ਵਿਦਿਆਰਥੀਆਂ ਦੇ ਰਾਹ ਦਸੇਰੇ ਬਨਣ ਲਈ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਅਤੇ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਯਤਨ ਸ਼ੁਰੂ
ਹਰਜਿੰਦਰ ਸਿੰਘ ਭੱਟੀ
- ਕੈਰੀਅਰ ਗਾਈਡੈਂਸ ਟੀਮਾਂ ਵੱਲੌਂ ਵਿਦਿਆਰਥੀਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਨੌਕਰੀ ਤਲਾਸ਼ਣ ਲਈ ਕੀਤਾ ਜਾਗਰੂਕ
- ਰੰਗਲੇ ਪੰਜਾਬ ਦੀ ਸਿਰਜਣਾ ਲਈ ਨੌਜਵਾਨਾਂ ਦਾ ਵਿਦਿਅਕ ਮਿਆਰ ਚੁੱਕਣਾ ਜਰੂਰੀ - ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ
ਡੇਰਾਬੱਸੀ (ਸ਼ਹਿਬਜਾਦਾ ਅਜੀਤ ਸਿੰਘ ਨਗਰ), 08 ਨਵੰਬਰ, 2024: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਨੂੰ ਰੁਸ਼ਨਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਮਾਸ ਕਾਉਂਸਲਿੰਗ ਪ੍ਰੋਗਰਾਮ ਉਲੀਕੇ ਗਏ ਹਨ, ਜਿਸ ਦੇ ਤਹਿਤ ਜ਼ਿਲ੍ਹਾ ਸਿੱਖਿਆ ਵਿਭਾਗ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੇ ਨੁਮਾਇੰਦੇ ਜ਼ਿਲ੍ਹੇ ਦੇ ਹਰ ਇੱਕ ਸਰਕਾਰੀ ਸਕੂਲ ਵਿੱਚ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦੇ ਰੂਬਰੂ ਹੋ ਕੇ ਉਨ੍ਹਾਂ ਦੇ ਹਰ ਸਵਾਲ ਦਾ ਜੁਆਬ ਦੇਣ ਦਾ ਯਤਨ ਕਰਨਗੇ ਤਾਂ ਜੋ ਉਹਨਾਂ ਨੂੰ ਆਪਣੇ ਭਵਿੱਖ ਨੂੰ ਤਰਾਸ਼ਣ ਵਿਚ ਕੋਈ ਔਕੜ ਨਾ ਆਵੇ।
ਇਸ ਲੜੀ ਤਹਿਤ ਅੱਜ ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਦੇ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਅਤੇ ਜਿਲ੍ਹਾ ਸਿੱਖਿਆ ਵਿਭਾਗ ਦੇ ਕੈਰੀਅਰ ਗਾਈਡੈਂਸ ਕੌਂਸਲਰ ਸੁਸ਼ੀਲ ਕੁਮਾਰ ਵੱਲੌਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਿਆਲਪੁਰਾ ਸੋਢੀਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਹਗੜ੍ਹ ਵਿਖੇ 9ਵੀ ਤੌਂ ਬਾਰਹਵੀਂ ਜਮਾਤ ਤੱਕ ਦੇ 450 ਤੋਂ ਵਧੇਰੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਦਿਆਂ ਵੱਖ ਵੱਖ ਖੇਤਰਾਂ ਇੰਜੀਨੀਅਰਿੰਗ, ਮੈਡੀਕਲ, ਕਾਨੂੰਨ, ਡਿਫੈਂਸ, ਬੈਕਿੰਗ ਪੈਰਾ ਮੈਡੀਕਲ ਖੇਤਰਾਂ ਵਿੱਚ ਜਾਣ ਲਈ ਕਈ ਕਈ ਯੋਗਤਾ ਅਤੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਜਾਵੇ ਬਾਰੇ ਜਾਣਕਾਰੀ ਦਿੱਤੀ।
ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਵੱਲੌਂ ਵਿਦਿਆਰਥੀਆਂ ਨੂੰ ਕੰਪੀਟੀਟਿਵ ਪ੍ਰਿਖਿਆ ਦੀ ਤਿਆਰੀ ਦੇ ਨੁਕਤੇ ਵੀ ਸਾਂਝੇ ਕੀਤੇ ਅਤੇ ਪੌਲੀਟੈਕਨਿਕ ਕਾਲਜਾਂ ਵਿੱਚ ਚੱਲ ਰਹੀਆਂ ਵਜੀਫਾ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਸ਼ੁਸ਼ੀਲ ਕੁਮਾਰ ਵੱਲੌਂ ਮਾਈ ਭਾਗੋ ਅਤੇ ਮਹਾਰਾਜਾ ਰਣਜੀਤ ਸਿੰਘ ਡਿਫੈਂਸ ਅਕਾਦਮੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਦਿਆਲਪੁਰਾ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਬਿਨਾਕਸ਼ੀ ਅਤੇ ਸੀਨੀਅਰ ਸੈਕੰਡਰੀ ਸਕੂਲ ਲੋਹਗੜ੍ਹ ਦੇ ਪ੍ਰਿੰਸੀਪਲ ਇੰਦੂ ਵੱਲੌਂ ਆਏ ਹੋਏ ਵਿਸ਼ਾ ਮਾਹਿਰਾਂ ਦਾ ਧੰਨਵਾਦ ਕੀਤਾ ਗਿਆ।