ਹੁਣ ਪੰਜਾਬ ਦੇ ਇਸ MP ਘਰ ਕੇਜਰੀਵਾਲ ਕਰਨਗੇ ਨਵੀਂ ਵੱਸੋਂ! ਭਲਕੇ CM ਹਾਊਸ ਨੂੰ ਕਹਿਣਗੇ ਬਾਏ-ਬਾਏ
ਗੁਰਪ੍ਰੀਤ
ਨਵੀਂ ਦਿੱਲੀ ਚੰਡੀਗੜ੍ਹ, 3 ਅਕਤੂਬਰ 2024- ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਮਾਲਕ ਅਸ਼ੋਕ ਮਿੱਤਲ ਦੇ ਘਰ ਹੁਣ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਹਿਣਗੇ। ਕੇਜਰੀਵਾਲ 4 ਅਕਤੂਬਰ ਨੂੰ ਸੀਐੱਮ ਹਾਊਸ ਤੋਂ ਰਵਾਨਾ ਹੋਣਗੇ। ਹੁਣ ਕੇਜਰੀਵਾਲ ਦਾ ਨਵਾਂ ਘਰ 'ਆਪ' ਸਾਂਸਦ ਅਸ਼ੋਕ ਮਿੱਤਲ ਦਾ ਘਰ ਵੀਂ ਦਿੱਲੀ ਦੇ ਫਿਰੋਜ਼ਸ਼ਾਹ ਰੋਡ 'ਤੇ ਹੋਵੇਗਾ। ਯਾਨੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਦਾ ਨਵਾਂ ਪਤਾ ਹੈ- ਬੰਗਲਾ ਨੰਬਰ 5, ਫਿਰੋਜ਼ਸ਼ਾਹ ਰੋਡ, ਨਵੀਂ ਦਿੱਲੀ ਹੋਵੇਗਾ। ਅਸ਼ੋਕ ਮਿੱਤਲ ਦੀ ਸਰਕਾਰੀ ਰਿਹਾਇਸ਼ ਵਿੱਚ ਕੇਜਰੀਵਾਲ ਆਪਣੇ ਪੂਰੇ ਪਰਿਵਾਰ ਨਾਲ ਰਹਿਣਗੇ।
ਜਾਣੋ ਅਸ਼ੋਕ ਮਿੱਤਲ ਦਾ ਪਿਛੋਕੜ
ਦੱਸਣਾ ਬਣਦਾ ਹੈ ਕਿ, ਅਸ਼ੋਕ ਮਿੱਤਲ ਪੰਜਾਬ ਨਾਲ ਸਬੰਧਤ ਹਨ ਅਤੇ ਇੱਥੇ ਜਲੰਧਰ ਵਿੱਚ ਹੀ ਵੱਡੇ ਹੋਏ। ਅਸ਼ੋਕ ਮਿੱਤਲ ਦੇ ਪਿਤਾ ਨੇ ਕਰਜ਼ਾ ਲੈ ਕੇ ਮਿਠਾਈ ਦੀ ਦੁਕਾਨ ਖੋਲ੍ਹੀ ਹੋਈ ਸੀ। ਅਸ਼ੋਕ ਮਿੱਤਲ ਨੇ ਆਪਣੇ ਪਿਤਾ ਦੇ ਕਾਰੋਬਾਰ ਨੂੰ ਅੱਗੇ ਵਧਾਇਆ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਨੀਂਹ ਰੱਖੀ, ਜੋ ਨਾ ਸਿਰਫ਼ ਪੰਜਾਬ ਬਲਕਿ ਦੇਸ਼ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਵਪਾਰ ਦੀ ਦੁਨੀਆ ਵਿੱਚ ਨਾਮ ਕਮਾਉਣ ਤੋਂ ਬਾਅਦ ਅਸ਼ੋਕ ਮਿੱਤਲ ਨੇ ਰਾਜਨੀਤੀ ਵਿੱਚ ਪ੍ਰਵੇਸ਼ ਕੀਤਾ ਅਤੇ ‘ਆਪ’ ਨੇ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ।
ਮੀਡੀਆ ਰਿਪੋਰਟਾਂ ਮੁਤਾਬਿਕ, 1961 ਵਿੱਚ ਅਸ਼ੋਕ ਕੁਮਾਰ ਮਿੱਤਲ ਦੇ ਪਿਤਾ ਬਲਦੇਵ ਰਾਜ ਮਿੱਤਲ ਨੇ 500 ਰੁਪਏ ਕਰਜ਼ਾ ਲੈ ਕੇ ਜਲੰਧਰ ਵਿੱਚ ਲਵਲੀ ਸਵੀਟਸ ਦੇ ਨਾਂ ’ਤੇ ਦੁਕਾਨ ਖੋਲ੍ਹੀ। ਉਨ੍ਹਾਂ ਦੀ ਦੁਕਾਨ ਦੇ ਮੋਤੀਚੂਰ ਲੱਡੂ ਸਾਰੇ ਪੰਜਾਬ ਵਿੱਚ ਮਸ਼ਹੂਰ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਬੇਕਰੀ ਦਾ ਕੰਮ ਵੀ ਸ਼ੁਰੂ ਕਰ ਦਿੱਤਾ। ਅਸ਼ੋਕ ਮਿੱਤਲ ਨੇ ਨਾ ਸਿਰਫ਼ ਆਪਣੇ ਪਿਤਾ ਦੀ ਵਿਰਾਸਤ ਨੂੰ ਅੱਗੇ ਵਧਾਇਆ ਸਗੋਂ ਆਪਣਾ ਸ਼ਾਨਦਾਰ ਕਾਰੋਬਾਰ ਵੀ ਸ਼ੁਰੂ ਕੀਤਾ।
ਲਵਲੀ ਸਵੀਟਸ ਤੋਂ ਬਾਅਦ ਲਵਲੀ ਆਟੋ
ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ, ਅਸ਼ੋਕ ਮਿੱਤਲ ਨੇ ਜਲੰਧਰ ਵਿੱਚ ਬਜਾਜ ਸਕੂਟਰ ਡੀਲਰਸ਼ਿਪ ਲਈ ਅਰਜ਼ੀ ਦਿੱਤੀ। ਪਰ ਬਜਾਜ ਕੰਪਨੀ ਨੇ ਮਿਠਾਈ ਵੇਚਣ ਵਾਲੇ ਨੂੰ ਡੀਲਰਸ਼ਿਪ ਦੇਣ ਤੋਂ ਇਨਕਾਰ ਕਰ ਦਿੱਤਾ।
ਹਾਲਾਂਕਿ, ਜਦੋਂ ਉਨ੍ਹਾਂ ਨੂੰ ਲਵਲੀ ਸਵੀਟਸ ਦੀ ਪ੍ਰਸਿੱਧੀ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਡੀਲਰਸ਼ਿਪ ਦੇ ਦਿੱਤੀ। ਕੁਝ ਸਾਲਾਂ ਬਾਅਦ ਅਸ਼ੋਕ ਮਿੱਤਲ ਨੂੰ ਮਾਰੂਤੀ ਦੀ ਡੀਲਰਸ਼ਿਪ ਵੀ ਮਿਲ ਗਈ ਅਤੇ ਜਲੰਧਰ ਸਮੇਤ ਕਈ ਸ਼ਹਿਰਾਂ ਵਿੱਚ ਲਵਲੀ ਆਟੋ ਦੀਆਂ 25 ਤੋਂ ਵੱਧ ਸ਼ਾਖਾਵਾਂ ਖੁੱਲ੍ਹ ਗਈਆਂ।
ਯੂਨੀਵਰਸਿਟੀ ਦੀ ਸਥਾਪਨਾ
1999 ਤੱਕ ਪੰਜਾਬ ਵਿੱਚ ਕੋਈ ਪ੍ਰੋਫੈਸ਼ਨਲ ਯੂਨੀਵਰਸਿਟੀ ਨਹੀਂ ਸੀ। ਇਸ ਲਈ ਅਸ਼ੋਕ ਮਿੱਤਲ ਨੇ ਆਪਣੀ ਯੂਨੀਵਰਸਿਟੀ ਖੋਲ੍ਹੀ। 2005 ਵਿੱਚ ਪੰਜਾਬ ਸਰਕਾਰ ਨੇ ਵੀ ਇਸ ਨੂੰ ਮਾਨਤਾ ਦਿੱਤੀ ਸੀ। 600 ਏਕੜ ਵਿੱਚ ਫੈਲੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਭਾਰਤ ਅਤੇ ਵਿਦੇਸ਼ਾਂ ਦੇ 35 ਹਜ਼ਾਰ ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਲਵਲੀ ਗਰੁੱਪ ਦਾ ਸਾਲਾਨਾ ਟਰਨਓਵਰ 1 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਹੈ।