ਮਾਮਲਾ ਝੋਨੇ ਦੀ ਖਰੀਦ ਦੌਰਾਨ ਕੱਟ ਲਗਾਏ ਜਾਣ ਦਾ: SDM ਦਫਤਰ ਬਾਹਰ ਘਰਾਓ ਮਗਰੋਂ ਕਿਸਾਨਾਂ ਨੇ ਆੜਤੀਆਂ ਖਿਲਾਫ 71 ਸ਼ਿਕਾਇਤਾਂ ਕਰਵਾਈਆਂ ਦਰਜ
ਐਸਡੀਐਮ ਵੱਲੋਂ ਸਖਤ ਕਾਰਵਾਈ ਦਾ ਦਿੱਤਾ ਗਿਆ ਭਰੋਸਾ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 18 ਨਵੰਬਰ 2024 ਪੰਜਾਬ ਕਿਸਾਨ ਯੂਨੀਅਨ ਬਾਗੀ, ਸੰਯੁਕਤ ਕਿਸਾਨ ਮੋਰਚਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਦਿ ਜਥੇਬੰਦੀਆਂ ਨੇ ਅੱਜ ਸ਼ਾਮ ਐਸਡੀਐਮ ਦਫਤਰ ਸੁਲਤਾਨਪੁਰ ਲੋਧੀ ਵਿਖੇ ਝੋਨੇ ਦੀਆਂ ਟਰਾਲੀਆਂ ਮੁੜ ਤੋਂ ਲਿਜਾ ਖੜੀਆਂ ਕੀਤੀਆਂ ਅਤੇ ਪੱਕਾ ਮੋਰਚਾ ਲੱਗਾ ਲਿਆ। ਕਿਸਾਨਾਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਸੰਬੋਧਨ ਕਰਦਿਆਂ ਕਿਹਾ ਕਿ 12 ਨਵੰਬਰ ਨੂੰ ਉਹਨਾਂ ਵੱਲੋਂ ਦਿੱਤੇ ਗਏ ਧਰਨੇ ਦੌਰਾਨ ਪ੍ਰਸ਼ਾਸਨ ਵੱਲੋਂ ਅੱਜ 18 ਨਵੰਬਰ ਨੂੰ ਉਹਨਾਂ ਨੂੰ ਬਾਅਦ ਦੁਪਹਿਰ 3 ਵਜੇ ਮਾਰਕੀਟ ਕਮੇਟੀ ਸੱਦਿਆ ਗਿਆ ਸੀ ਪ੍ਰੰਤੂ ਉਹਨਾਂ ਦੇ ਪੁੱਜਣ ਤੇ ਡੀਐਸਪੀ ਤੋਂ ਇਲਾਵਾ ਉਥੇ ਕੋਈ ਵੀ ਅਧਿਕਾਰੀ ਮੌਜੂਦ ਨਹੀਂ ਸੀ। ਜਿਸ ਕਰਕੇ ਕਿਸਾਨਾਂ ਨੇ ਮਾਰਚ ਕਰਦੇ ਹੋਏ ਐਸ ਡੀ ਐਮ ਦਫਤਰ ਮੂਹਰੇ ਧਰਨਾ ਲਗਾਇਆ।
ਧਰਨੇ ਨੂੰ ਸੰਬੋਧਨ ਕਰਦੇ ਆ ਵੱਖ-ਵੱਖ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰਾਂ ਦੇ ਇਸ਼ਾਰੇ ਤੇ ਸ਼ੈਲਰ ਮਾਲਕਾਂ ਅਤੇ ਆੜਤੀਆਂ ਨੇ ਕਥਿਤ ਮਿਲੀ ਭੁਗਤ ਨਾਲ ਕਿਸਾਨਾਂ ਦੀ ਰੱਜ ਕੇ ਲੁੱਟ ਕੀਤੀ ਹੈ। ਉਹਨਾਂ ਦੱਸਿਆ ਕਿ ਹਰੇਕ ਕਿਸਾਨ ਪਾਸੋਂ ਇੱਕ ਕੁਇੰਟਲ ਮਗਰ 150 ਤੋਂ 300 ਰੁਪਏ ਤੱਕ ਕੱਟ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਇਸ ਵਾਰ ਰੱਜ ਕੇ ਰੋਲਿਆ ਗਿਆ ਹੈ। ਉਹਨਾਂ ਦੱਸਿਆ ਕਿ ਝੋਨਾ ਸੁੱਕਾ ਹੋਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਗਿਆ ਅਤੇ ਕਈ ਕਈ ਦਿਨ ਮੰਡੀਆਂ ਵਿੱਚ ਖੱਜਲ ਖੁਆਰ ਕੀਤਾ ਗਿਆ। ਉਹਨਾਂ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਦੱਸਿਆ ਕਿ ਜਿੰਨਾ ਚਿਰ ਉਹਨਾਂ ਦੀ ਹੋਈ ਲੁੱਟ ਵਾਪਸ ਨਹੀਂ ਹੋਵੇਗੀ ਅਤੇ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਨਹੀਂ ਹੋਵੇਗੀ ਤਾਂ ਉਹ ਇਹ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ 71 ਕਿਸਾਨਾਂ ਨੇ ਆੜਤੀਆਂ ਵਿਰੁੱਧ ਉਹਨਾਂ ਦੇ ਝੋਨੇ ਦਾ ਕੱਟ ਲਗਾਏ ਜਾਣ ਦੀਆਂ ਸ਼ਿਕਾਇਤਾਂ ਵੀ ਲਿਖਤੀ ਦਿਤੀਆਂ। ਐਸਡੀਐਮ ਮੈਡਮ ਅਪਰਨਾ ਨੇ ਭਰੋਸਾ ਦਵਾਇਆ ਕਿ ਕਿਸਾਨਾਂ ਨੂੰ ਨਿਆਂ ਮਿਲੇਗਾ ਅਤੇ ਆਰੋਪੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਇਸ ਮੌਕੇ ਸੰਬੰਧਤ ਅਧਿਕਾਰੀਆਂ ਨੂੰ ਜਰੂਰੀ ਹਦਾਇਤਾਂ ਵੀ ਕੀਤੀਆਂ।
ਐਸ ਡੀ ਐਮ ਮੈਡਮ ਅਪਰਨਾ, ਤਹਿਸੀਲਦਾਰ ਵਿਕਾਸ ਗੁਪਤਾ, ਸੈਕਟਰੀ ਮਾਰਕੀਟ ਕਮੇਟੀ ਸੁਖਦੀਪ ਸਿੰਘ, ਡੀ ਐਸ ਪੀ ਐਸ ਐਸ ਰੰਧਾਵਾ ਵੱਲੋਂ 24 ਘੰਟੇ ਅੰਦਰ ਕਾਰਵਾਈ ਕਰਨ ਦਾ ਭਰੋਸਾ ਦੇਣ ਉਪਰੰਤ ਕਿਸਾਨਾਂ ਨੇ 7.30 ਵਜੇ ਸ਼ਾਮ ਧਰਨਾ ਚੁੱਕ ਦਿੱਤਾ।
ਧਰਨੇ ਨੂੰ ਸੂਬਾ ਜਨਲ ਸਕੱਤਰ ਕੁਲਦੀਪ ਸਿੰਘ ਭੰਡਾਲ, ਸੀਨੀਅਰ ਆਗੂ ਪਰਮਜੀਤ ਸਿੰਘ ਜੱਬੋਵਾਲ, ਸੰਯੁਕਤ ਕਿਸਾਨ ਮੋਰਚਾ ਦੇ ਐਡਵੋਕੇਟ ਰਜਿੰਦਰ ਸਿੰਘ ਰਾਣਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਧਰਮਿੰਦਰ ਸਿੰਘ, ਮਜ਼ਦੂਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਹਾਕਮ ਸਿੰਘ, ਪੰਜਾਬ ਕਿਸਾਨ ਯੂਨੀਅਨ ਬਾਗੀ ਦੇ ਪਰਮਜੀਤ ਸਿੰਘ ਪੱਕਾ ਕੋਠਾ ਤੇ ਬੋਹੜ ਸਿੰਘ ਹਜਾਰਾ, ਮਲਕੀਤ ਸਿੰਘ ਸ਼ੇਰਪੁਰ ਸੱਦਾ, ਹਰਨੇਕ ਸਿੰਘ ਜੈਨਪੁਰ ਬਾਗੀ, ਨਿਸ਼ਾਨ ਸਿੰਘ ਪੱਸਨ ਕਦੀਮ ਬਾਗੀ, ਸਰਪੰਚ ਮੇਜਰ ਸਿੰਘ ਜੈਨਪੁਰ, ਜਸਵਿੰਦਰ ਸਿੰਘ ਹੈਬਤਪੁਰ ਸਾਬਕਾ ਸਰਪੰਚ, ਨੰਬਰਦਾਰ ਅਮਰਜੀਤ ਸਿੰਘ ਫੌਜੀ ਕਲੋਨੀ, ਹਰਵੰਤ ਸਿੰਘ ਵੜੈਚ, ਸੁਖਵਿੰਦਰ ਸਿੰਘ ਮਾਹਲ ਸਾਬਕਾ ਪ੍ਰਧਾਨ ਪਟਵਾਰ ਯੂਨੀਅਨ, ਜਸਵਿੰਦਰ ਸਿੰਘ ਸ਼ਿਕਾਰਪੁਰ, ਮਨਜੀਤ ਸਿੰਘ ਜੈਨਪੁਰ, ਅਨੂਪ ਸਿੰਘ ਜੈਨਪੁਰ, ਸਰਬਜੀਤ ਸਿੰਘ ਰਣਧੀਰਪੁਰ, ਬਲਵੀਰ ਸਿੰਘ ਜੈਨਪੁਰ, ਕੁਲਦੀਪ ਸਿੰਘ ਕਾਲਾ, ਹਰਭਜਨ ਸਿੰਘ ਫੌਜੀ ਕਲੋਨੀ ਆਦੀ ਵੀ ਹਾਜ਼ਰ ਸਨ।