ਪੀ.ਏ.ਯੂ. ਵਿਚ ਗੰਨੇ ਬਾਰੇ ਦੋ ਰੋਜ਼ਾ ਰਾਸ਼ਟਰੀ ਵਰਕਸ਼ਾਪ ਆਰੰਭ ਹੋਈ
- ਗੰਨੇ ਦੇ ਵੱਧ ਉਤਪਾਦਨ ਲਈ ਨਵੀਆਂ ਤਕਨਾਲੋਜੀਆਂ ਦੀ ਵਰਤੋਂ ਉੱਪਰ ਮਾਹਿਰਾਂ ਨੇ ਦਿੱਤਾ ਜ਼ੋਰ
ਲੁਧਿਆਣਾ 21 ਅਕਤੂਬਰ, 2024 - ਅੱਜ ਪੀ.ਏ.ਯੂ. ਦੇ ਪਾਲ ਆਡੀਟੋਰੀਅਮ ਵਿਚ ਗੰਨੇ ਬਾਰੇ ਸਰਬ ਭਾਰਤੀ ਸਾਂਝੇ ਖੋਜ ਪ੍ਰੋਜੈਕਟ ਦੀ ਦੋ ਰੋਜ਼ਾ ਰਾਸ਼ਟਰੀ ਵਰਕਸ਼ਾਪ ਆਰੰਭ ਹੋਈ| ਹਰ ਦੋ ਸਾਲਾਂ ਵਿਚ ਕਰਵਾਈ ਜਾਣ ਵਾਲੀ ਇਸ ਵਰਕਸ਼ਾਪ ਵਿਚ ਦੇਸ਼ ਭਰ ਤੋਂ ਗੰਨੇ ਦੇ ਮਾਹਿਰ, ਵੱਖ-ਵੱਖ ਉੱਚ ਸੰਸਥਾਵਾਂ ਦੇ ਅਧਿਕਾਰੀ, ਗੰਨਾ ਖੋਜ ਕੇਂਦਰਾਂ ਦੇ ਨਿਰਦੇਸ਼ਕ ਅਤੇ ਸੈਂਕੜੇ ਡੈਲੀਗੇਟ ਭਾਗ ਲੈ ਰਹੇ ਹਨ|
ਆਰੰਭਕ ਸੈਸ਼ਨ ਵਿਚ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਫਸਲ ਵਿਗਿਆਨ ਬਾਰੇ ਉਪ ਨਿਰਦੇਸ਼ਕ ਜਨਰਲ ਡਾ. ਤਿਲਕ ਰਾਜ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ| ਇਸ ਸ਼ੈਸਨ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ| ਉਹਨਾਂ ਨਾਲ ਗੰਨੇ ਬਾਰੇ ਸਰਬ ਭਾਰਤੀ ਖੋਜ ਪ੍ਰੋਜੈਕਟ ਦੇ ਸੰਚਾਲਕ ਡਾ. ਦਿਨੇਸ਼ ਸਿੰਘ, ਗੰਨਾ ਖੋਜ ਕੇਂਦਰ ਲਖਨਊ ਦੇ ਨਿਰਦੇਸ਼ਕ ਡਾ. ਆਰ ਵਿਸ਼ਵਨਾਥਨ, ਗੰਨਾ ਬਰੀਡਿੰਗ ਸੰਸਥਾਨ ਕੋਇੰਬਟੂਰ ਦੇ ਨਿਰਦੇਸ਼ਕ ਡਾ. ਪੀ ਗੋਬਿੰਦਰਾਜ, ਆਈ ਸੀ ਏ ਆਰ ਦੇ ਵਿਗਿਆਨਕ ਫਸਲਾਂ ਬਾਰੇ ਏ ਡੀ ਸੀ ਡਾ. ਪ੍ਰਸ਼ਾਤਾਂ ਦਾਸ ਅਤੇ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਤੋਂ ਇਲਾਵਾ ਖੇਤਰੀ ਖੋਜ ਕੇਂਦਰ ਦੇ ਨਿਰਦੇਸ਼ਕ ਡਾ. ਗੁਲਜ਼ਾਰ ਸਿੰਘ ਸੰਘੇੜਾ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਏ|
ਡਾ. ਤਿਲਕ ਰਾਜ ਸ਼ਰਮਾ ਨੇ ਮੁੱਖ ਭਾਸ਼ਣ ਵਿਚ ਕਿਹਾ ਕਿ ਇਸ ਗੋਸ਼ਟੀ ਲਈ ਪੀ.ਏ.ਯੂ. ਤੋਂ ਬਿਹਤਰ ਸਥਾਨ ਦੀ ਖੋਜ ਕਰਨੀ ਬਹੁਤ ਮੁਸ਼ਕਿਲ ਹੈ ਕਿਉਂਕਿ ਇਸ ਸੰਸਥਾ ਨੇ ਨਾ ਸਿਰਫ ਉੱਤਰੀ ਭਾਰਤ ਬਲਕਿ ਸਮੁੱਚੇ ਦੇਸ਼ ਦੇ ਕਿਸਾਨਾਂ ਨੂੰ ਵਿਗਿਆਨਕ ਖੇਤੀ ਨਾਲ ਜੋੜਨ ਦਾ ਵਡਮੁੱਲਾ ਕਾਰਜ ਕੀਤਾ ਹੈ| ਉਹਨਾਂ ਕਿਹਾ ਕਿ ਇਹ ਵਿਚਾਰ ਗੋਸ਼ਟੀ ਗੰਨੇ ਨਾਲ ਜੁੜੀਆਂ ਸਾਰੀਆਂ ਧਿਰਾਂ ਲਈ ਬੇਹੱਦ ਲਾਭਕਾਰੀ ਸਾਬਿਤ ਹੋਵੇਗੀ| ਭਾਗ ਲੈਣ ਵਾਲੇ ਡੈਲੀਗੇਟਾਂ ਨੂੰ ਸੰਬੋਧਿਤ ਹੁੰਦਿਆਂ ਡਾ. ਸ਼ਰਮਾ ਨੇ ਕਿਹਾ ਕਿ ਉਹਨਾਂ ਨੂੰ ਭਾਰਤ ਦੀ ਸਰਵੋਤਮ ਖੇਤੀ ਸੰਸਥਾ ਦੀ ਕਾਰਜਸ਼ੈਲੀ ਜਾਨਣ ਦਾ ਇਹ ਮੌਕਾ ਮਿਲਿਆ ਹੈ| ਡਾ. ਸ਼ਰਮਾ ਨੇ ਕਿਹਾ ਕਿ ਭਾਰਤ ਵਿਸ਼ਵ ਵਿਚ ਗੰਨੇ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ| ਇਸ ਦੇ ਬਾਵਜੂਦ ਇਸ ਖੇਤਰ ਵਿਚ ਹੋਰ ਵਿਕਾਸ ਦੀ ਗੁਜਾਇਸ਼ ਬਣੀ ਹੋਈ ਹੈ| ਉਹਨਾਂ ਕਿਹਾ ਕਿ ਚੀਨੀ ਪੱਖੋਂ ਵੀ ਸਵੈ ਨਿਰਭਰ ਹੋਣ ਦੇ ਬਾਵਜੂਦ ਨਿਰਯਾਤ ਦੇ ਅਥਾਹ ਮੌਕੇ ਇਸ ਫਸਲ ਨੂੰ ਜ਼ਿਕਰਯੋਗ ਬਣਾਉਂਦੇ ਹਨ| ਨਵੇਂ ਯੁੱਗ ਵਿਚ ਈਥਾਨੋਲ ਦੇ ਨਿਰਮਾਣ ਨੇ ਇਸ ਫਸਲ ਨੂੰ ਵਧੇਰੇ ਉਤਪਾਦਨ ਦੀ ਦਿਸ਼ਾ ਵੱਲ ਤੋਰਿਆ ਹੈ|
ਡਾ. ਸ਼ਰਮਾ ਨੇ ਕਿਹਾ ਕਿ ਬੇਸ਼ੱਕ ਗੰਨੇ ਹੇਠ ਰਕਬਾ ਬਹੁਤਾ ਜ਼ਿਆਦਾ ਨਹੀਂ ਵਧ ਸਕਦਾ ਪਰ ਇਸਦਾ ਉਤਪਾਦਨ ਵਧਾਉਣ ਲਈ ਨਵੀਆਂ ਕਿਸਮਾਂ, ਉਤਪਾਦਨ ਤਕਨੀਕਾਂ ਅਤੇ ਨਿਰੋਗੀ ਕਾਸ਼ਤ ਪ੍ਰਚਲਿਤ ਹੋ ਸਕਦੀ ਹੈ| ਇਸ ਕਾਰਜ ਵਾਸਤੇ ਫਸਲ ਉਤਪਾਦਨ ਅਤੇ ਫਸਲ ਸੁਰੱਖਿਆ ਪ੍ਰੋਗਰਾਮਾਂ ਬਾਰੇ ਖੋਜ ਦੀ ਲੋੜ ਹੈ| ਗੰਨੇ ਦੀ ਬਰੀਡਿੰਗ ਬਾਰੇ ਗੱਲ ਕਰਦਿਆਂ ਡਾ. ਤਿਲਕ ਰਾਜ ਸ਼ਰਮਾ ਨੇ ਕਿਹਾ ਕਿ ਮੌਜੂਦਾ ਕਿਸਮਾਂ ਰਾਹੀਂ ਖੰਡ ਦੀ ਮਿਕਦਾਰ ਵਧਾਉਣ ਦੀ ਸੰਭਾਵਨਾ ਬਹੁਤ ਸੀਮਤ ਹੈ ਕਿਉਂਕਿ ਇਹਨਾਂ ਕਿਸਮਾਂ ਦਾ ਜੈਨੇਟਿਕ ਅਧਾਰ ਬਹੁਤ ਸੌੜਾ ਹੈ| ਪ੍ਰੀ-ਬਰੀਡਿੰਗ ਤਕਨੀਕਾਂ ਅਪਣਾ ਕੇ ਨਵੀਨ ਤਰੀਕਿਆਂ ਰਾਹੀਂ ਮੌਜੂਦਾ ਕਿਸਮਾਂ ਦਾ ਵਿਕਾਸ ਸੰਭਵ ਹੈ| ਇਸ ਪੱਖ ਤੋਂ ਉਹਨਾਂ ਨੇ ਨਵੀਆਂ ਬਾਇਓਤਕਨਾਲੋਜੀਕਲ ਤਕਨੀਕਾਂ ਵਰਤੇ ਜਾਣ ਦੀ ਲੋੜ ਤੇ ਜ਼ੋਰ ਦਿੱਤਾ| ਡਾ. ਸ਼ਰਮਾ ਨੇ ਕਿਹਾ ਕਿ ਇਸੇ ਸਾਲ ਕਾਸ਼ਤ ਲਈ ਜਾਰੀ ਕੀਤੀ ਜਾ ਰਹੀ ਆਰ-570 ਕਿਸਮ ਇਸ ਦਿਸ਼ਾ ਵਿਚ ਬੇਹੱਦ ਅਗਾਂਹਵਧੂ ਕਦਮ ਹੋ ਸਕਦੀ ਹੈ| ਉਹਨਾਂ ਨੇ ਗੰਨਾ ਵਿਗਿਆਨੀਆਂ ਨੂੰ ਮਿਲ ਕੇ ਕਿਸਾਨੀ ਦੀ ਬਿਹਤਰੀ ਲਈ ਕਾਰਜ ਕਰਨ ਦਾ ਸੱਦਾ ਦਿੱਤਾ| ਡਾ. ਤਿਲਕ ਰਾਜ ਸ਼ਰਮਾ ਨੇ ਗੰਨਾ ਖੋਜੀਆਂ ਨੂੰ ਬਨਾਨਾ ਸ਼ੂਗਰਕੇਨ ਬਾਰੇ ਹੋਰ ਖੋਜ ਕਰਨ, ਪਸਾਰ ਸੇਵਾਵਾਂ ਬਿਹਤਰ ਕਰਨ ਅਤੇ ਸ਼ੋਸ਼ਲ ਮੀਡੀਆ ਦੀ ਵਰਤੋਂ ਕਰਨ ਲਈ ਪ੍ਰੇਰਿਤ ਵੀ ਕੀਤਾ|
ਪ੍ਰਧਾਨਗੀ ਭਾਸ਼ਣ ਵਿਚ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਗੰਨਾ ਪੰਜਾਬੀਆਂ ਲਈ ਇਕ ਫਸਲ ਹੀ ਨਹੀਂ ਬਲਕਿ ਪੰਜਾਬੀ ਸੁਭਾਅ ਦੀ ਮਿਠਾਸ ਦਾ ਪ੍ਰਤੀਕ ਹੈ| ਇਸ ਫਸਲ ਦਾ ਆਰਥਿਕਤਾ ਵਿਚ ਅਹਿਮ ਯੋਗਦਾਨ ਹੋਣ ਦੇ ਨਾਲ-ਨਾਲ ਬਹੁਤ ਸਾਰੇ ਲੋਕਾਂ ਦੀ ਰੋਜ਼ੀ-ਰੋਟੀ ਦਾ ਸਾਧਨ ਵੀ ਹੈ| ਮੌਜੂਦਾ ਸਮੇਂ ਗੰਨਾ ਖੇਤਰ ਕਈ ਚੁਣੌਤੀਆਂ ਦੇ ਸਨਮੁੱਖ ਹੈ| ਕਣਕ-ਝੋਨੇ ਦੇ ਫਸਲੀ ਚੱਕਰ ਦੀ ਸੁਰੱਖਿਆ ਨੇ ਗੰਨੇ ਦੀ ਬਿਜਾਈ ਨੂੰ ਢਾਹ ਲਾਈ ਹੈ ਪਰ ਨਾਲ ਹੀ ਇਸ ਫਸਲੀ ਚੱਕਰ ਦੇ ਬਲਦ ਤਲਾਸ਼ਣ ਦੀ ਰੁਚੀ ਵੀ ਵਧ ਰਹੀ ਹੈ| ਗੰਨੇ ਦੇ ਮੰਡੀਕਰਨ ਦੀਆਂ ਸਮੱਸਿਆਵਾਂ ਦੇ ਬਾਵਜੂਦ ਨੇ ਡਾ. ਗੋਸਲ ਨੇ ਇਸਨੂੰ ਮੌਸਮਾਂ ਦੀ ਵਧੀਕੀ ਸਾਹਮਣੇ ਡੱਟੀ ਰਹਿਣ ਵਾਲੀ ਫਸਲ ਕਿਹਾ| ਉਹਨਾਂ ਕਿਹਾ ਕਿ ਮਿੱਠੀ ਜੁਆਰ ਅਤੇ ਮੱਕੀ ਵਰਗੀਆਂ ਫਸਲਾਂ ਲਈ ਖੰਡ ਉਤਪਾਦਨ ਪੱਖੋਂ ਵਿਚਾਰੀਆਂ ਗਈਆਂ ਪਰ ਗੰਨੇ ਦਾ ਰੁਤਬਾ ਆਪਣੀ ਥਾਂ ਬਰਕਰਾਰ ਹੈ| ਡਾ. ਗੋਸਲ ਨੇ ਗੰਨੇ ਦੀ ਬਰੀਡਿੰਗ ਬਾਰੇ ਗੱਲ ਕਰਦਿਆਂ ਨਵੀਆਂ ਕਿਸਮਾਂ ਦੇ ਵਿਕਾਸ ਦੇ ਰਾਹ ਵਿਚ ਆਉਣ ਵਾਲੀਆਂ ਮੁਸ਼ਕਿਲਾਂ ਦਾ ਜ਼ਿਕਰ ਕੀਤਾ|
ਉਹਨਾਂ ਕਿਹਾ ਕਿ ਕਈ ਕਿਸਮ ਦੇ ਕੀੜੇ ਅਤੇ ਰੱਤਾ ਰੋਗ ਵਰਗੀਆਂ ਚੁਣੌਤੀਆਂ ਨਵੀਂ ਕਿਸਮ ਦੇ ਵਿਕਾਸ ਅਤੇ ਫੈਲਾਅ ਸਾਹਮਣੇ ਖੜੀਆਂ ਰਹੀਆਂ ਹਨ ਪਰ ਇਸਦੇ ਬਾਵਜੂਦ ਪੀ.ਏ.ਯੂ. ਦੇ ਮਾਹਿਰਾਂ ਨੇ ਇਸ ਦਿਸ਼ਾ ਵਿਚ ਇਨਕਲਾਬੀ ਕੰਮ ਕੀਤਾ ਹੈ| ਉਹਨਾਂ ਕਿਹਾ ਕਿ ਮੌਜੂਦਾ ਸਮੇਂ ਗੁੜ ਉਤਪਾਦ ਦੀ ਸੰਭਾਵਨਾ ਵਧ ਰਹੀ ਹੈ ਅਤੇ ਇਸ ਦਿਸ਼ਾ ਵਿਚ ਕਾਰਗਾਰ ਕਿਸਮਾਂ ਵੀ ਸਾਹਮਣੇ ਆਈਆਂ ਹਨ| ਗੰਨੇ ਦੀ ਪ੍ਰੋਸੈਸਿੰਗ ਬਾਰੇ ਗੱਲ ਕਰਦਿਆਂ ਡਾ. ਗੋਸਲ ਨੇ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀ ਅਤੇ ਦੇਸ਼ ਭਰ ਵਿਚ ਪ੍ਰਵਾਨ ਹੋਈ ਬੋਤਲਬੰਦ ਰਸ ਦੀ ਤਕਨੀਕ ਵੱਲ ਧਿਆਨ ਦਿਵਾਇਆ| ਉਹਨਾਂ ਕਿਹਾ ਕਿ ਵਿਗਿਆਨਕ ਤੌਰ ਤੇ ਜੀਨੋਮ ਸੰਪਾਦਨ ਰਾਹੀਂ ਨਵੀਆਂ ਕਿਸਮਾਂ ਵਿਕਸਿਤ ਕਰਨੀਆਂ ਸੰਭਵ ਹੋ ਸਕਦੀਆਂ ਹਨ ਅਤੇ ਪੀ.ਏ.ਯੂ. ਨੇ ਇਸ ਦਿਸ਼ਾ ਵਿਚ ਕਾਰਜ ਆਰੰਭਿਆ ਹੈ| ਡਾ. ਗੋਸਲ ਨੇ ਪਾਣੀ ਬਚਾਅ ਤਕਨੀਕਾਂ ਵਿਚ ਤੁਪਕਾ ਸਿੰਚਾਈ ਲਾਗੂ ਕਰਨ ਦੀ ਪੀ.ਏ.ਯੂ. ਦੀ ਸਿਫ਼ਾਰਸ਼ ਵੱਲ ਵੀ ਧਿਆਨ ਦੁਆਇਆ| ਉਹਨਾਂ ਕਿਹਾ ਕਿ ਇਸ ਗੋਸ਼ਟੀ ਵਿੱਚੋਂ ਨਿਤਰ ਕੇ ਸਾਹਮਣੇ ਆਏ ਸਿੱਟੇ ਬੇਹੱਦ ਲਾਹੇਵੰਦ ਹੋਣਗੇ|
ਡਾ. ਵਿਸ਼ਵਨਾਥਨ ਨੇ ਗੰਨੇ ਦੇ ਉਤਪਾਦਨ ਦੇ ਮੌਜੂਦਾ ਦ੍ਰਿਸ਼ ਬਾਰੇ ਗੱਲ ਕਰਦਿਆਂ ਬਾਇਓ ਈਂਧਨ ਯੋਜਨਾ ਦੇ ਲਾਭ ਗਿਣਾਏ| ਉਹਨਾਂ ਨੇ ਗੰਨੇ ਹੇਠ ਹੋਰ ਰਕਬਾ ਲਿਆਉਣ, ਕਾਸ਼ਤ ਨੂੰ ਬਿਹਤਰ ਬਨਾਉਣ ਅਤੇ ਬਿਮਾਰੀਆਂ ਤੇ ਕੀੜਿਆਂ ਤੋਂ ਬਚਾਅ ਦੇ ਤਰੀਕਿਆਂ ਬਾਰੇ ਖੋਜ ਦੀ ਲੋੜ ਤੇ ਜ਼ੋਰ ਦਿੱਤਾ| ਇਸਦੇ ਨਾਲ ਹੀ ਉਹਨਾਂ ਨੇ ਬਿਹਾਰ ਅਤੇ ਯੂ ਪੀ ਵਿਚ ਗੰਨੇ ਦੀ ਕਾਸ਼ਤ ਸੰਬੰਧੀ ਸਥਿਤੀ ਉੱਪਰ ਰੋਸ਼ਨੀ ਪਾਈ|
ਡਾ. ਗੋਬਿੰਦਰਾਜ ਨੇ ਰਾਸ਼ਟਰੀ ਪੱਧਰ ਤੇ ਕਿਸਮਾਂ ਦੇ ਵਿਕਾਸ ਲਈ ਜੈਨੇਟਿਕ ਪਛਾਣ ਦੀ ਪ੍ਰਕਿਰਿਆ ਬਾਰੇ ਦੱਸਿਆ| ਇਸਦੇ ਨਾਲ ਹੀ ਉਹਨਾਂ ਨੇ ਕੋਇੰਬਟੂਰ ਦੇ ਗੰਨਾ ਬਰੀਡਿੰਗ ਕੇਂਦਰ ਵਿਚ ਗਰਮ-ਖੁਸ਼ਕ ਇਲਾਕਿਆਂ ਲਈ ਕਿਸਮਾਂ ਦੀ ਖੋਜ ਵੱਲ ਧਿਆਨ ਦਿਵਾਇਆ| ਉਹਨਾਂ ਕਿਹਾ ਕਿ ਈਥਾਨੋਲ ਦਾ ਨਿਰਮਾਣ ਮੌਜੂਦਾ ਸਮੇਂ 20 ਪ੍ਰਤੀਸ਼ਤ ਤੱਕ ਗੰਨੇ ਉੱਪਰ ਨਿਰਭਰ ਹੈ ਅਤੇ ਆਉਂਦੇ ਸਾਲਾਂ ਵਿਚ ਇਸਨੂੰ 50 ਪ੍ਰਤੀਸ਼ਤ ਤੱਕ ਲਿਜਾਣ ਦੀ ਯੋਜਨਾ ਹੈ|
ਆਈ ਸੀ ਏ ਆਰ ਦੇ ਏ ਡੀ ਸੀ ਡਾ. ਪ੍ਰਸ਼ਾਤਾਂਦਾਸ ਨੇ ਇਸ ਫਸਲ ਦੀਆਂ ਨਵੀਆਂ ਕਿਸਮਾਂ ਦੇ ਵਿਕਾਸ ਅਤੇ ਕਾਸ਼ਤ ਲਈ ਮਸ਼ੀਨੀ ਬੌਧਿਕਤਾ ਵੱਲ ਪਰਤਣ ਦਾ ਸੱਦਾ ਦਿੱਤਾ| ਉਹਨਾਂ ਕਿਹਾ ਕਿ ਇਸ ਤਕਨੀਕ ਰਾਹੀਂ ਪ੍ਰੀ-ਬਰੀਡਿੰਗ ਸਮੱਗਰੀ ਅਤੇ ਜਰਮਪਲਾਜ਼ਮ ਦੀ ਪਛਾਣ ਕਰਕੇ ਝਾੜ ਅਤੇ ਚੀਨੀ ਤੱਤ ਵਿਚ ਵਾਧਾ ਸੰਭਵ ਹੋ ਸਕੇਗਾ|
ਪ੍ਰੋਜੈਕਟ ਦੇ ਸੰਚਾਲਕ ਡਾ. ਦਿਨੇਸ਼ ਸਿੰਘ ਨੇ ਇਸ ਰਾਸ਼ਟਰੀ ਪ੍ਰੋਜੈਕਟ ਦੇ ਉਦੇਸ਼, ਪ੍ਰਾਪਤੀਆਂ ਅਤੇ ਖੋਜ ਸਰਗਰਮੀਆਂ ਸਾਂਝੀਆਂ ਕੀਤੀਆਂ| ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ 22 ਨਿਯਮਤ ਅਤੇ 17 ਅਨਿਯਮਤ ਕੇਂਦਰ ਹਨ ਜਿਨ੍ਹਾਂ ਵਿਚ ਵੱਖ-ਵੱਖ ਖੋਜਾਂ ਕੀਤੀਆਂ ਜਾਂਦੀਆਂ ਹਨ|
ਪੀ.ਏ.ਯੂ. ਦੇ ਕਾਰਜਕਾਰੀ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਨੇ ਸਵਾਗਤੀ ਸ਼ਬਦ ਬੋਲਦਿਆਂ ਚੀਨੀ ਉਦਯੋਗ ਦੀ ਲੋੜ ਅਨੁਸਾਰ ਪੀ.ਏ.ਯੂ. ਵੱਲੋਂ ਵਿਕਸਿਤ ਕੀਤੀਆਂ ਕਿਸਮਾਂ ਸੀ ਓ ਪੀ ਬੀ-95, ਸੀ ਓ ਪੀ ਬੀ-96 ਅਤੇ ਸੀ ਓ ਪੀ ਬੀ-98 ਦਾ ਜ਼ਿਕਰ ਕੀਤਾ| ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਤਿੰਨ ਖੋਜ ਕੇਂਦਰਾਂ ਕਪੂਰਥਲਾ, ਗੁਰਦਾਸਪੁਰ ਅਤੇ ਫਰੀਦਕੋਟ ਵਿਚ ਗੰਨੇ ਸੰਬੰਧੀ ਖੋਜ ਦੀਆਂ ਸਹੂਲਤਾਂ ਮੁਹੱਈਆ ਕਰਾਈਆਂ ਗਈਆਂ ਹਨ|
ਇਸ ਮੌਕੇ ਪਦਮਸ਼੍ਰੀ ਪੰਡਿਤ ਬਕਸ਼ੀ ਰਾਮ ਅਤੇ ਖੇਤੀਬਾੜੀ ਦੇ ਕਮਿਸ਼ਨਰ ਡਾ. ਪੀ ਕੇ ਸਿੰਘ ਸਮੇਤ ਸਮੁੱਚੇ ਪ੍ਰਧਾਨਗੀ ਮੰਡਲ ਨੂੰ ਸ਼ਾਲ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ|
ਸਰਵ ਭਾਰਤੀ ਪ੍ਰੋਜੈਕਟ ਦੀ ਰਿਪੋਰਟ ਅਤੇ ਸੋਵੀਨਰ ਸਮੇਤ ਲੋੜੀਂਦਾ ਖੇਤੀ ਸਾਹਿਤ ਵੀ ਇਸ ਸੈਸ਼ਨ ਦੌਰਾਨ ਪ੍ਰਧਾਨਗੀ ਮੰਡਲ ਨੇ ਜਾਰੀ ਕੀਤਾ|
ਅੰਤ ਵਿਚ ਖੇਤਰੀ ਖੋਜ ਕੇਂਦਰ ਕਪੂਰਥਲਾ ਦੇ ਨਿਰਦੇਸ਼ਕ ਡਾ. ਗੁਲਜ਼ਾਰ ਸਿੰਘ ਸੰਘੇੜਾ ਨੇ ਸਭ ਦਾ ਧੰਨਵਾਦ ਕੀਤਾ| ਇਸ ਗੋਸ਼ਟੀ ਵਿਚ ਦੋ ਦਿਨ ਦੇਸ਼ ਵਿਚ ਗੰਨੇ ਦੀ ਫਸਲ ਦੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਬਾਰੇ ਉੱਚ ਕੋਟੀ ਦੇ ਮਾਹਿਰ ਵਿਚਾਰ-ਵਟਾਂਦਰਾ ਕਰਨਗੇ|