ਮੁਫ਼ਤ ਡੇਅਰੀ ਸਿਖਲਾਈ ਦੇਣ ਲਈ ਕਾਊਂਸਲਿੰਗ 10 ਜੁਲਾਈ ਨੂੰ
ਅਸ਼ੋਕ ਵਰਮਾ
ਬਠਿੰਡਾ, 4 ਜੁਲਾਈ 2024 : ਡੇਅਰੀ ਵਿਕਾਸ ਵਿਭਾਗ ਵੱਲੋਂ ਜ਼ਿਲ੍ਹੇ ’ਚ ਅਨੁਸੂਚਿਤ ਜਾਤੀ ਨਾਲ ਸਬੰਧਿਤ ਪਸ਼ੂ ਪਾਲਕਾਂ ਤੇ ਬੇਰੁਜਗਾਰ ਨੌਜਵਾਨਾਂ ਨੂੰ ਮੁਫ਼ਤ ਡੇਅਰੀ ਸਿਖਲਾਈ ਦੇਣ ਲਈ ਕੋਰਸ 15 ਜੁਲਾਈ 2024 ਨੂੰ ਚਲਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸ਼੍ਰੀ ਨਿਰਵੈਰ ਸਿੰਘ ਬਰਾੜ ਨੇ ਸਾਂਝੀ ਕੀਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਨੇ ਦੱਸਿਆ ਕਿ ਪੰਜਾਬ ਸਰਕਾਰ ਦੁਆਰਾ ਚਲਾਈ ਜਾਂਦੀ ਸਕੀਮ ਪ੍ਰਮੋਸ਼ਨ ਫਾਰ ਡੇਅਰੀ ਫਾਰਮਿੰਗ ਐਜ ਲਿਵਲੀਹੁੱਡ ਫਾਰ ਐਸ.ਸੀ ਬੈਨੀਫਿਸਰੀ ਅਧੀਨ ਅਨੁਸੂਚਿਤ ਜਾਤੀ ਨਾਲ ਸਬੰਧਿਤ ਲਾਭਪਾਤਰੀਆਂ ਨੂੰ ਮੁਫਤ ਡੇਅਰੀ ਫਾਰਮਿੰਗ ਦੀ ਸਿਖਲਾਈ ਦਿੱਤੀ ਜਾਣੀ ਹੈ ਅਤੇ ਨਾਲ ਹੀ ਉਕਤ ਸਕੀਮ ਅਧੀਨ 3500 ਰੁਪਏ ਵਜੀਫ਼ਾ ਅਤੇ ਡੇਅਰੀ ਧੰਦੇ ਨਾਲ ਸਬੰਧਿਤ ਲਿਟਰੇਚਰ ਵੀ ਦਿੱਤਾ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਕਾਊਂਸਲਿੰਗ 10 ਜੁਲਾਈ ਨੂੰ ਸਵੇਰੇ 10.00 ਵਜੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਬਠਿੰਡਾ ਵਿਖੇ ਕੀਤੀ ਜਾਵੇਗੀ। ਚਾਹਵਾਨ ਲੜਕੇ/ਲੜਕੀਆਂ ਜਿਨ੍ਹਾਂ ਦੀ ਉਮਰ 18 ਸਾਲ ਤੋਂ ਲੈ ਕੇ 55 ਸਾਲ ਦੇ ਦਰਮਿਆਨ ਉਹ ਪਿੰਡ ਦਾ ਪੱਕਾ ਵਸਨੀਕ, ਅਨੁਸੂਚਿਤ ਜਾਤੀ ਦਾ ਸਰਟੀਫਿਕੇਟ, ਘੱਟੋਂ-ਘੱਟ ਪੰਜਵੀਂ ਪਾਸ ਸਰਟੀਫਿਕੇਟ, ਅਧਾਰ ਕਾਰਡ ਅਤੇ ਪਾਸਪੋਰਟ ਸਾਈਜ ਫੋਟੋ ਲੈ ਕੇ ਦਫਤਰ ਵਿਖੇ ਹਾਜ਼ਰ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਚੁਣੇ ਹੋਏ ਲਾਭਪਾਤਰੀਆਂ ਨੂੰ ਸਿਖਲਾਈ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਅਬੁਲ ਖੁਰਾਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਗਿੱਲ ਜ਼ਿਲ੍ਹਾ ਮੋਗਾ ਤੇ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਸਰਦੂਲਗੜ੍ਹ ਜ਼ਿਲ੍ਹਾ ਮਾਨਸਾ ਵਿਖੇ ਦਿੱਤੀ ਜਾਵੇਗੀ।