ਸਰਕਾਰੀ ਕਾਲਜ ਰੋਪੜ ਦੇ ਵਿਦਿਆਰਥੀਆਂ ਨੇ ਯੂਥ ਐਕਸਪੋਜ ਟੂਰ ਲਗਾਇਆ
ਰੂਪਨਗਰ, 20 ਨਵੰਬਰ 2024: ਯੁਵਕ ਸੇਵਾਵਾਂ ਰੂਪਨਗਰ ਦੇ ਸਹਾਇਕ ਡਾਇਰੈਕਟਰ ਕੈਪਟਨ ਮਨਤੇਜ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਅਧੀਨ ਸਰਕਾਰੀ ਕਾਲਜ ਰੋਪੜ ਦੇ ਰੈੱਡ ਰਿਬਨ ਕਲੱਬ ਦੇ ਵਲੰਟੀਅਰਾਂ ਨੇ ਚਾਰ ਰੋਜ਼ਾ ਯੂਥ ਟੂਰ ਵਿੱਚ ਸ਼ਮੂਲੀਅਤ ਕੀਤੀ, ਜਿਸਦਾ ਉਦੇਸ਼ ਵਲੰਟੀਅਰਾਂ ਨੂੰ ਭਾਰਤ ਦੇ ਇਤਿਹਾਸਕ, ਸੰਸਕ੍ਰਿਤਕ ਅਤੇ ਧਾਰਮਿਕ ਵਿਰਾਸਤ ਬਾਰੇ ਗਿਆਨ ਦੇਣਾ ਸੀ।
ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਯੂਥ ਐਕਸਪੋਜ ਟੂਰ ਵਿੱਚ ਪੰਜਾਬ ਦੇ ਰੂਪਨਗਰ, ਫਤਹਿਗੜ੍ਹ ਸਾਹਿਬ ਅਤੇ ਮੋਹਾਲੀ ਜ਼ਿਲ੍ਹੇ ਦੇ 140 ਵਲੰਟੀਅਰਾਂ ਨੇ ਭਾਗ ਲਿਆ। ਰੂਪਨਗਰ ਜ਼ਿਲ੍ਹੇ ਦੇ 40 ਵਲੰਟੀਅਰਾਂ ਨੇ ਇਸ ਟੂਰ ਵਿੱਚ ਸ਼ਮੂਲੀਅਤ ਕੀਤੀ ਜਿਸ ਵਿੱਚ ਸਰਕਾਰੀ ਕਾਲਜ ਰੋਪੜ ਦੇ 8 ਵਲੰਟੀਅਰਾਂ ਨੇ ਵੀ ਭਾਗ ਲਿਆ।
ਰੈੱਡ ਰਿਬਨ ਕਲੱਬ ਦੇ ਕਨਵੀਨਰ ਡਾ. ਅਨੂ ਸ਼ਰਮਾ ਨੇ ਦੱਸਿਆ ਕਿ ਇਸ ਚਾਰ ਰੋਜ਼ਾ ਟੂਰ ਵਿੱਚ ਵਲੰਟੀਅਰਾਂ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵੱਖ-ਵੱਖ ਇਤਿਹਾਸਿਕ ਅਤੇ ਧਾਰਮਿਕ ਥਾਵਾਂ ਤੋਂ ਜਾਣੂ ਕਰਵਾਇਆ ਗਿਆ।
ਡਾ. ਕੀਰਤੀ ਭਾਗੀਰਥ ਅਤੇ ਪ੍ਰੋ. ਜਗਜੀਤ ਸਿੰਘ ਨੇ ਟੂਰ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਟੂਰ ਦੌਰਾਨ ਪੀ.ਐਮ ਮਿਊਜ਼ੀਅਮ, ਲਾਲ ਕਿਲਾ, ਗੁਰਦੁਆਰਾ ਬੰਗਲਾ ਸਾਹਿਬ, ਜੰਤਰ ਮੰਤਰ, ਲੋਟਸ ਟੈਂਪਲ, ਇੰਡੀਆ ਗੇਟ, ਕੁਤਬ ਮਿਨਾਰ, ਸਰੋਜਿਨੀ ਮਾਰਕੀਟ, ਗੁਰਦੁਆਰਾ ਰਕਾਬਗੰਜ ਸਾਹਿਬ ਅਤੇ ਹਮਾਇੂਨ ਕਬਰਸਤਾਨ ਦੀ ਯਾਤਰਾ ਕਰਵਾਈ ਗਈ। ਇਹ ਟੂਰ ਵਿਦਿਆਰਥੀਆਂ ਲਈ ਇੱਕ ਯਾਦਗਾਰੀ ਅਤੇ ਜਾਣਕਾਰੀ ਭਰਪੂਰ ਸਾਬਿਤ ਹੋਇਆ।