ਨਵੀਂ ਬਣੀ ਸਕੂਨ ਸੁਸਾਇਟੀ ਨੇ 250 ਪੌਦੇ ਲਾਏ
ਇਸ ਵਰ੍ਹੇ 5000 ਪੌਦੇ ਲਾਉਣ ਦਾ ਮਿਸ਼ਨ ਮਿੱਥਿਆ
ਮਲਕੀਤ ਸਿੰਘ ਮਲਕਪੁਰ
ਲਾਲੜੂ 30 ਜੂਨ 2024: ਇਲਾਕੇ ਵਿੱਚ ਨਵੀਂ ਸਥਾਪਤ ਹੋਈ ਸਕੂਨ ਸੇਵਾ ਸੁਸਾਇਟੀ ਲਾਲੜੂ ਵੱਲੋਂ ਅੱਜ ਪਹਿਲੇ ਗੇੜ ਤਹਿਤ ਲਾਲੜੂ ਦੇ ਖੇਡ ਸਟੇਡੀਅਮ ਅਤੇ ਲਾਲੜੂ ਪਿੰਡ ਰੇਲਵੇ ਲਾਈਨ ਨੇੜੇ 250 ਪੌਦੇ (ਬੂਟੇ) ਲਗਾਏ ਗਏ। ਸਕੂਨ ਸੇਵਾ ਸੁਸਾਇਟੀ ਦੇ ਮੁੱਖ ਸੰਸਥਾਪਕ ਸੁਧੀਰ ਰਾਣਾ ਅਤੇ ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਸਤੀਸ਼ ਰਾਣਾ ਨੇ ਦੱਸਿਆ ਕਿ ਉਕਤ ਸੁਸਾਇਟੀ ਦਾ ਮੁੱਖ ਮੰਤਵ ਲਾਲੜੂ ਨੂੰ ਹਰਾ-ਭਰਾ ਬਣਾਉਣਾ ਹੈ ਤੇ ਇਸ ਲਈ ਹੀ ਇਸ ਸੁਸਾਇਟੀ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਦਾ ਮਾਟੋ " ਆਪਣੀਆਂ ਜੜ੍ਹਾਂ ਨਾਲ ਜੁੜੋ " ਹੈ ਤਾਂ ਜੋ ਇਲਾਕੇ ਦਾ ਸੁਧਾਰ ਕੀਤਾ ਜਾ ਸਕੇ।ਉਨ੍ਹਾਂ ਦੱਸਿਆ ਕਿ ਸੁਸਾਇਟੀ ਵੱਲੋਂ ਇਸ ਵਾਰ 5000 ਬੂਟੇ ਲਗਾਉਣ ਦੇ ਟੀਚਾ ਮਿੱਥਿਆ ਗਿਆ ਹੈ ਤੇ ਇਹ ਫੈਸਲਾ ਵੀ ਲਿਆ ਗਿਆ ਹੈ ਕਿ ਇਹ ਬੂਟੇ ਹਰ ਹਾਲ ਵਿੱਚ ਕਾਮਯਾਬ ਕਰਨੇ ਹਨ। ਉਨ੍ਹਾਂ ਕਿਹਾ ਕਿ ਵਾਤਾਵਰਨ ਦਿਨ ਪ੍ਰਤੀ ਦਿਨ ਦੂਸ਼ਿਤ ਹੁੰਦਾ ਜਾ ਰਿਹਾ ਹੈ, ਜਿਸ ਦੇ ਚਲਦਿਆਂ ਸਾਨੂੰ ਸਭਨਾ ਨੂੰ ਵਾਤਾਵਰਨ ਤੇ ਆਉਣ ਵਾਲੀ ਪੀੜੀ ਨੂੰ ਬਚਾਉਣ ਲਈ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਸੁਸਾਇਟੀ ਅਹੁਦੇਦਾਰਾਂ ਵੱਲੋਂ ਪਹਿਲੇ ਮਿਸ਼ਨ ਤਹਿਤ ਬੂਟੇ ਹੀ ਲਗਾਏ ਜਾਣੇ ਹਨ ,ਕਿਉਂਕਿ ਬੂਟਿਆਂ ਦੀ ਘਾਟ ਇਸ ਸਮੇਂ ਵੱਡੀ ਤੇ ਅਹਿਮ ਸਮੱਸਿਆ ਹੈ । ਉਨ੍ਹਾਂ ਕਿਹਾ ਕਿ ਅਗਲੇ ਪੜਾਅ ਤਹਿਤ ਲਾਲੜੂ ਦੇ ਸਮਸ਼ਾਨ ਘਾਟ ਵਿੱਚ ਬੂਟੇ ਲਗਾਏ ਜਾਣਗੇ। ਇਸ ਮੌਕੇ ਸੁਸਾਇਟੀ ਮੈਂਬਰ ਰੋਹਿਤ ਰਾਣਾ, ਸਤਵੰਤ ਸਿੰਘ, ਜ਼ੋਰਾਵਰ ਸਿੰਘ ,ਕਾਕਾ, ਰਾਜਬੀਰ ਰਾਣਾ, ਅਮਰ ਟਿਵਾਣਾ, ਗੁਰਜਿੰਦਰ ਸਿੰਘ ਐਸਜੀਆਰ ਹੋਟਲ ਤੇ ਰਿਕੀ ਤੁਸ਼ਾਰ ਆਦਿ ਨੇ ਬੂਟਿਆਂ ਨੂੰ ਗੋਦ ਲਿਆ।