ਸੀਤਲ ਸਿੰਘ ਗੁੰਨੋਪੁਰੀ ਨੂੰ ਪ੍ਰੋ ਕਿਰਪਾਲ ਸਿੰਘ ਯਾਦਗਾਰੀ ਸਨਮਾਨ ਨਾਲ ਸਨਮਾਨਿਆ
ਤੀਸਰਾ ਪ੍ਰੋ ਯੋਗੀ ਯਾਦਗਾਰੀ ਸਨਮਾਨ ਸਮਾਰੋਹ ਕਰਵਾਇਆ
ਰੋਹਿਤ ਗੁਪਤਾ
ਗੁਰਦਾਸਪੁਰ, 21 ਅਕਤੂਬਰ 2024- ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਵੱਲੋਂ ਸਥਾਨਕ ਸ਼ਹੀਦ ਬਲਜੀਤ ਸਿੰਘ ਯਾਦਗਾਰੀ ਭਵਨ ਵਿੱਚ ਮਰਹੂਮ ਪ੍ਰੋਫ਼ੈਸਰ ਕਿਰਪਾਲ ਸਿੰਘ ਯੋਗੀ ਦੀ ਯਾਦ ਵਿੱਚ ਤੀਸਰਾ ਸਨਮਾਨ ਸਮਾਰੋਹ ਕਰਵਾਇਆ ਗਿਆ । ਪ੍ਰਸਿੱਧ ਗ਼ਜ਼ਲਗੋ ਸੀਤਲ ਸਿੰਘ ਗੁੰਨੋਪੁਰੀ ਨੂੰ ਪ੍ਰੋ ਕਿਰਪਾਲ ਸਿੰਘ ਯਾਦਗਾਰੀ ਸਨਮਾਨ ਨਾਲ ਸਨਮਾਨਿਆ ਗਿਆ ।
ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਨੇ ਆਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਨਿੱਘੀ ਜੀ ਆਇਆਂ ਕਹਿ ਕੇ ਸੁਆਗਤ ਕੀਤਾ । ਪ੍ਰੋਫ਼ੈਸਰ ਕਿਰਪਾਲ ਸਿੰਘ ਯੋਗੀ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਗੀਤਕਾਰ ਬਲਦੇਵ ਸਿੰਘ ਸਿੱਧੂ ਦੇ ਲਿਖੇ ਖ਼ੂਬਸੂਰਤ ਗੀਤ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ ਗਈ । ਕਿਰਤੀ ਕਿਸਾਨ ਵੱਲੋਂ ਧਨੀ ਬਾਣੀਏ ਨੂੰ ਚੋਭਾਂ ਲਾਉਂਦਾ ਗੀਤ ਵਿਜੇ ਅਗਨੀਹੋਤਰੀ ਨੇ ਗੀਤ ਪੇਸ਼ ਕੀਤਾ । ਰਜਨੀਸ਼ ਵਸ਼ਿਸ਼ਟ, ਰਾਜਨ ਤਰੇੜੀਆ, ਸੁਨੀਲ ਕੁਮਾਰ, ਹਰਪਾਲ ਬੈਂਸ, ਪ੍ਰੀਤ ਰਾਣਾ, ਹਰਪ੍ਰੀਤ ਸਿੰਮੀ, ਗੋਪਾਲ ਸ਼ਰਮਾ ਅਤੇ ਵਿਜੇ ਤਾਲਿਬ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਸਭਾ ਦੇ ਕਨਵੀਨਰ ਸ੍ਰੀ ਸੁਭਾਸ਼ ਦੀਵਾਨਾ ਨੇ ਪ੍ਰੋਫ਼ੈਸਰ ਯੋਗੀ ਸਾਹਿਬ ਦੇ ਜੀਵਨ ਬਾਰੇ ਅਤੇ ਉਨ੍ਹਾਂ ਦੀ ਯਾਦ ਵਿੱਚ ਦਿੱਤੇ ਜਾ ਰਹੇ ਸਨਮਾਨ ਨਾਲ ਸਨਮਾਨਿਤ ਹੋ ਰਹੇ ਗ਼ਜ਼ਲਕਾਰ ਸੀਤਲ ਸਿੰਘ ਗੁੰਨੋਪੁਰੀ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ ਜਿਸ ਉਪਰੰਤ ਸੀਤਲ ਸਿੰਘ ਗੁੰਨੋਪੁਰੀ ਦਾ ਸਨਮਾਨ ਕੀਤਾ ਗਿਆ । ਇਸ ਤੋਂ ਬਾਅਦ ਮੱਖਣ ਕੁਹਾੜ, ਡਾ ਲੇਖ ਰਾਜ, ਸੁਰਿੰਦਰ ਮੋਹਨ ਸ਼ਰਮਾ, ਕਾਮਰੇਡ ਰਘਬੀਰ ਸਿੰਘ ਨੇ ਪ੍ਰੋ ਯੋਗੀ ਜੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ । ਕਵੀ ਦਰਬਾਰ ਦੇ ਦੂਜੇ ਦੌਰ ਵਿਚ ਜੱਗੀ ਠਾਕੁਰ ਨੇ ਪ੍ਰਤਾਪ ਪਾਰਸ ਦਾ ਗੀਤ ਅਤੇ ਅਜੀਤ ਕਮਲ, ਸੁਲਤਾਨ ਭਾਰਤੀ, ਜਸਵੰਤ ਹਾਂਸ, ਬਲਬੀਰ ਕਲਸੀ, ਪ੍ਰਤਾਪ ਪਾਰਸ, ਸੁਭਾਸ਼ ਦੀਵਾਨਾ, ਰਾਜ ਗੁਰਦਾਸਪੁਰੀ, ਰਣਬੀਰ ਆਕਾਸ਼, ਬੂਟਾ ਰਾਮ, ਮੰਗਤ ਚੰਚਲ, ਅਤੇ ਪਾਲ ਗੁਰਦਾਸਪੁਰੀ ਦੀਆਂ ਰਚਨਾਵਾਂ ਨਾਲ ਪ੍ਰੋਗਰਾਮ ਨੇ ਸਿਖ਼ਰਾਂ ਛੂਹ ਲਈਆਂ ।
ਇਸ ਮੌਕੇ ਸਭਾ ਦੇ ਪ੍ਰਧਾਨ ਤਰਸੇਮ ਸਿੰਘ ਭੰਗੂ ਦੀ ਲਿਖੀ ਬਾਲ ਪੁਸਤਕ “ਬਾਲਾਂ ਦੇ ਅੰਗ-ਸੰਗ” ਵੀ ਰਿਲੀਜ਼ ਕੀਤੀ ਗਈ । ਸਭਾ ਦੇ ਜਨਰਲ ਸਕੱਤਰ ਪ੍ਰਤਾਪ ਪਾਰਸ ਨੇ ਸਟੇਜ ਦੀ ਕਾਰਵਾਈ ਬਾਖ਼ੂਬੀ ਨਿਭਾਈ । ਅੰਤ ਵਿੱਚ ਸਭਾ ਦੇ ਮੁੱਖ ਸਲਾਹਕਾਰ ਪ੍ਰੋਫ਼ੈਸਰ ਰਾਜ ਕੁਮਾਰ ਨੇ ਪ੍ਰੋਗਰਾਮ ਵਿੱਚ ਆਏ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੌਕੇ ਪੱਤਰਕਾਰ ਸਰਬਜੀਤ ਚਾਹਲ, ਕੇ ਪੀ ਸਿੰਘ, ਰਵੀ ਕੁਮਾਰ ਸੋਨੂੰ, ਹਰਭਜਨ ਸਿੰਘ, ਇੰਸਪੈਕਟਰ ਗੁਰਦੀਪ ਸਿੰਘ, ਕਪੂਰ ਸਿੰਘ ਘੁੰਮਣ, ਰਘਬੀਰ ਸਿੰਘ ਚਾਹਲ, ਕਾਮਰੇਡ ਅਵਤਾਰ ਸਿੰਘ ਅਤੇ ਅੰਸ਼ ਕੁਮਾਰ ਵੀ ਹਾਜ਼ਰ ਸਨ ।