ਫ਼ਤਹਿਗੜ੍ਹ ਸਾਹਿਬ: ਸਾਲ 2024 ਦੌਰਾਨ ਹੁਣ ਤੱਕ ਜ਼ਿਲ੍ਹੇ ਦੇ ਫਰਦ ਕੇਂਦਰਾਂ ਰਾਹੀਂ ਮੁਹੱਈਆ ਕਰਵਾਈਆਂ 92 ਹਜ਼ਾਰ 601 ਫਰਦਾਂ
ਦੀਦਾਰ ਗੁਰਨਾ
* 05 ਲੱਖ 65 ਹਜ਼ਾਰ 393 ਤਸਦੀਕ ਸ਼ੁਦਾ ਪੰਨੇ ਜਾਰੀ ਕੀਤੇ
* ਜ਼ਮੀਨੀ ਰਿਕਾਰਡ ਹਾਸਲ ਕਰਨ ਲਈ ਵਰਦਾਨ ਸਾਬਤ ਹੋ ਰਹੇ ਨੇ ਜ਼ਿਲ੍ਹੇ ਦੇ ਫ਼ਰਦ ਕੇਂਦਰ
* ਜ਼ਮੀਨ ਮਾਲਕਾਂ ਵੱਲੋਂ ਫ਼ਰਦ ਕੇਂਦਰਾਂ ਦੀ ਕਾਰਗੁਜ਼ਾਰੀ 'ਤੇ ਤਸੱਲੀ ਦਾ ਪ੍ਰਗਟਾਵਾ
ਫ਼ਤਹਿਗੜ੍ਹ ਸਾਹਿਬ, 21 ਅਕਤੂਬਰ 2024 - ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਦੱਸਿਆ ਕਿ ਜ਼ਮੀਨੀ ਰਿਕਾਰਡ ਹਾਸਲ ਕਰਨ ਲਈ ਜ਼ਿਲ੍ਹੇ ਵਿਚਲੇ ਫਰਦ ਕੇਂਦਰ ਲੋਕਾਂ ਵਾਸਤੇ ਵਰਦਾਨ ਸਾਬਤ ਹੋ ਰਹੇ ਹਨ। ਇਨ੍ਹਾਂ ਫਰਦ ਕੇਂਦਰਾਂ ਜ਼ਰੀਏ ਲੋਕਾਂ ਨੂੰ ਕੁਝ ਹੀ ਪਲਾਂ ਵਿੱਚ ਲੋੜੀਂਦਾ ਜ਼ਮੀਨੀ ਰਿਕਾਰਡ ਮਿਲ ਜਾਂਦਾ ਹੈ।
ਜ਼ਿਲ੍ਹੇ ਵਿਚਲੇ ਫਰਦ ਕੇਂਦਰਾਂ ਰਾਹੀਂ ਇਸ ਸਾਲ ਹੁਣ ਤੱਕ ਜ਼ਮੀਨ ਮਾਲਕਾਂ ਨੂੰ 92 ਹਜ਼ਾਰ 601 ਫਰਦਾਂ ਅਤੇ 05 ਲੱਖ 65 ਹਜ਼ਾਰ 393 ਤਸਦੀਕ ਸ਼ੁਦਾ ਪੰਨੇ ਜਾਰੀ ਕੀਤੇ ਗਏ। ਜਿਸ ਸਬੰਧੀ 01 ਕਰੋੜ 41 ਲੱਖ 34 ਹਜ਼ਾਰ 825 ਰੁਪਏ ਫੀਸ ਵਸੂਲੀ ਗਈ ਹੈ।
ਡਾ. ਥਿੰਦ ਨੇ ਦੱਸਿਆ ਕਿ ਫਰਦ ਕੇਂਦਰਾਂ ਦੇ ਕੰਮ-ਕਾਜ ਵਿੱਚ ਪੂਰੀ ਪਾਰਦਰਸ਼ਤਾ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਫਰਦ ਕੇਂਦਰਾਂ 'ਚ ਨਿਯੁਕਤ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਆਖਿਆ ਗਿਆ ਹੈ ਤਾਂ ਜੋ ਫਰਦਾਂ ਹਾਸਿਲ ਕਰਨ ਵਾਲੇ ਕਿਸੇ ਵੀ ਜ਼ਮੀਨ ਮਾਲਕ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਵੀ ਜ਼ਮੀਨ ਮਾਲਕ ਨੂੰ ਫਰਦ ਹਾਸਲ ਕਰਨ ਲਈ 15 ਮਿੰਟ ਤੋਂ ਵੱਧ ਸਮਾਂ ਨਹੀਂ ਲਗਦਾ ਅਤੇ ਜ਼ਮੀਨ ਮਾਲਕ ਨੂੰ ਕੇਵਲ 25/- ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਜ਼ਮੀਨੀ ਰਿਕਾਰਡ ਦੀ ਤਸਦੀਕ ਸ਼ੁਦਾ ਨਕਲ ਦੇ ਦਿੱਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ 'ਚ 06 ਫਰਦ ਕੇਂਦਰ ਮੌਜੂਦ ਹਨ, ਜਿਹੜੇ ਕਿ ਫਤਹਿਗੜ੍ਹ ਸਾਹਿਬ, ਬਸੀ ਪਠਾਣਾਂ, ਅਮਲੋਹ, ਖਮਾਣੋਂ, ਮੰਡੀ ਗੋਬਿੰਦਗੜ੍ਹ, ਚਨਾਰਥਲ ਕਲਾਂ ਵਿਖੇ ਕੰਮ ਕਰ ਰਹੇ ਹਨ। ਫਤਹਿਗੜ੍ਹ ਸਾਹਿਬ ਵਿਖੇ ਸਥਿਤ ਫਰਦ ਕੇਂਦਰ ਰਾਹੀਂ ਫਤਹਿਗੜ੍ਹ ਸਾਹਿਬ ਦੇ ਜ਼ਮੀਨ ਮਾਲਕਾਂ ਨੂੰ 27352 ਫਰਦਾਂ ਅਤੇ 167946 ਤਸਦੀਕ ਸ਼ੁਦਾ ਪੰਨੇ ਜਾਰੀ ਕੀਤੇ ਗਏ। ਇਸੇ ਤਰ੍ਹਾਂ ਤਹਿਸੀਲ ਕੰਪਲੈਕਸ ਬਸੀ ਪਠਾਣਾ ਵਿਚਲੇ ਫਰਦ ਕੇਂਦਰ ਤੋਂ 16289 ਫਰਦਾਂ ਅਤੇ 72092 ਤਸਦੀਕਸ਼ੁਦਾ ਪੰਨੇ, ਤਹਿਸੀਲ ਕੰਪਲੈਕਸ ਅਮਲੋਹ ਵਿਚਲੇ ਫਰਦ ਕੇਂਦਰ ਤੋਂ 13961 ਫਰਦਾਂ ਅਤੇ 84795 ਤਸਦੀਕਸ਼ੁਦਾ ਪੰਨੇ, ਫਰਦ ਕੇਂਦਰ ਤਹਿਸੀਲ ਕੰਪਲੈਕਸ ਖਮਾਣੋਂ ਤੋਂ 15297 ਫਰਦਾਂ ਅਤੇ 82761 ਤਸਦੀਸ਼ੁਦਾ ਪੰਨੇ, ਫਰਦ ਕੇਂਦਰ ਸਬਤਹਿਸੀਲ ਮੰਡੀ ਗੋਬਿੰਗਦੜ੍ਹ ਤੋਂ 11678 ਫਰਦਾਂ ਅਤੇ 109576 ਤਸਦੀਕਸ਼ੁਦਾ ਪੰਨੇ ਅਤੇ ਫਰਦ ਕੇਂਦਰ ਚਨਾਰਥਲ ਕਲਾਂ ਤੋਂ 8024 ਫਰਦਾਂ ਅਤੇ 48223 ਤਸਦੀਕਸ਼ੁਦਾ ਪੰਨੇ ਜਾਰੀ ਕੀਤੇ ਗਏ ਹਨ।