ਕਿਰਤੀ ਕਿਸਾਨ ਯੂਨੀਅਨ ਵੱਲੋਂ ਮੰਤਰੀ ਦੇ ਬੂਹੇ ਮੂਹਰੇ ਤਿੰਨ ਰੋਜ਼ਾ ਧਰਨਾ
- ਸਰਕਾਰ ਚਾਹੇ ਤਾਂ ਪੰਜਾਬ ਕਰ ਸਕਦਾ ਹੈ 40 ਹਜਾਰ ਕਰੋੜ ਰੁਪਏ ਦੀ ਕਮਾਈ: ਛੀਨਾ
ਕੁਲਵਿੰਦਰ ਸਿੰਘ ਜਗਦੇਵ ਕਲਾਂ
ਅੰਮ੍ਰਿਤਸਰ, 21 ਅਕਤੂਬਰ 2024 - ਪੂਰੇ ਪੰਜਾਬ ਭਰ ਵਿੱਚ ਇਸ ਵੇਲੇ ਬਾਸਮਤੀ ਦੇ ਮੁੱਲ ਅਤੇ ਲਿਫਟਿੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ। ਇਸ ਸਿਲਸਿਲੇ ਵਿੱਚ ਹੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਅੱਜ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਘਰ ਸਾਹਮਣੇ ਤਿੰਨ ਦਿਨਾਂ ਧਰਨਾ ਸ਼ੁਰੂ ਕਰ ਦਿੱਤਾ ਗਿਆ। ਅੱਜ ਜਦੋਂ ਕਿਸਾਨ ਧਰਨਾਂ ਸਥਲ ਤੇ ਇਕੱਠੇ ਹੋਏ ਤਾਂ ਪ੍ਰਸ਼ਾਸਨ ਅਤੇ ਮੰਤਰੀ ਵੱਲੋਂ ਧਰਨੇ ਨੂੰ ਅਣਦੇਖਿਆਂ ਕਰਨ ਦਾ ਅਭਾਸ ਹੋਣ ਤੇ ਗੁੱਸੇ ਵਿੱਚ ਆ ਕੇ ਕਿਸਾਨਾਂ ਨੇ ਕੈਬਨਿਟ ਮੰਤਰੀ ਦੇ ਘਰ ਨੂੰ ਚਾਲੇ ਪਾ ਦਿੱਤੇ ਅਤੇ ਮੰਤਰੀ ਦੇ ਗੇਟ ਮੂਹਰੇ ਪਹੁੰਚ ਕੇ ਧਰਨਾ ਸ਼ੁਰੂ ਕਰ ਦਿੱਤਾ ਜਥੇਬੰਦੀ ਵੱਲੋਂ ਲਗਾਤਾਰ ਤਿੰਨ ਘੰਟੇ ਘਰ ਦੇ ਗੇਟ ਮੂਹਰੇ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਇਸ ਸਮੇਂ ਸੈਂਕੜੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਝੰਡੇਰ, ਸੂਬਾ ਕਮੇਟੀ ਮੈਂਬਰਾਨ ਹਰਦੀਪ ਕੌਰ ਕੋਟਲਾ ਤੇ ਸੁਖਦੇਵ ਸਿੰਘ ਸਹਿੰਸਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਉਣੀ 2024 ਦੇ ਝੋਨੇ ਦੇ ਸੀਜ਼ਨ ਵਿੱਚ ਜਿੱਥੇ ਰਵਾਇਤੀ ਝੋਨੇ ਦੀ ਖਰੀਦ ਦਾ ਸਰਕਾਰ ਪ੍ਰਬੰਧ ਨਹੀਂ ਕਰ ਸਕੀ ਉੱਥੇ ਬਾਸਮਤੀ ਦੀ ਪ੍ਰਾਈਵੇਟ ਵਪਾਰੀ ਵੱਲੋਂ ਲੁੱਟ ਸੱਭ ਹੱਦਾਂ ਪਾਰ ਕਰ ਗਈ ਹੈ।ਜਿਹੜੀ 1509 ਬਾਸਮਤੀ ਪਿੱਛਲੇ ਸਾਲ ,3500/ ਰੁਪਏ ਕੁਇੰਟਲ ਵਿਕੀ ਸੀ ਉਹ ਇਸ ਸੀਜ਼ਨ ਵਿੱਚ 2200 ਰੁਪਏ ਕੁਇੰਟਲ ਤੱਕ ਵਿਕ ਗਈ ਹੈ। ਜਿਹੜੀਆਂ 1121,1718,1885 ਕਿਸਮਾਂ ਪਿੱਛਲੇ ਸੀਜਨ 5000 ਰੁਪਏ ਸੀ ਇਸ ਸੀਜ਼ਨ ਉਸ ਬਾਸਮਤੀ ਦਾ ਆਮ ਭਾਅ 2800 ਤੋਂ 3000 ਤੱਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੰਤਰੀ ਜਨਤਕ ਸਟੇਜਾਂ ਤੇ ਕਹਿੰਦੇ ਰਹੇ ਹਨ ਕਿ ਵੱਧ ਤੋਂ ਵੱਧ ਬਾਸਮਤੀ ਲਾਈ ਜਾਵੇ ਤਾਂ ਕਿ ਧਰਤੀ ਹੇਠਲੇ ਪਾਣੀ ਦੇ ਗੰਭੀਰ ਸੰਕਟ ਤੋਂ ਬਚਿਆ ਜਾ ਸਕੇ।ਉਹ ਇਹ ਵੀ ਕਹਿੰਦੇ ਰਹੇ ਕਿ ਕਿਸਾਨਾਂ ਨੂੰ ਚੰਗਾ ਭਾਅ ਵੀ ਦਿੱਤਾ ਜਾਵੇਗਾ।
ਉਨਾਂ ਹੋਰ ਕਿਹਾ ਕਿ ਬਾਸਮਤੀ ਪਾਣੀ ਦੀ ਬੱਚਤ ਕਰਦੀ ਹੈ ਤੇ ਡਾਲਰਾਂ ਦੀ ਕਮਾਈ ਕਰਕੇ ਦਿੰਦੀ ਹੈ ਤੇ ਇਸ ਦਾ 5.88 ਬਿਲੀਅਨ ਡਾਲਰ ਦਾ ਵਪਾਰ ਵਾਹਗੇ ਸਰਹੱਦ ਰਾਹੀਂ ਕੀਤਾ ਜਾਵੇ ਤਾਂ ਪੰਜਾਬ ਨੂੰ ਘੱਟੋ ਘੱਟ 40000 ਕਰੋੜ ਰੁਪਏ ਦੀ ਕਮਾਈ ਹੋ ਸਕਦੀ ਹੈ ਤੇ ਪੰਜਾਬ ਦੇ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਰੁਜ਼ਗਾਰ ਮੁਹੱਈਆ ਹੋ ਸਕਦਾ ਹੈ।ਇਸ ਲਈ ਸਰਕਾਰ ਵੱਲੋਂ ਬਾਸਮਤੀ ਦੀਆਂ 1121 ਕਿਸਮਾਂ ਦਾ ਸਮਰਥਨ ਮੁੱਲ 6000 ਰੁਪਏ ਤੇ 1509 ਕਿਸਮਾਂ ਦਾ ਐਮ ਐਸ ਪੀ 5000 ਰੁਪਏ ਐਲਾਨਿਆਂ ਜਾਵੇ। ਉਨ੍ਹਾਂ ਹੋਰ ਕਿਹਾ ਕਿ ਜੇ ਮੰਤਰੀ ਨੇ ਕਿਸਾਨਾਂ ਨਾਲ ਬੇਰੁੱਖੀ ਵਾਲਾ ਵਤੀਰਾ ਅਪਣਾਇਆ ਤਾਂ ਧਰਨਾ ਪ੍ਰਦਰਸ਼ਨ ਲੰਮਾਂ ਵੀ ਚੱਲ ਸਕਦਾ ਹੈ। ਇਸ ਸਮੇਂ ਕਿਸਾਨ ਆਗੂਆਂ ਮੇਜਰ ਸਿੰਘ ਕੜਿਆਲ, ਅਵਤਾਰ ਸਿੰਘ ਜੱੱਸੜ, ਸੁਖਵਿੰਦਰ ਸਿੰਘ ਕਿਆਮਪੁਰ, ਕੁਲਵਿੰਦਰ ਸਿੰਘ ਰੱਖ ਓਠੀਆਂ, ਬਲਵਿੰਦਰ ਸਿੰਘ ਪੰਜਗਰਾਈਂ, ਜਸਬੀਰ ਸਿੰਘ ਓਠੀਆਂ, ਦਵਿੰਦਰ ਸਿੰਘ ਗੱਗੋਮਾਹਲ, ਨੰਬੜਦਾਰ ਦਿਲਬਾਗ ਸਿੰਘ ਮਾਕੋਵਾਲ, ਸਤਨਾਮ ਸਿੰਘ ਤੱਲੇ, ਸਰਪੰਚ ਨਛੱਤਰ ਸਿੰਘ ਖੁਸੂ ਪੁਰ, ਬਲਦੇਵ ਸਿੰਘ ਸਹਿੰਸਰਾ, ਮਨਜੀਤ ਸਿੰਘ ਤੇੜਾ, ਸੁੱਖਦੇਵ ਸਿੰਘ ਬਾਠ, ਸਵਿੰਦਰ ਸਿੰਘ ਨਾਨੋਕੇ ਆਦਿ ਹਾਜ਼ਰ ਸਨ।