ਤਰਕਸ਼ੀਲ ਸੁਸਾਇਟੀ (ਰੈਸ਼ਨਲਿਸਟ) ਵੱਲੋਂ ਟੋਰਾਂਟੋ 'ਚ ਕੀਤੇ ਯਾਦਗਾਰੀ ਸਮਾਗਮ
ਬਲਜਿੰਦਰ ਸੇਖਾ
ਟੋਰਾਂਟੋ, 30 ਸਤੰਬਰ 2024: ਤਰਕਸ਼ੀਲ (ਰੈਸ਼ਨਲਿਸਟ ) ਸੁਸਾਇਟੀ ਕਨੇਡਾ ਵੱਲੋਂ 2250 ਬੋਵੇਰਡ ਡਰਾਈਵ ਵਿਖੇ 29 ਸਤੰਬਰ 2024 ਨੂੰ ਸ਼ਹੀਦ ਭਗਤ ਸਿੰਘ ਅਤੇ ਭਾਅ ਜੀ ਗੁਰਸ਼ਰਨ ਦੀ ਯਾਦ ਨੂੰ ਸਮਰਪਤ ਪ੍ਰੋਗਰਾਮ ਕਰਵਾਇਆ ਗਿਆ। ਖਾਸ਼ੀਅਤ ਇਹ ਸੀ ਕਿ ਹਾਲ ਭਰਨ ਕਾਰਨ ਬਹੁਤ ਸਾਰੇ ਆਏ ਲੋਕਾਂ ਨੂੰ ਖੜਕੇ ਇਹ ਸਾਰਾ ਪ੍ਰੋਗਰਾਮ ਸੁਣਨਾ ਪਿਆ। ਉਨਟਾਰੀਓ ਯੂਨਿਟ ਦੇ ਸਕੱਤਰ ਅਮਰਦੀਪ ਪੰਧੇਰ ਨੇ ਸ਼ਹੀਦ ਭਗਤ ਸਿੰਘ ਵਾਰੇ ਬਹੁਤ ਸ਼ਾਨਦਾਰ ਵੇਰਵੇ ਸਾਂਝੇ ਕੀਤੇ ਗਏ।
ਉਹਨਾਂ ਕਿਹਾ ਕਿ ਫਾਂਸੀ ਸਮੇਂ ਭਗਤ ਸਿੰਘ ਵੱਲੋਂ ਤਿੰਨ ਨਾਅਰਿਆਂ ਲਾਏ ‘ ਇਨਕਲਾਬ ਜ਼ਿੰਦਾਬਾਦ, ਸਾਮਰਾਜ ਮੁਰਦਾਬਾਦ, ਦੁਨੀਆਂ ਭਰ ਦੇ ਮਿਹਨਤਕਸ਼ ਲੋਕੋ ਇੱਕ ਹੋ ਜਾਉ ‘ ਉਹ ਕੇਵਲ ਭਾਰਤ ਦੀ ਅਜ਼ਾਦੀ ਲਈ ਨਹੀਂ ਲੜਿਆ ਬਲਕੇ ਸੰਸਾਰ ਭਰ ਵਿੱਚ ਗੁਲਾਮੀ ਤੋਂ ਮੁਕਤੀ ਦੀ ਗੱਲ ਕਰਦਾ ਰਿਹਾ। ਸੁਸਾਇਟੀ ਦੇ ਉਪ ਪ੍ਰਧਾਨ ਬਲਰਾਜ ਸੋਕਰ ਨੇ ਸ਼ਹੀਦ ਭਗਤ ਸਿੰਘ ਦੀ ਸੈਕੂਲਰ ਪਹੁੰਚ ਵਾਰੇ ਬੋਲਦਿਆਂ ਕਿਹਾ ਕਿ ਸਾਨੂੰ ਆਪਣੇ ਦੇਸ਼ ਦਾ ਨਾਮ ਜੋ ਭਾਰਤੀ ਸੰਵਿਧਾਨ ਵਿੱਚ ਦਰਜ ਹੈ ਇੰਡੀਆ ਜਾਂ ਭਾਰਤ ਹੀ ਵਰਤਣਾ ਚਾਹੀਦਾ ਜੋ ਸੈਕੂਲਰ ਹੈ। ਭਾਰਤੀ ਤੇ ਰਾਜ ਕਰਦੀ ਫਿਰਕੂ ਪਾਰਟੀ ਨੇ ਹਿੰਦੋਸਤਾਨ ਵਿੱਚੋਂ ਹਿੰਦੂਸਤਾਨ ਦੀ ਬੋਅ ਮਾਰਨ ਲਾ ਦਿੱਤੀ ਹੈ। ਭਾਰਤ ਇੱਕ ਸੈਕੂਲਰ ਦੇਸ਼ ਹੈ।
ਸੁਸਾਇਟੀ ਦੇ ਕੋਮਾਂਤਰੀ ਇੰਚਾਰਜ ਤੇ ਕੋਮੀ ਮੀਤ ਪ੍ਰਧਾਨ ਬਲਵਿੰਦਰ ਬਰਨਾਲਾ ਨੇ ਕਿਹਾ ਲੋਕਾਂ ਨੂੰ ਭਗਤ ਸਿੰਘ ਵਾਂਗ ਤਰਕ ਦੇ ਅਧਾਰ ਸੋਚਣ ਦੀ ਆਦਤ ਪਾਉਣੀ ਚਾਹਦੀ ਹੈ। ਭਾਅ ਜੀ ਗੁਰਸ਼ਰਨ ਵਲੋਂ ਨਾਟਕਾਂ ਰਾਹੀਂ ਇਹ ਪਹੁੰਚ ਆਪਣੇ ਨਾਟਕ ‘ਦੇਵ ਪੁਰਸ਼ ਹਾਰ ਗਏ’ ਰਾਹੀਂ ਲੋਕਾਂ ਵਿੱਚ ਭਰਵੇਂ ਰੂਪ ਵਿੱਚ ਪ੍ਰਚਾਰੀ। ਇੰਟਰਨੈਸ਼ਨਲ ਵਿਦਿਆਰਥੀ ਆਗੂ ਮਨਪ੍ਰੀਤ ਕੌਰ ਲੋਂਗੋਵਾਲ ਵੱਲੋਂ ਵਿਦਿਆਰਥੀ ਵਰਗ ਦੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ। ਮਲੂਕ ਸਿੰਘ ਕਾਹਲੋਂ ਨੇ ਭਾਅ ਜੀ ਗੁਰਸ਼ਰਨ ਵਾਰੇ ਵਿਸਥਾਰਤ ਜਾਣਕਾਰੀ ਦਿੱਤੀ।
ਭਗਤ ਸਿੰਘ ਦੀ ਭਤੀਜੀ ਇੰਦਰਜੀਤ ਕੌਰ ਅਤੇ ਭਤੀਜ ਜੁਆਈ ਅੰਮ੍ਰਿਤ ਢਿਲੋਂ ਵੱਲੋਂ ਭਗਤ ਸਿੰਘ ਨਾਲ ਸਬੰਦਤ ਯਾਦਾਂ ਤਾਜ਼ਾ ਕੀਤੀਆਂ ਗਈਆਂ ।ਸੁਸਾਇਟੀ ਵੱਲੋਂ ਭਾਰਤ ਤੋਂ ਫੀਰਾ ਦੇ ਖ਼ਜ਼ਾਨਚੀ ਹਰਚੰਦ ਭਿੰਡਰ, ਅੰਮ੍ਰਿਤ ਢਿਲੋਂ ਅਤੇ ਕੁਲਦੀਪ ਬੋਪਾਰਾਏ ਦਾ ਉਹਨਾਂ ਦੀਆਂ ਤਰਕਸ਼ੀਲ ਸੇਵਾਂਵਾ ਲਈ ਸਨਮਾਨ ਵੀ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਹਰਬੰਸ ਮੱਲੀ ਅਤੇ ਸੋਹਣ ਸਿੰਘ ਢੀਂਡਸਾ ਵੱਲੋਂ ਨਿਭਾਈ ਗਈ । ਅਖੀਰ ਵਿੱਚ ਸੁਸਾਇਟੀ ਪ੍ਰਧਾਨ ਜਸਵੀਰ ਚਾਹਲ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ।