰਪਿਉਟਰ ਰਾਹੀਂ ਰੈਂਡੇਮਾਈਜੇਸ਼ਨ ਕਰਕੇ ਚੋਣ ਕੀਤੀ ਗਈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਡਰਾਅ ਰਾਹੀਂ ਚੋਣ ਹੋਈ ਹੈ ਉਹ ਸੈਕਸ਼ਨ ਪੱਤਰ ਵਿੱਚ ਦਿੱਤੀ ਹਦਾਇਤਾਂ ਅਨੁਸਾਰ ਮਸ਼ੀਨ ਦੀ ਖਰੀਦ ਕਰਕੇ ਬਲਾਕ ਖੇਤੀਬਾੜੀ ਦਫਤਰਾਂ ਤੋਂ ਵੈਰੀਫਾਈ ਕਰਵਾ ਲੈਣ ਤਾਂ ਜੋ ਸਮੇਂ ਸਿਰ ਸਬੰਧਤ ਕਿਸਾਨਾਂ ਨੂੰ ਸਬਸਿਡੀ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਆਉਣ ‘ਤੇ ਆਪਣੇ ਬਲਾਕ ਦੇ ਖੇਤੀਬਾੜੀ ਦਫਤਰਾਂ ਨਾਲ ਸੰਪਰਕ ਕੀਤਾ ਜਾਵੇ।
ਇਸ ਮੌਕੇ ਡਿਪਟੀ ਰਜਿਸਟਰਾਰ ਕੋਆਪਰੇਟਿਵ ਸੋਸਾਇਟੀ ਸੋਨੂ ਮਹਾਜਨ, ਖੇਤੀਬਾੜੀ ਅਫਸਰ ਮਮਤਾ, ਸਹਾਇਕ ਖੇਤੀਬਾੜੀ ਇੰਜੀਨੀਅਰ ਰਾਜਿੰਦਰ ਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।