" ਨੌਜਵਾਨ ਭਾਰਤ ਸਭਾ ਨੇ ਸੌਂਪਿਆ ਮੰਗ ਪੱਤਰ "
ਜਗਤਾਰ ਸਿੰਘ
ਪਟਿਆਲਾ 17 ਨਵੰਬਰ 2024: ਨੌਜਵਾਨ ਭਾਰਤ ਸਭਾ ਜ਼ਿਲ੍ਹਾ ਪਟਿਆਲਾ ਦੁਆਰਾ ਸੂਬਾ ਪੱਧਰੀ ਸੱਦੇ ਤਹਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ 16 ਨਵੰਬਰ ਨੂੰ ਪਾਤੜਾਂ ਇਲਾਕੇ ਐਮ.ਐਲ.ਏ. ਕੁਲਵੰਤ ਸਿੰਘ ਦੇ ਦਫ਼ਤਰ ਐਮ.ਐਲ.ਏ. ਦੀ ਗ਼ੈਰਹਾਜ਼ਰੀ ਵਿੱਚ ਉਹਨਾਂ ਦੇ ਪੁੱਤਰ ਗੁਰਮੀਤ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ। ਮੰਗ ਪੱਤਰ ਸੌਂਪਦੇ ਹੋਏ ਸੂਬਾ ਕਮੇਟੀ ਮੈਂਬਰ ਦਵਿੰਦਰ ਛਬੀਲਪੁਰ ਤੇ ਜਿਲ੍ਹਾ ਸਕੱਤਰ ਖੁਸ਼ਵੰਤ ਹਨੀ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਅੰਦਰ ਨੌਜਵਾਨਾਂ ਦੀਆਂ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਨੂੰ ਦੇਖਦੇ ਹੋਏ ਨੌਜਵਾਨ ਭਾਰਤ ਸਭਾ ਨੇ ਪਿੰਡਾਂ ਅੰਦਰ ਨੌਜਵਾਨਾਂ ਦੀਆ ਕਮੇਟੀਆਂ ਬਣਾ ਕੇ ਸੰਘਰਸ਼ ਸ਼ੁਰੂ ਕੀਤਾ ਹੋਇਆ ਹੈ ਅਤੇ ਇਸ ਸੰਘਰਸ਼ ਨੂੰ ਪੰਜਾਬ ਅੰਦਰ ਨਸ਼ਿਆਂ ਲਈ ਜ਼ਿੰਮੇਵਾਰ ਪੁਲਿਸ, ਸਿਆਸਤਦਾਨ ਤੇ ਨਸ਼ਾ ਸਮਗਲਰਾਂ ਦੇ ਗਠਜੋੜ ਖ਼ਿਲਾਫ਼ ਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ਵਿਖੇ ਸਥਿਤ ਗੁਪਤ ਟਿਕਾਣੇ ਨੂੰ ਮਿਊਜ਼ੀਅਮ 'ਚ ਤਬਦੀਲ ਕਰਨ ਤੇ ਲਾਇਬ੍ਰੇਰੀ ਬਣਾਉਣ ਲਈ ਚੱਲ ਰਹੇ ਸੰਘਰਸ਼ ਨਾਲ ਜੋੜ ਕੇ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਅਹਿਦ ਕੀਤਾ ਹੋਇਆ ਹੈ।
ਨੌਜਵਾਨ ਭਾਰਤ ਸਭਾ ਦੇ ਜਿਲ੍ਹਾ ਆਗੂ ਹਰਿੰਦਰ ਸੈਣੀਮਾਜਰਾ ਤੇ ਗੁਰਦੀਪ ਕਲਵਾਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਨੇ 'ਖੇਡੋ ਪੰਜਾਬ' ਨਾਂ ਦੇ ਪੰਜਾਬ ਅੰਦਰ ਖੇਡ ਮੁਕਾਬਲੇ ਸ਼ੁਰੂ ਕੀਤੇ ਹਨ ਪ੍ਰੰਤੂ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਅੰਦਰ ਨੌਜਵਾਨਾਂ ਦੇ ਖੇਡਣ ਲਈ ਗ੍ਰਾਉੰਡ ਵੀ ਨਹੀਂ ਹਨ ਅਤੇ ਨਾ ਹੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਲਈ ਕੋਈ ਖੇਡ ਨੀਤੀ ਬਣਾਈ ਜਾ ਰਹੀ ਹੈ। ਇਸ ਤਰ੍ਹਾਂ ਸ਼ੁਤਰਾਣਾ ਹਲਕੇ ਵਿੱਚ ਵੀ ਨੌਜਵਾਨਾਂ ਲਈ ਖੇਡਣ ਲਈ ਕੋਈ ਗ੍ਰਾਉੰਡ ਨਹੀਂ ਹੈ। ਨੌਜਵਾਨ ਭਾਰਤ ਸਭਾ ਮੰਗ ਕਰਦੀ ਹੈ ਪੰਜਾਬ ਸਰਕਾਰ ਹਰ ਪਿੰਡ ਚੰਗਾ ਖੇਡ ਗ੍ਰਾਉੰਡ ਬਣਾਏ ਤੇ ਨੌਜਵਾਨਾਂ ਲਈ ਕੋਚ ਦਾ ਪ੍ਰਬੰਧ ਕਰੇ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ । ਆਗੂਆਂ ਨੇ ਕਿਹਾ ਕਿ ਮੰਗਾਂ ਨਾਂ ਮੰਨੇ ਜਾਣ ਦੀ ਹਾਲਤ ਵਿੱਚ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪਕ ਰੰਗਾ, ਪ੍ਰਿਤਪਾਲ ਕਲਵਾਣੂ, ਹੈਪੀ ਸਿੰਘ, ਪ੍ਰਦੀਪ ਸਿੰਘ,ਪ੍ਰਦੀਪ ਚੂਨਾਗਰਾ,ਆਦਿ ਹਾਜ਼ਰ ਰਹੇ।