ਬਠਿੰਡਾ : ਸਿਆਸੀ ਆਗੂਆਂ ਦੇ ਘਰਾਂ ਅਤੇ ਟੋਲ ਪਲਾਜਿਆਂ ਤੇ ਡਟੇ ਕਿਸਾਨ
ਅਸ਼ੋਕ ਵਰਮਾ
ਬਠਿੰਡਾ, 21 ਅਕਤੂਬਰ 2024: ਝੋਨੇ ਦੀ ਖਰੀਦ ਨਾ ਹੋਣ ਕਾਰਨ ਦਾਣਾ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗ ਗਏ ਹਨ। ਮੰਡੀਆਂ ਨੱਕੋ ਨੱਕ ਭਰੀਆਂ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਧੀਆਂ ਪੁੱਤਾਂ ਵਾਂਗੂ ਪਾਲੀ ਹੋਈ ਝੋਨੇ ਦੀ ਫਸਲ ਨੂੰ ਕੱਚੀਆਂ ਥਾਵਾਂ ਤੇ ਲਾਹਿਆ ਜਾ ਰਿਹਾ ਹੈ ਜੋ ਕਿ ਝੋਨੇ ਦੀ ਫਸਲ ਵਿੱਚ ਨਮੀ ਨੂੰ ਘਟਾਉਣ ਅਤੇ ਮੌਸਮ ਦੀ ਮਾਰ ਤੋਂ ਅਸੁਰੱਖਿਅਤ ਹਨ। ਇਹ ਜਾਣਕਾਰੀ ਕਿਸਾਨ ਆਗੂਆਂ ਨੇ ਪਿੰਡਾਂ ਦੀਆਂ ਦਾਣਾ ਮੰਡੀਆਂ ਚ ਜਾ ਕੇ ਇਕੱਠੀ ਕੀਤੀ ਜਿੱਥੇ ਅਜੇ ਤੱਕ ਇੱਕ ਵੀ ਦਾਣਾ ਖਰੀਦਿਆ ਨਹੀਂ ਗਿਆ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਠਿੰਡਾ ਜਿਲ੍ਹੇ ’ਚ ਸਿਆਸੀ ਆਗੂਆਂ ਅਤੇ ਟੋਲ ਪਲਾਜਿਆਂ ਤੇ ਡਟੇ ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਮਸਲਿਆਂ ਨੂੰ ਅਣਗੌਲਿਆ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਵੀ ਤੇਜ ਕਰ ਦੇਣਗੇ ਜਿਸ ਨੇ ਸਰਕਾਰਾਂ ਲਈ ਮੁਸੀਬਤ ਖੜ੍ਹੀ ਹੋ ਜਾਣੀ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਜਿਲ੍ਹਾ ਬਠਿੰਡਾ ਵੱਲੋਂ ਝੋਨੇ ਦੀ ਪੂਰੀ ਸਰਕਾਰੀ ਖਰੀਦ ਕਰਵਾਉਣ ਅਤੇ ਚੁਕਾਈ ਲਈ ਝੋਨੇ ਦੀ ਖਰੀਦ ਸੁਰੂ ਕਰਵਾਉਣ ਲਈ ਜਿਲਾ ਬਠਿੰਡਾ ਵੱਲੋਂ ਚਾਰ ਬਠਿੰਡਾ ਮਲੋਟ ਰੋਡ ਤੇ ਟੋਲ ਪਲਾਜਾ ਬੱਲੂਆਣਾ, ਬਠਿੰਡਾ ਅੰਮ੍ਰਿ੍ਰਤਸਰ ਰੋਡ ਤੇ ਟੋਲ ਪਲਾਜਾ ਜੀਦਾ, ਬਠਿੰਡਾ ਬਰਨਾਲਾ ਰੋਡ ਤੇ ਟੋਲ ਪਲਾਜਾ ਲਹਿਰਾ ਬੇਗਾ ਅਤੇ ਰਾਮਾ ਰਾਮਪੁਰਾ ਰੋਡ ਤੇ ਟੋਲ ਪਲਾਜਾ ਸੇਖਪੁਰਾ ਟੋਲ ਫਰੀ ਕੀਤੇ ਹੋਏ ਹਨ ਅਤੇ ਆਮ ਆਦਮੀ ਪਾਰਟੀ ਦੇ ਮਾਸਟਰ ਜਗਸੀਰ ਸਿੰਘ ਹਲਕਾ ਭੁੱਚੋ,ਬਲਕਾਰ ਸਿੰਘ ਹਲਕਾ ਰਾਮਪੁਰਾ, ਸੁਖਵੀਰ ਸਿੰਘ ਮਾਈਸਰਖਾਨਾ ਹਲਕਾ ਮੌੜ, ਬਲਜਿੰਦਰ ਕੌਰ ਹਲਕਾ ਤਲਵੰਡੀ ਅਤੇ ਜਗਦੀਪ ਸਿੰਘ ਨਕਈ ਰਾਮਪੁਰਾ ਭਾਜਪਾ ਆਗੂ ਦੇ ਘਰਾਂ ਅੱਗੇ ਮੋਰਚੇ ਦਿਨੇ ਰਾਤ ਜਾਰੀ ਹਨ ਜੋ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨੇ ਜਾਣ ਤੱਕ ਲਗਾਤਾਰ ਰੱਖੇ ਜਾਣ ਦਾ ਫੈਸਲਾ ਕੀਤਾ ਗਿਆ ਹੈ।
ਇੰਨ੍ਹਾਂ ਮੋਰਚਿਆਂ ਤੇ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸਿੰਗਾਰਾ ਸਿੰਘ ਮਾਨ,ਹਰਜਿੰਦਰ ਸਿੰਘ ਬੱਗੀ,ਬਸੰਤ ਸਿੰਘ ਕੋਠਾਗੁਰੂ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਹਰਿੰਦਰ ਬਿੰਦੂ, ਅਤੇ ਮਾਲਣ ਕੌਰ ਕੋਠਾਗੁਰੂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀਆਂ ਦੁਆਰਾ 90 ਫੀਸਦੀ ਝੋਨਾ ਖਰੀਦਣ ਦੇ ਝੂਠੇ ਅੰਕੜੇ ਪੇਸ਼ ਕੀਤੇ ਜਾ ਰਹੇ ਹਨ ਪਰ ਕਿਸਾਨ 15-18 ਦਿਨਾਂ ਤੋਂ ਮੰਡੀਆਂ ਚ ਰੁਲ ਰਿਹਾ ਹੈ। ਉਹਨਾਂ ਖਰੀਦ ਸੰਬੰਧੀ ਚੱਲ ਰਹੀਆਂ ਅਫਵਾਹਾਂ ਤੋਂ ਚੌਕਸ ਰਹਿਣ ਦਾ ਸੱਦਾ ਦਿੱਤਾ। ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਅਨਾਜ ਦੀ ਸਰਕਾਰੀ ਖਰੀਦ ਬੰਦ ਕਰਕੇ ਇਸ ਨੂੰ ਖੁੱਲੀ ਮੰਡੀ ਦੇ ਹਵਾਲੇ ਕਰਨ ਜਾ ਰਹੀ ਹੈ ਤਾਂ ਜੋ ਕਾਰਪੋਰੇਟ ਘਰਾਣਿਆਂ ਵੱਲੋਂ ਕਿਸਾਨਾਂ ਦੀਆਂ ਫਸਲਾਂ ਦੀ ਲੁੱਟ ਕੀਤੀ ਜਾ ਸਕੇ।
ਆਗੂਆਂ ਨੇ ਕਿਹਾ ਕਿ 2000 ਵਿੱਚ ਵੀ ਸਰਕਾਰ ਨੇ ਝੋਨਾ ਚੱਕਣ ਤੋਂ ਜਵਾਬ ਦੇ ਦਿੱਤਾ ਸੀ ਜੋ ਕਿਸਾਨ ਜਥੇਬੰਦੀਆਂ ਦੁਆਰਾ ਕੀਤੇ ਸੰਘਰਸ਼ ਨੇ ਸਰਕਾਰ ਨੂੰ ਦਾਣਾ ਦਾਣਾ ਚੱਕਣ ਲਈ ਮਜਬੂਰ ਕੀਤਾ ਸੀ। ਉਸ ਤੋਂ ਬਾਅਦ ਹਰ ਸਾਲ ਕਦੇ ਡਿਸਕਲਰ ਦਾਣੇ, ਡੈਮੇਜ ਦਾਣੇ ਜਾਂ ਵੱਧ ਨਮੀ ਦਾ ਬਹਾਨਾ ਲਾ ਕੇ ਫਾਸਲ ਖਰੀਦਣ ਤੋਂ ਟਾਲ ਮਟੋਲ ਕੀਤੀ ਜਾ ਰਹੀ ਹੈ ਅਤੇ ਖਰੀਦ ਤੇ ਸ਼ਰਤਾਂ ਕਰੜੀਆਂ ਕੀਤੀਆਂ ਜਾ ਰਹੀਆਂ ਹਨ ਪਰ ਕਿਸਾਨਾਂ ਦੇ ਸੰਘਰਸ਼ ਦੁਆਰਾ ਹਰ ਸਾਲ ਸਰਕਾਰੀ ਖਰੀਦ ਤੇ ਫਸਲਾਂ ਵੇਚੀਆਂ ਜਾ ਰਹੀਆਂ ਹਨ। ਇਸ ਵਾਰ ਚੌਲਾਂ ਦੀ ਵੱਧ ਟੁੱਟ ਦਾ ਬਹਾਨਾ ਲਾ ਕੇ ਸਰਕਾਰ ਨੇ ਸੈਲਰਾਂ ਚ ਇਸ ਤੋਂ ਪਹਿਲਾਂ ਪਿਆ ਚੌਲ ਨਹੀਂ ਚੱਕਿਆ ਜਿਸ ਕਰਕੇ ਉਥੇ ਹੋਰ ਝੋਨਾ ਭੰਡਾਰ ਕਰਨ ਦੀ ਸਮਰੱਥਾ ਘਟ ਗਈ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਨਾ ਹੀ ਸਰਕਾਰ ਨੇ ਝੋਨੇ ਦੀ ਫਸਲ ਆਉਣ ਤੋਂ ਪਹਿਲਾਂ ਸ਼ੈਲਰ ਮਾਲਕਾਂ, ਆੜ੍ਹਤੀਆਂ, ਮਜ਼ਦੂਰਾਂ ਅਤੇ ਟਰਾਂਸਪੋਰਟਰਾਂ ਦੇ ਮਸਲਿਆਂ ਦਾ ਹੱਲ ਕੀਤਾ ਹੈ। ਉਹਨਾਂ ਸਰਕਾਰਾਂ ਤੇ ਦੋਸ਼ ਲਾਇਆ ਕਿ ਇਹ ਸਭ ਕੁਝ ਪਿਛਲੇ ਸਾਲਾਂ ਚ ਲਿਆਂਦੇ ਤਿੰਨ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਜਿਨਾਂ ਨੂੰ ਦੇਸ਼ ਦੇ ਕਿਸਾਨਾਂ ਤੇ ਹੋਰ ਸੰਘਰਸ਼ੀ ਲੋਕਾਂ ਵੱਲੋਂ, ਦਿੱਲੀ ਦੇ ਬਾਰਡਰਾਂ ਤੇ ਇੱਕ ਸਾਲ ਤੋਂ ਵੱਧ ਸਮਾਂ ਮੋਰਚਾ ਲਾ ਕੇ ਵਾਪਸ ਕੀਤਾ ਸੀ, ਨੂੰ ਚੋਰ ਮੋਰੀ ਰਾਹੀਂ ਲਾਗੂ ਕਰਕੇ ਝੋਨੇ ਦੀ ਖਰੀਦ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਸਾਨਾਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਲਈ ਕੇਂਦਰੀ ਤੇ ਪੰਜਾਬ ਦੋਨਾਂ ਸਰਕਾਰਾਂ ਨੂੰ ਦੋਸ਼ੀ ਠਹਿਰਾਇਆ ਹੈ। ਉਨ੍ਹਾਂ ਪੰਜਾਬ ਦੇ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਪ੍ਰੀਵਾਰਾਂ ਸਮੇਤ ਪੱਕੇ ਮੋਰਚਿਆਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ।
ਕਿਸਾਨਾਂ ਦੀਆਂ ਮੰਗਾਂ
ਝੋਨੇ ਦੀ ਪੂਰੇ ਐੱਮ ਐੱਸ ਪੀ ’ਤੇ ਨਿਰਵਿਘਨ ਖਰੀਦ ਚਾਲੂ ਕਰਨ ਤੋਂ ਇਲਾਵਾ ਹੁਣ ਤੱਕ ਘੱਟ ਮੁੱਲ ’ਤੇ ਵਿਕੇ ਝੋਨੇ ਦੀ ਕਮੀ ਪੂਰਤੀ ਕਰਨ ਸਰਕਾਰੀ ਸਿਫਾਰਸ਼ ਅਨੁਸਾਰ ਪਾਣੀ ਦੀ ਬੱਚਤ ਲਈ ਬੀਜੀ ਗਈ ਪੀ ਆਰ 126 ਕਿਸਮ ਦੇ ਪੂਸਾ 44 ਨਾਲੋਂ ਘੱਟ ਝਾੜ ਦੀ ਅਤੇ ਐੱਮ ਐੱਸ ਪੀ ਤੋਂ ਘੱਟ ਮਿਲੇ ਮੁੱਲ ਦੀ ਕਮੀ ਪੂਰਤੀ , ਬਾਸਮਤੀ ਦਾ ਲਾਭਕਾਰੀ ਐੱਮ ਐੱਸ ਪੀ ਮਿਥਣ ਅਤੇ ਪਿਛਲੇ ਸਾਲ ਵਾਲੇ ਔਸਤ ਰੇਟ ’ਤੇ ਖਰੀਦਣ , ਘਾਟੇ ਦੀ ਪੂਰਤੀ , ਝੋਨੇ ਦੀ ਵੱਧ ਤੋਂ ਵੱਧ ਨਮੀ 22ਫੀਸਦੀ , ਦਾਗੀ ਦਾਣਿਆਂ ਵਰਗੀਆਂ ਸ਼ਰਤਾਂ ਨਰਮ ਅਤੇ ਮੰਡੀ ਮਜ਼ਦੂਰਾਂ ਦੀ ਮਜ਼ਦੂਰੀ ਉਨ੍ਹਾਂ ਦੀ ਮੰਗ ਅਨੁਸਾਰ ਮਿਥਣ ਆਦਿ ਮੰਗਾਂ ਮੰਨਣ ਦੀ ਮੰਗ ਕੀਤੀ ਜਾ ਰਹੀ ਹੈ।