ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਕੌਮਾਂਤਰੀ ਪਲਾਸਟਿਕ ਬੈਗ ਮੁਕਤ ਦਿਵਸ ’ਤੇ ਸਫ਼ਾਈ ਮੁਹਿੰਮ ਦਾ ਆਗਾਜ਼
ਲਾਇਨਜ਼ ਕਲੱਬ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਗੁਰਦੁਆਰਾ ਨਾਡਾ ਸਾਹਿਬ ਦੇ ਨੇੜੇ ਦੇ ਇਲਾਕੇ ਦੀ ਸਫ਼ਾਈ ਕੀਤੀ
ਮੋਹਾਲੀ, 03 ਜੁਲਾਈ 2024- ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਵੱਲੋਂ ਕੌਮਾਂਤਰੀ ਪਲਾਸਟਿਕ ਬੈਗ ਮੁਕਤ ਦਿਵਸ ’ਤੇ ਇਕ ਨਵੇਕਲੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਵੱਖ ਵੱਖ ਥਾਵਾਂ ਨੂੰ ਪਲਾਸਟਿਕ ਮੁਕਤ ਕਰਨ ਅਤੇ ਸਫ਼ਾਈ ਮੁਹਿੰਮ ਦਾ ਆਗਾਜ਼ ਕੀਤਾ। ਇਸ ਲੜੀ ਵਿਚ ਝੰਜੇੜੀ ਕੈਂਪਸ ਦੇ ਪੰਜਾਹ ਦੇ ਕਰੀਬ ਵਿਦਿਆਰਥੀਆਂ ਨੇ ਭਾਈਚਾਰਕ ਭਾਵਨਾ ਅਤੇ ਵਾਤਾਵਰਨ ਸੰਭਾਲ ਲਈ ਨਯਾ ਸਵੇਰਾ ਫਾਊਂਡੇਸ਼ਨ, ਇਰਾਦਾ ਹਮਾਰਾ ਅਤੇ ਲਾਇਨਜ਼ ਕਲੱਬ ਦੇ ਸਹਿਯੋਗ ਨਾਲ ਗੁਰਦੁਆਰਾ ਨਾਡਾ ਸਾਹਿਬ ਦੇ ਆਸ ਪਾਸ ਦੇ ਇਲਾਕੇ ਨੂੰ ਪਲਾਸਟਿਕ ਮੁਕਤ ਅਤੇ ਸਫ਼ਾਈ ਮੁਹਿੰਮ ਸ਼ੁਰੂ ਕੀਤੀ।
ਸਭ ਵਲੰਟਿਆਰਾਂ ਨੇ ਦਸਤਾਨੇ ਅਤੇ ਬਾਇਓਡੀਗ੍ਰੇਡੇਬਲ ਬੈਗਾਂ ਨਾਲ ਲੈਸ ਹੋ ਕੇ ਗੁਰਦੁਆਰਾ ਸਾਹਿਬ ਦੇ ਨੇੜਿਉਂ ਪਲਾਸਟਿਕ ਸਮੇਤ ਹੋਰ ਕਈ ਤਰਾਂ ਦੇ ਕੂੜੇ ਨੂੰ ਸਾਫ਼ ਕਰਨ ਲਈ ਸਾਵਧਾਨੀ ਨਾਲ ਕੰਮ ਕੀਤਾ। ਇਸ ਦੌਰਾਨ ਸਭ ਵਲੰਟੀਅਰਾਂ ਨੇ ਇਸ ਯਤਨ ਰਾਹੀਂ ਪਲਾਸਟਿਕ ਦੀ ਵਰਤੋਂ ਨੂੰ ਘਟਾਉਣ ਅਤੇ ਟਿਕਾਊ ਅਭਿਆਸਾਂ ਨੂੰ ਅਪਣਾਉਣ ਦੀ ਤੁਰੰਤ ਲੋੜ ਨੂੰ ਉਜਾਗਰ ਕੀਤਾ।ਵਲੰਟੀਅਰਾਂ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਨਾ ਸਿਰਫ਼ ਖੇਤਰ ਨੂੰ ਸਾਫ਼ ਕਰਨਾ ਹੈ ਬਲਕਿ ਸਾਡੇ ਵਾਤਾਵਰਨ ਅਤੇ ਸਿਹਤ ’ਤੇ ਪਲਾਸਟਿਕ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਵੀ ਹੈ।ਜਦ ਕਿ ਉਨ੍ਹਾਂ ਦਾ ਇਹ ਉਤਸ਼ਾਹ ਭਰਿਆਂ ਸਮੂਹਿਕ ਯਤਨ ਇੱਕ ਸਾਫ਼, ਹਰੇ-ਭਰੇ ਇਲਾਕੇ ਨੂੰ ਪ੍ਰਫੁਲਿਤ ਕਰਨ ਲਈ ਇੱਕ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇਸ ਦੇ ਨਾਲ ਹੀ ਇਹ ਉਪਰਾਲਾ ਇਹ ਦਰਸਾਉਂਦਾ ਹੈ ਕਿ ਹਰ ਉਪਰਾਲਾ ਭਾਵੇਂ ਕਿੰਨੀ ਵੀ ਛੋਟੀ ਹੋਵੇ, ਇੱਕ ਵੱਡੇ ਪ੍ਰਭਾਵ ਵਿਚ ਆਪਣਾ ਯੋਗਦਾਨ ਪਾਉਂਦੀ ਹੈ।
ਝੰਜੇੜੀ ਕੈਂਪਸ ਦੇ ਨੌਜਵਾਨ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਇਸ ਪਹਿਲਕਦਮੀ ਦੀ ਮਹੱਤਤਾ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅੱਜ ਦੇਸ਼ ਨੂੰ ਨੌਜਵਾਨਾਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ। ਅੱਜ ਦੀ ਮੁਹਿੰਮ ਇਸ ਗੱਲ ਦਾ ਪ੍ਰਮਾਣ ਹੈ ਕਿ ਅਸੀਂ ਇਕੱਠੇ ਹੋ ਕੇ ਇੱਕਜੁੱਟਤਾ ਰਾਹੀਂ ਬਹੁਤ ਕੁੱਝ ਬਦਲ ਸਕਦੇ ਹਾਂ।ਹਰ ਉਪਰਾਲਾ ਸਾਨੂੰ ਕਿਸੇ ਅਗਲੀ ਮੰਜ਼ਿਲ ਤੇ ਲੈ ਕੇ ਜਾਂਦਾ ਹੈ। ਇਸ ਦੇ ਨਾਲ ਹੀ ਅਰਸ਼ ਧਾਲੀਵਾਲ ਨੇ ਕਿਹਾ ਕਿ ਇਹ ਉਪਰਾਲਾ ਇੱਥੇ ਹੀ ਖ਼ਤਮ ਨਹੀ ਹੋਵੇਗਾ ਬਲਕਿ ਨਯਾ ਸਵੇਰਾ ਫਾਊਂਡੇਸ਼ਨ, ਇਰਾਦਾ ਹਮਾਰਾ, ਲਾਇਨਜ਼ ਕਲੱਬ ਅਤੇ ਝੰਜੇੜੀ ਕੈਂਪਸ ਆਪਸੀ ਸਹਿਯੋਗ ਰਾਹੀਂ ਅਜਿਹੀਆਂ ਹੋਰ ਡਰਾਈਵਾਂ ਅਤੇ ਵਾਤਾਵਰਨ ਪਹਿਲਕਦਮੀਆਂ ਦਾ ਆਯੋਜਨ ਕਰਨ ਲਈ ਵਚਨਬੱਧ ਹਨ। ਇਹ ਭਵਿੱਖ ਦੇ ਯਤਨ ਸਫ਼ਾਈ ਮੁਹਿੰਮਾਂ ਦੀ ਪਹੁੰਚ ਅਤੇ ਪ੍ਰਭਾਵ ਨੂੰ ਵਧਾਉਣ ’ਤੇ ਧਿਆਨ ਕੇਂਦਰਿਤ ਰਹਿਣਗੇ।
ਸੀ ਜੀ ਸੀ ਦੇ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਲਾਜ਼ਮੀ ਹੈ ਕਿ ਅਸੀਂ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਬੰਦ ਕਰੀਏ ਅਤੇ ਟਿਕਾਊ ਵਿਕਲਪਾਂ ਨੂੰ ਅਪਣਾਉਂਦੇ ਹੋਏ ਬਿਹਤਰੀਨ ਸਮਾਜ ਦੀ ਸਿਰਜਣਾ ਵਿਚ ਆਪਣਾ ਰੋਲ ਅਦਾ ਕਰੀਏ। ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਕਿ ਵਿਸ਼ਵ ਵਾਤਾਵਰਨ ਦੀਆਂ ਵਧਦੀਆਂ ਚੁਨੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਸਮਾਜਾਂ ਨੂੰ ਤਬਦੀਲੀ ਲਿਆਉਣ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਇਕੱਠੇ ਹੋਣਾ ਚਾਹੀਦਾ ਹੈ।