ਡਾ ਅਮਨਦੀਪ ਸਿੰਘ ਟੱਲੇਵਾਲੀਆ ਦੇ ਗੀਤ ਪੰਜਾਬ ਦਾ ਪੋਸਟਰ ਲੋਕ ਅਰਪਣ
ਬਰਨਾਲਾ, 17 ਨਵੰਬਰ 2024 - ਬਰਨਾਲੇ ਨੂੰ ਸਾਹਿਤ ਦਾ ਮੱਕਾ ਕਿਹਾ ਜਾਂਦਾ ਹੈ ।ਇੱਥੇ ਹਰ ਵਿਧਾ ਦੇ ਲੇਖਕ ਮੌਜੂਦ ਹਨ । ਪਰ ਕਵੀਆਂ ਦੀ ਗਿਣਤੀ ਹੋਰ ਵਿਧਾਵਾਂ ਦੇ ਲੇਖਕਾਂ ਨਾਲੋਂ ਜਿਆਦਾ ਹੈ ਉਹਨਾਂ ਵਿੱਚ ਹੀ ਸ਼ਾਮਿਲ ਹੈ ਡਾ ਅਮਨਦੀਪ ਸਿੰਘ ਟੱਲੇਵਾਲੀਆ ਜੋ ਗੀਤ ਲਿਖ ਕੇ ਆਪਣੀ ਆਵਾਜ਼ ਰਾਹੀਂ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਂਦੇ ਹਨ। ਜਿੱਥੇ ਗੀਤ ਲੋਕਾਂ ਦਾ ਮਨੋਰੰਜਨ ਕਰਦੇ ਹਨ ਉਥੇ ਕੋਈ ਨਾ ਕੋਈ ਸਾਰਥਿਕ ਸੰਦੇਸ਼ ਜਰੂਰ ਛੱਡਦੇ ਹਨ ਜੋ ਲੋਕ ਮਨਾ ਤੇ ਆਪਣਾ ਅਸਰ ਕਰਦਾ ਹੈ ਗੀਤ ਲੋਕ ਮਨਾਂ ਦੀ ਹੂਕ ਹੁੰਦੇ ਹਨ ਤੇ ਲੋਕਾਂ ਦੇ ਮਨ ਤੇ ਅਸਰ ਕਰਨ ਵਾਲੇ ਗੀਤ ਲੋਕ ਗੀਤ ਬਣ ਜਾਂਦੇ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਮਿਊਜਿਕ ਡਾਇਰੈਕਟਰ ਕੇ ਵੀ ਸਿੰਘ ਨੇ ਡਾ ਅਮਨਦੀਪ ਸਿੰਘ ਟੱਲੇਵਾਲੀਆ ਦੁਆਰਾ ਲਿਖੇ ਅਤੇ ਗਾਏ ਗੀਤ ਪੰਜਾਬ ਦਾ ਪੋਸਟਰ ਲੋਕ ਅਰਪਣ ਕਰਨ ਸਮੇਂ ਕੀਤਾ ।
ਇਸ ਮੌਕੇ ਡਾ ਟੱਲੇਵਾਲੀਆ ਨੇ ਕਿਹਾ ਕਿ ਇਸ ਗੀਤ ਰਾਹੀਂ ਪੰਜਾਬ ਦੇ ਲੋਕਾਂ ਨੂੰ ਇੱਕ ਹਲੂਣਾ ਦਿੱਤਾ ਹੈ ਜੋ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਵੇਚ ਕੇ ਵਿਦੇਸ਼ਾਂ ਵੱਲ ਨੂੰ ਹਿਜਰਤ ਕਰ ਰਹੇ ਹਨ ਉਹ ਜ਼ਮੀਨਾਂ ਜਿਹੜੀਆਂ ਸਾਡੇ ਵਡ ਵਡੇਰਿਆਂ ਨੇ ਆਪਣਾ ਲਹੂ ਅਤੇ ਪਸੀਨਾ ਡੋਲ ਡੋਲ ਕੇ ਬਣਾਈਆਂ ਸਨ ਉਹਨਾਂ ਨੂੰ ਗਹਿਣੇ ਕਰਕੇ ਜਾਂ ਬੈਅ ਕਰਕੇ ਜਿਹੜੇ ਲੋਕ ਵਿਦੇਸ਼ਾਂ ਵੱਲ ਨੂੰ ਇਹ ਕਹਿ ਕੇ ਜਾ ਰਹੇ ਹਨ ਕਿ ਇੱਥੇ ਹੁਣ ਕੁਝ ਵੀ ਨਹੀਂ ਰਿਹਾ ਉਹਨਾਂ ਲੋਕਾਂ ਨੂੰ ਇਸ ਗੀਤ ਰਾਹੀਂ ਸਮਝਾਉਣ ਦਾ ਯਤਨ ਕੀਤਾ ਹੈ ਕਿ ਬੇਸ਼ੱਕ ਦੁਨੀਆ ਦੇ ਕੋਨੇ ਕੋਨੇ ਉੱਤੇ ਘੁੰਮ ਆਓ ਕਮਾਈਆਂ ਕਰੋ, ਪਰ ਆਪਣੇ ਪੰਜਾਬ ਦੀ ਮਿੱਟੀ ਨੂੰ ਹਿੱਕ ਨਾਲ ਲਾ ਕੇ ਰੱਖਿਓ ਕਿਤੇ ਇਹ ਨਾ ਹੋਵੇ ਕਿ ਸਾਡੀਆਂ ਆਉਣ ਵਾਲੀਆਂ ਪੀੜੀਆਂ ਪੰਜਾਬ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਨੂੰ ਤਰਸਣ ਜਿਵੇਂ ਕਿ ਅਸੀਂ ਪਾਕਿਸਤਾਨ ਸਥਿਤ ਗੁਰੂਧਾਮਾਂ ਦੇ ਦਰਸ਼ਨਾਂ ਨੂੰ ਤਰਸ ਰਹੇ ਹਾਂ ।
ਪੰਜਾਬੀ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਸ ਤੇਜਾ ਸਿੰਘ ਤਿਲਕ ਨੇ ਕਿਹਾ ਡਾ ਅਮਨਦੀਪ ਨੇ ਇਸ ਗੀਤ ਰਾਹੀਂ ਵਿਦੇਸ਼ਾਂ ਨੂੰ ਜਾ ਰਹੇ ਤੇ ਗਏ ਪੰਜਾਬੀਆਂ ਨੂੰ ਆਪਣੀਆਂ ਜੜਾਂ ਨਾਲ ਜੁੜੇ ਰਹਿਣ ਦੀ ਤੇ ਇਹਦਾ ਮੋਹ ਹੋਰ ਵਧਾਉਣ ਲਈ ਤੇ ਇਹਦੀ ਸਾਰ ਜਿਉਂ ਦੀ ਤਿਉਂ ਲੈਂਦੇ ਰਹਿਣ ਲਈ ਪ੍ਰੇਰਿਆ ਹੈ । ਗੀਤਕਾਰ ਜੱਗੀ ਸੰਘੇੜਾ ਨੇ ਕਿਹਾ ਅੱਜ ਕੱਲ ਗਾਇਕ ਅਤੇ ਗੀਤਕਾਰ ਪੈਸੇ ਨੂੰ ਪ੍ਰਮੁੱਖ ਰੱਖ ਕੇ ਗਾਉਂਦੇ ਅਤੇ ਲਿਖਦੇ ਹਨ ਪਰ ਡਾ ਟੱਲੇਵਾਲੀਆ ਨੇ ਅੱਜ ਤੱਕ ਜਿਹੜੇ ਵੀ ਗੀਤ ਗਾਏ ਹਨ ਉਹ ਸਿਰਫ ਸਮਾਜ ਨੂੰ ਸੇਧ ਦੇਣ ਲਈ ਗਾਏ ਹਨ। ਇਸ ਮੌਕੇ ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨਾਵਲਕਾਰ ਦਰਸ਼ਨ ਸਿੰਘ ਗੁਰੂ ਵੀਡੀਓ ਨਿਰਦੇਸ਼ਕ ਸੁਖਚਰਨਪ੍ਰੀਤ ਗੀਤਕਾਰ ਹਾਕਮ ਸਿੰਘ ਰੂੜੇਕੇ ਰਘਵੀਰ ਸਿੰਘ ਗਿੱਲ ਕੱਟੂ ਅਤੇ ਫਤਿਹਦੀਪ ਸਿੰਘ ਟੱਲੇਵਾਲੀਆ ਨੇ ਪੋਸਟਰ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ।
ਇਸ ਗੀਤ ਨੂੰ ਕੇਵੀ ਸਿੰਘ ਅਤੇ ਹਾਰਵੀ ਸਿੰਘ ਨੇ ਆਪਣੇ ਮਿਊਜ਼ਿਕ ਨਾਲ ਸ਼ਿੰਗਾਰਿਆ ਹੈ ਤੇ ਟਰਸਟਡ ਟਿਊਨ ਕੰਪਨੀ ਨੇ ਇਸ ਗੀਤ ਨੂੰ ਰਿਲੀਜ਼ ਕੀਤਾ ਹੈ ਇਸ ਗੀਤ ਦੀ ਵੀਡੀਓ ਰੁਪਿੰਦਰਜੀਤ ਕੌਰ ਅਤੇ ਸੁਖਚਰਨਪ੍ਰੀਤ ਨੇ ਨਿਰਦੇਸ਼ਿਤ ਕੀਤੀ ਹੈ ।