CISF ਦਾ ਸਪੱਸ਼ਟੀਕਰਨ, ਕਿਹਾ- ਕੁਲਵਿੰਦਰ ਕੌਰ ਅਜੇ ਵੀ ਮੁਅੱਤਲ- ਵਿਭਾਗੀ ਜਾਂਚ ਜਾਰੀ, ਪੜ੍ਹੋ ਪੂਰਾ ਮਾਮਲਾ ਅਤੇ ਹੁਣ ਤੱਕ ਦੀ ਕਾਰਵਾਈ
ਚੰਡੀਗੜ੍ਹ, 3 ਜੁਲਾਈ 2024- ਚੰਡੀਗੜ੍ਹ ਹਵਾਈ ਅੱਡੇ 'ਤੇ ਅਭਿਨੇਤਰੀ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਬੈਂਗਲੁਰੂ ਵਿੱਚ ਇੱਕ ਰਿਜ਼ਰਵ ਬਟਾਲੀਅਨ ਵਿੱਚ ਤਬਦੀਲ ਅਤੇ ਬਹਾਲ ਕੀਤੇ ਜਾਣ ਦੀਆਂ ਖ਼ਬਰਾਂ ਦੇ ਵਿਚਕਾਰ, ਸੀਆਈਐਸਐਫ ਦਾ ਸਪੱਸ਼ਟੀਕਰਨ ਸਾਹਮਣੇ ਆਇਆ ਹੈ।
ਸੀਆਈਐਸਐਫ਼ ਨੇ ਕਿਹਾ ਹੈ ਕਿ ਕਾਂਸਟੇਬਲ ਕੁਲਵਿੰਦਰ ਕੌਰ ਵਿਰੁੱਧ ਵਿਭਾਗੀ ਜਾਂਚ ਅਜੇ ਵੀ ਜਾਰੀ ਹੈ। ਸੀਆਈਐਸਐਫ ਦੇ ਇੱਕ ਅਧਿਕਾਰੀ ਨੇ ਏਐਨਆਈ ਨੂੰ ਦਿੱਤੇ ਬਿਆਨ ਵਿਚ ਕਿਹਾ ਕਿ, ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਅਜੇ ਵੀ ਮੁਅੱਤਲ ਹੈ ਅਤੇ ਉਸ ਵਿਰੁੱਧ ਵਿਭਾਗੀ ਜਾਂਚ ਚੱਲ ਰਹੀ ਹੈ।
ਦੱਸ ਦੇਈਏ ਕਿ ਪਹਿਲਾਂ ਖ਼ਬਰਾਂ ਇਹ ਆਈਆਂ ਸਨ ਕਿ, ਕੁਲਵਿੰਦਰ ਕੌਰ ਦਾ ਤਬਾਦਲਾ ਕਰ ਦਿੱਤਾ ਗਿਆ ਹੈ ਅਤੇ ਉਹਨੂੰ ਨੌਕਰੀ ਤੇ ਬਹਾਲ ਕਰਦਿਆਂ ਬੈਂਗਲੁਰੂ ਵਿਚ ਨਵੀਂ ਪੋਸਟਿੰਗ ਦਿੱਤੀ ਗਈ ਹੈ।
ਕਿੱਥੋਂ ਸ਼ੁਰੂ ਹੋਇਆ ਵਿਵਾਦ?
6 ਜੂਨ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਡਿਊਟੀ 'ਤੇ ਮੌਜੂਦ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਨੂੰ ਕਥਿਤ ਤੌਰ ਤੇ ਥੱਪੜ ਮਾਰ ਦਿੱਤਾ ਸੀ। ਥੱਪੜ ਦੇ ਤੁਰੰਤ ਬਾਅਦ, ਕੁਲਵਿੰਦਰ ਕੌਰ ਨੇ ਸਪੱਸ਼ਟ ਕੀਤਾ ਸੀ ਕਿ ਉਹ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਅੰਦੋਲਨ ਦੌਰਾਨ ਪੰਜਾਬ ਦੀਆਂ ਔਰਤਾਂ 'ਤੇ ਕੰਗਨਾ ਦੀਆਂ ਟਿੱਪਣੀਆਂ ਤੋਂ ਕਥਿਤ ਤੌਰ 'ਤੇ ਨਾਖੁਸ਼ ਸੀ। ਕੁਲਵਿੰਦਰ ਕੌਰ ਨੂੰ ਘਟਨਾ ਤੋਂ ਤੁਰੰਤ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਉਸ ਵਿਰੁੱਧ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਸਨ।
ਮੇਰੇ ਨਾਲ ਕੀਤੀ ਗਈ ਬਦਸਲੂਕੀ- ਕੰਗਨਾ ਦਾ ਵੀਡੀਓ 'ਚ ਦਾਅਵਾ
ਜਿਵੇਂ ਹੀ ਚੰਡੀਗੜ੍ਹ ਏਅਰਪੋਰਟ ਤੇ ਕੁਲਵਿੰਦਰ ਕੌਰ ਨਾਲ ਤੂੰ-ਤੂੰ ਮੈਂ ਮੈਂ ਤੋਂ ਬਾਅਦ ਕੰਗਨਾ ਦਿੱਲੀ ਪਹੁੰਚੀ ਤਾਂ, ਉਹਨੇ ਇੱਕ ਵੀਡੀਓ ਜਾਰੀ ਕਰ ਦਿੱਤੀ। ਇਹ ਵੀਡੀਓ 6 ਜੂਨ ਨੂੰ ਹੀ ਜਾਰੀ ਕੀਤੀ ਗਈ ਸੀ, ਜਿਸ ਵਿਚ ਕੰਗਨਾ ਨੇ ਕਿਹਾ ਸੀ ਕਿ ਮੈਨੂੰ ਮੀਡੀਆ ਅਤੇ ਮੇਰੇ ਸ਼ੁਭਚਿੰਤਕਾਂ ਦੇ ਬਹੁਤ ਸਾਰੇ ਫੋਨ ਆ ਰਹੇ ਹਨ।
ਕੰਗਨਾ ਨੇ ਅੱਗੇ ਕਿਹਾ ਕਿ, ਮੈਂ ਸੁਰੱਖਿਅਤ ਹਾਂ, ਮੈਂ ਬਿਲਕੁਲ ਠੀਕ ਹਾਂ। ਮੈਂ ਸੁਰੱਖਿਅਤ ਹਾਂ ਅਤੇ ਮੈਨੂੰ ਕੋਈ ਸਮੱਸਿਆ ਨਹੀਂ ਹੈ। ਚੰਡੀਗੜ੍ਹ ਏਅਰਪੋਰਟ 'ਤੇ ਅੱਜ (6 ਜੂਨ ਨੂੰ) ਜੋ ਵੀ ਹੋਇਆ, ਉਹ ਸੁਰੱਖਿਆ ਜਾਂਚ ਦੌਰਾਨ ਹੋਇਆ। ਜਦੋਂ ਮੈਂ ਸੁਰੱਖਿਆ ਜਾਂਚ ਤੋਂ ਬਾਅਦ ਬਾਹਰ ਆਇਆ ਤਾਂ ਸੀਆਈਐਸਐਫ ਦੀ ਇੱਕ ਔਰਤ ਨੇ ਮੇਰੇ ਚਿਹਰੇ ਨੂੰ ਛੂਹਿਆ ਅਤੇ ਮੇਰੇ ਨਾਲ ਬਦਸਲੂਕੀ ਕੀਤੀ।
ਕੰਗਨਾ ਨੇ ਕਿਹਾ ਕਿ ਜਦੋਂ ਮੈਂ ਉਸ ਨੂੰ ਪੁੱਛਿਆ ਕਿ ਉਸਨੇ ਅਜਿਹਾ ਕਿਉਂ ਕੀਤਾ ਤਾਂ ਉਸਨੇ ਮੈਨੂੰ ਕਿਹਾ ਕਿ ਉਹ ਕਿਸਾਨਾਂ ਦੇ ਵਿਰੋਧ ਦਾ ਸਮਰਥਨ ਕਰਦੀ ਹੈ। ਮੈਂ ਸੁਰੱਖਿਅਤ ਹਾਂ ਪਰ ਮੇਰੀ ਚਿੰਤਾ ਇਹ ਹੈ ਕਿ ਅਸੀਂ ਪੰਜਾਬ ਵਿੱਚ ਅੱਤਵਾਦ ਨਾਲ ਕਿਵੇਂ ਨਜਿੱਠੀਏ?
ਦੱਸ ਦਈਏ ਕਿ, ਕੰਗਨਾ ਦਾ ਪੰਜਾਬ ਵਿਚ ਅੱਤਵਾਦ ਕਹਿਣਾ ਹੀ ਉਹਨੇ ਲਈ ਮੁਸੀਬਤ ਉਸ ਵੇਲੇ ਬਣ ਗਿਆ, ਜਦੋਂ ਵਿਰੋਧੀ ਧਿਰਾਂ ਦੇ ਨਾਲ ਨਾਲ ਪੰਜਾਬ ਦੀ ਸੱਤਾਧਿਰ ਆਮ ਆਦਮੀ ਪਾਰਟੀ ਨੇ ਕੰਗਨਾ ਨੂੰ ਅਜਿਹੀ ਬਿਆਨਬਾਜ਼ੀ ਕਰਨ ਤੋਂ ਵਰਜਿਆ ਅਤੇ ਐਸਜੀਪੀਸੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ, ਕੰਗਨਾ ਰਣੌਤ ਨੂੰ ਆਪਣੀ ਜੁਬਾਨ ਨੂੰ ਲਗਾਮ ਦੇਣੀ ਚਾਹੀਦੀ ਹੈ।
ਇਥੇ ਜਿਕਰ ਕਰਨਾ ਇਹ ਵੀ ਬਣਦਾ ਹੈ ਕਿ, ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਕੰਗਨਾ ਰਣੌਤ ਇਸ ਵਾਰ ਸੰਸਦ ਚੁਣੀ ਗਈ ਹੈ।