ਸੀ ਪੀ ਆਈ ਐਮ ਐਲ ਵਲੋਂ ਕਾਮਰੇਡ ਸੰਘਾ ਦੀ ਬਰਸੀ ਮੌਕੇ ਸਿਆਸੀ ਕਾਨਫਰੰਸ
- ਆਰਥਿਕ-ਰਾਜਸੀ ਪ੍ਰਬੰਧ ਬਦਲਣ ਲਈ ਜਮਾਤੀ ਸੰਘਰਸ਼ ਤੇਜ ਕਰਨ ਦਾ ਦਿੱਤਾ ਸੱਦਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 20ਨਵੰਬਰ ,2024 - ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ -ਲੈਨਿਨਵਾਦੀ ) ਨਿਊਡੈਮੋਕਰੇਸੀ ਵਲੋਂ ਸ਼ਹੀਦ ਮਾਸਟਰ ਗਿਆਨ ਸਿੰਘ ਸੰਘਾ ਦੀ 32ਵੀਂ ਬਰਸੀ ਮੌਕੇ ਸਿਆਸੀ ਕਾਨਫਰੰਸ ਕੀਤੀ ਗਈ। ਕਾਮਰੇਡ ਸੰਘਾ ਦੀ ਯਾਦਗਾਰ ਉੱਤੇ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਪਾਰਟੀ ਦੇ ਆਗੂ ਅਵਤਾਰ ਸਿੰਘ ਤਾਰੀ ਵਲੋਂ ਨਿਭਾਈ ਗਈ । ਇਸ ਮੌਕੇ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਸਾਨੂੰ ਸ਼ਹੀਦ ਸਾਥੀ ਸੰਘਾ ਜੀ ਦੇ ਦਰਸਾਏ ਰਾਹ ਉੱਤੇ ਚੱਲਦਿਆਂ ਜਮਾਤੀ ਯੁੱਧ ਨੂੰ ਹੋਰ ਤੇਜ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ।ਇਸ ਉਪਰੰਤ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਸੂਬਾਈ ਆਗੂਆਂ ਕਾਮਰੇਡ ਦਰਸ਼ਨ ਸਿੰਘ ਖਟਕੜ , ਕਾਮਰੇਡ ਅਜਮੇਰ ਸਿੰਘ ਸਮਰਾ ਅਤੇ ਕਾਮਰੇਡ ਕੁਲਵਿੰਦਰ ਸਿੰਘ ਵੜੈਚ ਨੇ ਇਨਕਲਾਬੀ ਤਾਕਤਾਂ ਨੂੰ ਮਜਬੂਤ ਕਰਕੇ ਤਿੱਖੇ ਸੰਘਰਸ਼ ਲੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਮੌਜੂਦਾ ਆਰਥਿਕ-ਰਾਜਸੀ ਪ੍ਰਬੰਧ ਨੂੰ ਢਾਹ ਢੇਰੀ ਕਰਨ ਤੋਂ ਬਿਨਾਂ ਦੇਸ਼ ਦੇ ਮਿਹਨਤਕਸ਼ ਲੋਕਾਂ ਦੀ ਹਾਲਤ ਨਹੀਂ ਸੁਧਰ ਸਕਦੀ।
ਮੌਜੂਦਾ ਆਰਥਿਕ-ਰਾਜਸੀ ਪ੍ਰਬੰਧ ਦੇ ਹੁੰਦਿਆਂ ਕੋਈ ਵੀ ਰਾਜਸੀ ਪਾਰਟੀ ਦੇਸ਼ ਦੇ ਹਾਲਾਤਾਂ ਨੂੰ ਸੁਧਾਰ ਨਹੀਂ ਸਕਦੀ।ਉਹਨਾਂ ਆਖਿਆ ਕਿ ਸ਼ਹੀਦ ਸਾਥੀ ਸੰਘਾ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ । ਉਹਨਾਂ ਕਿਹਾ ਕਿ ਦੁਨੀਆਂ ਵਿਚ ਆਰਥਿਕ ਮੰਦਵਾੜਾ ਵਧ ਰਿਹਾ ਹੈ ਜੋ ਕਿ ਸਾਮਰਾਜਵਾਦ ਦਾ ਸੰਕਟ ਹੈ।ਰੂਸ-ਯੂਕਰੇਨ ਜੰਗ ਅਤੇ ਇਸਰਾਇਲ ਦੇ ਫਲਸਤੀਨ ਉੱਤੇ ਹਮਲੇ ਸਾਮਰਾਜਵਾਦ ਦੀ ਦੇਣ ਹੈ।ਫਲਸਤੀਨ ਉੱਤੇ ਇਸਰਾਇਲੀ ਹਮਲਿਆਂ ਦੇ ਪਿੱਛੇ ਅਮਰੀਕਨ ਸਾਮਰਾਜ ਅਤੇ ਪੱਛਮ ਦੇ ਸਾਮਰਾਜੀ ਦੇਸ਼ ਹਨ।ਫਲਸਤੀਨ ਦੇ ਗਾਜ਼ਾ ਖਿੱਤੇ ਨੂੰ ਬੰਬਾਂ ਅਤੇ ਮਿਜਾਇਲਾਂ ਨਾਲ ਖੰਡਰਾਤਾਂ ਵਿੱਚ ਬਦਲ ਦਿੱਤਾ ਗਿਆ।ਔਰਤਾਂ ਅਤੇ ਮਾਸੂਮ ਬੱਚਿਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ।ਸਾਮਰਾਜੀ ਤਾਕਤਾਂ ਦੂਸਰੇ ਆਪਣੀਆਂ ਮੰਡੀਆਂ ਦਾ ਵਿਸਥਾਰ ਕਰਨਾ ਚਾਹੁੰਦੀਆਂ ਹਨ।ਉਹਨਾਂ ਕਿਹਾ ਕਿ ਸੰਸਾਰ ਹੁਣ ਅਮਰੀਕਾ ਦੀ ਚੌਧਰ ਵਾਲਾ ਇਕ ਧਰੁੱਵੀ ਸੰਸਾਰ ਨਹੀਂ ਰਿਹਾ।ਦੁਨੀਆਂ ਦਾ ਤੋਲ ਤੇਜੀ ਨਾਲ ਬਦਲ ਰਿਹਾ ਹੈ।
ਉਹਨਾਂ ਕਿਹਾ ਕਿ ਦੁਨੀਆਂ ਦੇ ਬਦਲਦੇ ਇਸ ਤੋਲ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੱਦੋਂ ਵੱਧ ਉਭਾਰਿਆ ਜਾ ਰਿਹਾ ਹੈ।ਆਗੂਆਂ ਨੇ ਕਿਹਾ ਕਿ ਦੇਸ਼ ਵਿੱਚ ਭੁੱਖਮਰੀ, ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰ ਸਭ ਹੱਦਾਂ ਬੰਨੇ ਟੱਪ ਚੁੱਕਾ ਹੈ।ਮੋਦੀ ਸਰਕਾਰ ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ ਅਤੇ ਔਰਤਾਂ ਉੱਤੇ ਜਬਰ ਢਾਹ ਰਹੀ ਹੈ।ਇਹ ਸਰਕਾਰ ਜੰਗਲ ਦੀ ਸੰਪਤੀ ਨੂੰ ਕਾਰਪੋਰੇਟਾਂ ਨੂੰ ਲੁਟਾਉਣ ਲਈ ਆਦਿਵਾਸੀਆਂ ਦਾ ਉਜਾੜਾ ਕਰ ਰਹੀ ਹੈ।ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਐਲਾਨ ਕਰ ਰਿਹਾ ਹੈ ਕਿ ਨਕਸਲੀਆਂ ਨੂੰ 2027 ਤੱਕ ਖਤਮ ਕਰ ਦਿੱਤਾ ਜਾਵੇਗਾ।ਇਸਤੋਂ ਸਪੱਸ਼ਟ ਹੈ ਕਿ ਨਕਸਲੀ ਲਹਿਰ ਤੋਂ ਮੋਦੀ ਸਰਕਾਰ ਬੁਰੀ ਤਰ੍ਹਾ ਭੈਅ ਭੀਤ ਹੈ।ਉਹਨਾਂ ਕਿਹਾ ਕਿ ਆਦਿਵਾਸੀਆਂ ਦੇ ਉਜਾੜੇ, ਆਦਿਵਾਸੀਆਂ ਨੂੰ ਜਬਰ ਢਾਹੁਣ ਦਾ ਤਿੱਖਾ ਵਿਰੋਧ ਕਰਨਾ ਚਾਹੀਦਾ ਹੈ। ਜੇਕਰ ਅਸੀਂ ਨਿਗਾਹ ਮਾਰੀਏ ਤਾਂ ਕੇਂਦਰ ਦੀ ਮੋਦੀ ਸਰਕਾਰ ਇਕ ਦੇਸ਼- ਇਕ ਮੰਡੀ ,ਇਕ ਦੇਸ਼-ਇਕ ਟੈਕਸ, ਇਕ ਦੇਸ਼-ਇਕ ਬੋਲੀ ਲਾਗੂ ਕਰਕੇ ਦੇਸ਼ ਦੀ ਵੰਨਸੁਵੰਨਤਾ ਖਤਮ ਕਰਨ ਦੇ ਰਾਹ ਤੁਰੀ ਹੋਈ ਹੈ।
ਮੋਦੀ ਸਰਕਾਰ ਦੇ ਰਾਜ ਕਰਨ ਦੇ ਤਰੀਕੇ ਆਮ ਨਹੀਂ ਖਾਸ ਹਨ ,ਤਾਕਤ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਜਿਸ ਕਾਰਨ ਸੂਬਿਆਂ ਦੇ ਹੱਕਾਂ ਉੱਤੇ ਸੱਟ ਮਾਰੀ ਜਾ ਰਹੀ ਹੈ । ਨਵੀਂ ਕਿਸਮ ਦਾ ਕੌਮਵਾਦ ਉਭਾਰਿਆ ਜਾ ਰਿਹਾ ਹੈ ।ਨਵੀਂ ਵਿਦਿਆ ਨੀਤੀ ਰਾਹੀਂ ਸਿਰਫ ਇਕ ਵਿਚਾਰ ਲੈਕੇ ਆਂਦਾ ਜਾ ਰਿਹਾ ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਹਰ ਵਿਰੋਧੀ ਵਿਚਾਰਾਂ ਨੂੰ ਕੁਚਲਣ ਦੇ ਰਾਹ ਪੈ ਗਈ ਹੈ,ਪ੍ਰੈਸ ਦੀ ਆਜਾਦੀ ਨੂੰ ਕੁਚਲ ਰਹੀ ਹੈ।ਇਸ ਸਰਕਾਰ ਦੇ ਫਾਸ਼ੀ ਹੱਲੇ ਤੇਜੀ ਨਾਲ ਵਧ ਰਹੇ ਹਨ। ਮੋਦੀ ਸਰਕਾਰ ਦੇਸੀ ਅਤੇ ਵਿਦੇਸ਼ੀ ਕਾਰਪੋਰੇਟਰਾਂ ਦੇ ਹਿੱਤ ਪੂਰਦੀਆਂ ਆਰਥਿਕ ਅਤੇ ਵਿੱਤੀ ਨੀਤੀਆਂ ਲਾਗੂ ਕਰ ਰਹੀ ਹੈ ਉਹਨਾਂ ਕਿਹਾ ਕਿ ਲੋਕ ਸੰਘਰਸ਼ਾਂ ਨੂੰ ਮੋਦੀ ਸਰਕਾਰ ਦੇ ਫਾਸ਼ੀਵਾਦੀ ਹੱਲੇ ਵਿਰੁੱਧ ਸੇਧਤ ਕਰਨਾ ਚਾਹੀਦਾ ਹੈ ।
ਦਲਜੀਤ ਸਿੰਘ ਐਡਵੋਕੇਟ, ਕਮਲਜੀਤ ਸਨਾਵਾ ਅਤੇ ਹਰੀ ਰਾਮ ਰਸੂਲਪੁਰੀ ਨੇ ਪੰਜਾਬ ਦੀ ਮਾਨ ਸਰਕਾਰ ਉੱਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਾਗੂੰ ਮਾਨ ਸਰਕਾਰ ਵੀ ਮਜਦੂਰਾਂ,ਕਿਸਾਨਾਂ, ਮੁਲਾਜਮਾਂ ਦੀ ਵਿਰੋਧੀ ਸਰਕਾਰ ਹੈ।ਮੁੱਖ ਮੰਤਰੀ ਭਗਵੰਤ ਮਾਨ ਧੂੰਏ ਦੇ ਪਹਾੜ ਖੜ੍ਹੇ ਕਰਨ ਵਿੱਚ ਮਾਹਿਰ ਹੈ।ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਗੂੰ ਨਿਕੰਮੀ ਸਾਬਤ ਹੋਈ ਹੈ।ਇਸ ਸਰਕਾਰ ਵੱਲੋਂ ਕੁਝ ਵੀ ਅਜਿਹਾ ਨਹੀਂ ਕੀਤਾ ਗਿਆ ਜਿਸ ਉੱਤੇ ਪੰਜਾਬ ਦੇ ਲੋਕ ਮਾਣ ਮਹਿਸੂਸ ਕਰ ਸਕਣ।ਉਹਨਾਂ ਕਿਹਾ ਕਿ ਦੇਸ਼ ਦੀ ਤਸਵੀਰ ਨਕਸਲਬਾੜੀ ਦੇ ਰਾਹ ਉੱਤੇ ਚੱਲਦਿਆਂ ਨਵਜਮਹੂਰੀ ਇਨਕਲਾਬ ਕਰਕੇ ਹੀ ਬਦਲ ਸਕਦੀ ਹੈ ,ਇਹੀ ਰਾਹ ਹੈ ਜੋ ਸਾਥੀ ਸੰਘਾ ਨੇ ਸਾਨੂੰ ਦਿਖਾਇਆ ਹੈ ।ਸਾਨੂੰ ਇਸ ਲੁੱਟ ਅਧਾਰਤ ਪ੍ਰਬੰਧ ਨੂੰ ਬਦਲਣ ਦੇ ਯਤਨ ਤੇਜ਼ ਕਰਨੇ ਚਾਹੀਦੇ ਹਨ।
ਇਸ ਮੌਕੇ ਪਾਸ ਕੀਤੇ ਮਤਿਆਂ ਰਾਹੀਂ ਚਾਰ ਕਿਰਤ ਕੋਡ ਰੱਦ ਕਰਨ,ਕੇਂਦਰੀ ਜਾਂਚ ਏਜੰਸੀ ਨੂੰ ਖਤਮ ਕਰਨ,ਯੂਏਪੀਏ ਨੂੰ ਖਤਮ ਕਰਨ,ਆਦਿਵਾਸੀਆਂ ਦਾ ਉਜਾੜਾ ਬੰਦ ਕਰਨ, ਨਵੀਂ ਸਿੱਖਿਆ ਨੀਤੀ ਵਾਪਿਸ ਲੈਣ,ਸੂਬਿਆਂ ਦੇ ਅਧਿਕਾਰਾਂ ਉੱਤੇ ਡਾਕੇ ਮਾਰਨੇ ਬੰਦ ਕਰਨ, ਸਾਰੇ ਸਿਆਸੀ ਕੈਦੀ ਅਤੇ ਸਜਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾ ਕਰਨ,ਫਲਸਤੀਨ ਉੱਤੇ ਇਸਰਾਇਲ ਦੇ ਹਮਲੇ ਬੰਦ ਕਰਨ,ਸਾਰੀਆਂ ਫਸਲਾਂ ਉੱਤੇ ਐਮ.ਐਸ.ਪੀ ਦੀ ਗਰੰਟੀ ਦੇਣ,ਕਿਸਾਨੀ ਦਾ ਸਮੁੱਚਾ ਕਰਜ਼ਾ ਮੁਆਫ ਕਰਨ,ਕੱਚੇ ਮੁਲਾਜਮ ਪੱਕੇ ਕਰਨ, ਦੀ ਮੰਗ ਕੀਤੀ ਗਈ।
ਇਸ ਮੌਕੇ ਮਾਨਵਤਾ ਕਲਾ ਕੇਂਦਰ ਨਗਰ ਦੀ ਨਾਟਕ ਟੀਮ ਵਲੋਂ ਇਨਕਲਾਬੀ ਨਾਟਕ ਅਤੇ ਕੋਰੀਓਗ੍ਰਫੀਆਂ ਪੇਸ਼ ਕੀਤੀਆਂ ਗਈਆਂ।