ਬਰਨਾਲਾ ਜਿਮਨੀ ਚੋਣ : ਉਮੀਦਵਾਰ ਦੇ ਐਲਾਨ ਨਾਲ ਉੱਠੀਆਂ ਬਾਗੀ ਸੁਰਾਂ
ਅਸ਼ੋਕ ਵਰਮਾ
ਬਠਿੰਡਾ, 21ਅਕਤੂਬਰ2024: ਪੰਜਾਬ ਦੀਆਂ ਚਾਰ ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ ਟਿਕਟਾਂ ਦੀ ਸੂਚੀ ਜ਼ਾਰੀ ਹੋਣ ਤੋਂ ਕੁੱਝ ਸਮੇਂ ਬਾਅਦ ਵੀ ਆਪ ਦਾ ਗੜ੍ਹ ਸਮਝੇ ਜਾਂਦੇ ਬਰਨਾਲਾ ’ਚ ਬਾਗੀ ਸੁਰਾਂ ਉੱਠੀਆਂ ਹਨ ਜਿੰਨ੍ਹਾਂ ਨੂੰ ਪਾਰਟੀ ਦੀ ਸਿਆਸੀ ਸਿਹਤ ਲਈ ਚੰਗਾ ਸ਼ਗਨ ਨਹੀਂ ਮੰਨਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਨੇ ਅੱਜ ਬਰਨਾਲਾ ਹਲਕੇ ਤੋਂ ਆਪ ਦੇ ਐਮਪੀ ਗੁਰਮੀਤ ਸਿੰਘ ਮੀਤ ਹੇਅਰ ਦੇ ਖਾਸਮਖਾਸ ਮੰਨੇ ਜਾਂਦੇ ਉਸ ਦੀ ਕਥਿਤ ਮਾਸੀ ਦੇ ਮੁੰਡੇ ਹਰਿੰਦਰ ਸਿੰਘ ਧਾਲੀਵਾਲ ਨੂੰ ਬਰਨਾਲਾ ਜਿਮਨੀ ਚੋਣ ਲਈ ਉਮੀਦਵਾਰ ਐਲਾਨਿਆ ਹੈ। ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਸ਼ੋਸ਼ਲ ਮੀਡੀਆ ਤੇ ਲਾਈਵ ਹੋ ਕੇ ਆਮ ਆਦਮੀ ਪਾਰਟੀ ਤੇ ਪ੍ਰੀਵਾਰ ਪ੍ਰਸਤੀ ਦੇ ਦੋਸ਼ ਲਾਏ ਹਨ।
ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਪਾਰਟੀ ਦੇ ਵਰਕਰਾਂ ਵਿੱਚ ਨਿਰਾਸ਼ਾ ਅਤੇ ਗੁੱਸੇ ਦੀ ਲਹਿਰ ਪੈਦਾ ਹੋ ਗਈ ਹੈ। ਬਾਠ ਨੇ ਅੱਜ ਬਰਨਾਲਾ ’ਚ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਕਿ ਉਹ ਅਗਲੇ 24 ਘੰਟਿਆਂ ਦੌਰਾਨ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ ਉਹ ਅਗਲਾ ਫੈਸਲਾ ਲੈਣ ਤੋਂ ਪਹਿਲਾਂ ਵਰਕਰਾਂ ਅਤੇ ਇਲਾਕਾ ਵਾਸੀਆਂ ਨਾਲ ਸਲਾਹ ਕਰਾਂਗੇ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਨੂੰ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਵਿਧਾਨ ਸਭਾ ਚੋਣ ਵਿੱਚ ਕਰਵਾਇਆ ਜਾਏਗਾ। ਕਾਫੀ ਦੁਖੀ ਨਜ਼ਰ ਆ ਰਹੇ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਉਮੀਦ ਨਹੀਂ ਸੀ ਕਿ ਪਾਰਟੀ, ਲੰਘੇ 8-10 ਸਾਲਾਂ ਤੋਂ ਤਨਦੇਹੀ ਨਾਲ ਮਿਹਨਤ ਕਰਦੇ ਵਰਕਰਾਂ ਨੂੰ ਨਜ਼ਰਅੰਦਾਜ ਕਰਕੇ,ਪਰਿਵਾਰਵਾਦ ਤੇ ਹੀ ਮੋਹਰ ਲਗਾ ਦੇਵੇਗੀ।
ਉਨ੍ਹਾਂ ਕਿਹਾ ਕਿ ਪਾਰਟੀ ਨੇ ਐਮ.ਪੀ. ਰਾਜ ਕੁਮਾਰ ਚੱਬੇਵਾਲ ਦੇ ਪੁੱਤਰ ਈਸ਼ਾਨ ਚੱਬੇਵਾਲ ਨੂੰ ਹਲਕਾ ਚੱਬੇਵਾਲ ਤੋਂ ਵਿਧਾਨ ਸਭਾ ਦਾ ਉਮੀਦਵਾਰ ਬਣਾਇਆ ਹੈ ਅਤੇ ਗਿੱਦੜਬਾਹਾ ਤੋਂ ਅਕਾਲੀ ਦਲ ਚੋਂ ਹਾਲ ਹੀ ਵਿੱਚ ਲਿਆਂਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਟਿਕਟਾਂ ਦੇ ਕੇ, ਪਰਿਵਾਰਵਾਦ ਅਤੇ ਦਲਬਦਲੀ ਨੂੰ ਉਤਸ਼ਾਹਿਤ ਕੀਤਾ ਹੈ ਜੋਕਿ ਪਾਰਟੀ ਦੀਆਂ ਨੀਤੀਆਂ ਤੋਂ ਬਿਲਕੁਲ ਉਲਟ ਹੈ। ਦੱਸਣਯੋਗ ਹੈ ਕਿ ਸਾਲ 2014 ਦੀ ਲੋਕ ਸਭਾ ਚੋਣ ਵਿੱਚ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਨੇ 2 ਲੱਖ ਤੋਂ ਵਧੇਰੇ ਵੋਟਾਂ ਨਾਲ ਜਿਤਾਇਆ ਸੀ। ਇਸ ਮੌਕੇ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ,ਵਿਜੇਇੰਦਰ ਸਿੰਗਲਾ ਅਤੇ ਸਿਮਰਨਜੀਤ ਸਿੰਘ ਮਾਨ ਵਰਗੇ ਸਿਆਸੀ ਥੰਮ੍ਹ ਹਾਰ ਗਏ ਸਨ।
ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਅਜਿਹਾ ਅਧਾਰ ਬਣਿਆ ਕਿ ਵਿਧਾਨ ਸਭਾ ਚੋਣਾਂ 2017, ਲੋਕ ਸਭਾ ਚੋਣਾਂ 2019 ਅਤੇ ਵਿਧਾਨ ਸਭਾ 2022 ਅਤੇ ਹੁਣ ਲੋਕ ਸਭਾ ਚੋਣ 2024 ਵਿੱਚ ਲਗਾਤਾਰ ਬਰਨਾਲਾ ਜਿਲ੍ਹੇ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਬਰਨਾਲਾ,ਮਹਿਲ ਕਲਾਂ ਅਤੇ ਭਦੌੜ ਤੋਂ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਸੀ। ਇਹ ਪਹਿਲੀ ਵਾਰ ਹੋਇਆ ਹੈ ਕਿ ਆਮ ਆਦਮੀ ਪਾਰਟੀ ਨੂੰ ਆਪਣੇ ਹੀ ਗੜ੍ਹ ’ਚ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੇ ਅਸਰ ਚੋਣ ਨਤੀਜਿਆਂ ਤੇ ਦੇਖਣ ਨੂੰ ਮਿਲਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ।