ਵੈਟਨਰੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਭੋਜਨ ਅਤੇ ਖੇਤੀਬਾੜੀ ਸੰਗਠਨ ਦੀ ਕਾਰਜਸ਼ਾਲਾ ਵਿੱਚ ਕੀਤੀ ਸ਼ਿਰਕਤ
ਲੁਧਿਆਣਾ 25 ਨਵੰਬਰ 2024- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਦੇ ਵਿਗਿਆਨੀਆਂ ਨੇ ਸੰਯੁਕਤ ਰਾਸ਼ਟਰ ਦੇ ਭੋਜਨ ਅਤੇ ਖੇਤੀਬਾੜੀ ਸੰਗਠਨ ਵੱਲੋਂ ਕਰਵਾਈ ਗਈ ਕਾਰਜਸ਼ਾਲਾ ਵਿੱਚ ਹਿੱਸਾ ਲਿਆ। ਇਸ ਕਾਰਜਸ਼ਾਲਾ ਦਾ ਉਦੇਸ਼ ‘ਮਹਾਂਮਾਰੀ ਦੇ ਸਮੇਂ ਪੈਦਾ ਹੋਈਆਂ ਚੁਣੌਤੀਆਂ’ ਬਾਰੇ ਸਿੱਖਿਅਤ ਕਰਨਾ ਸੀ। ਇਹ ਸਮਾਗਮ ਵੈਟਨਰੀ ਮਹਾਂਮਾਰੀ ਸੰਬੰਧੀ ਰਾਸ਼ਟਰੀ ਸੰਸਥਾ, ਬੈਂਗਲੁਰੂ ਕਰਨਾਟਕਾ ਵਿਖੇ ਆਯੋਜਿਤ ਕੀਤਾ ਗਿਆ ਸੀ। ਇਥੇ ਇਹ ਦੱਸਣਾ ਵਰਨਣਯੋਗ ਹੈ ਕਿ ਵੈਟਨਰੀ ਪੇਸ਼ੇਵਰਾਂ ਵਿੱਚ ਸਮਰੱਥਾ ਵਿਕਾਸ ਲਈ ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਅਤੇ ਵੈਟਨਰੀ ਯੂਨੀਵਰਸਿਟੀ ਕੇਰਲਾ ਨੇ ਆਪਸ ਵਿੱਚ ਸਹਿਯੋਗ ਵੀ ਸਥਾਪਿਤ ਕੀਤਾ ਹੋਇਆ ਹੈ। ਇਸ ਸਮਾਗਮ ਰਾਹੀਂ ਸਰਹੱਦਾਂ ਤੋਂ ਪਾਰ ਜਾਂਦੀਆਂ ਪਸ਼ੂ ਬਿਮਾਰੀਆਂ ਸੰਬੰਧੀ ਰੋਗ ਨਿਗਰਾਨੀ ਰਣਨੀਤੀਆਂ ’ਤੇ ਵਿਚਾਰ ਕਰਨਾ ਅਤੇ ਬਿਮਾਰੀਆਂ ਦੇ ਪ੍ਰਕੋਪ ਦੀ ਜਾਂਚ ਕਰਨ ਸੰਬੰਧੀ ਸਮਰੱਥਾ ਅਤੇ ਸੋਚ ਵਿਕਸਿਤ ਕਰਨਾ ਸੀ। ਇਸ ਗੋਸ਼ਠੀ ਵਿੱਚ ਵਿਗਿਆਨਕ ਵਿਚਾਰ ਚਰਚਾ ਦਾ ਨਿਰਦੇਸ਼ਨ, ਡਾ. ਆਰ ਕੇ ਸਿੰਘ, ਡਾ. ਵਿਕਰਮ ਸਿੰਘ ਵਸ਼ਿਸ਼ਟ ਅਤੇ ਡਾ. ਮੁਦੱਸਰ ਚੰਦਾ ਨੇ ਕੀਤਾ। ਇਨ੍ਹਾਂ ਮਾਹਿਰਾਂ ਨੇ ਛੂਤ ਦੀਆਂ ਬਿਮਾਰੀਆਂ ਦੇ ਖ਼ਤਰਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਅਤੇ ਉਨ੍ਹਾਂ ਦੇ ਪ੍ਰਬੰਧਨ ਸੰਬੰਧੀ ਸੂਝ ਪ੍ਰਦਾਨ ਕੀਤੀ।
ਸੈਂਟਰ ਫਾਰ ਵਨ ਹੈਲਥ ਦੇ ਨਿਰਦੇਸ਼ਕ, ਡਾ. ਜਸਬੀਰ ਸਿੰਘ ਬੇਦੀ ਅਤੇ ਅਧਿਆਪਕਾਂ ਡਾ. ਪੰਕਜ ਢਾਕਾ ਤੇ ਡਾ. ਦੀਪਾਲੀ ਨੇ ਕਾਰਜਸ਼ਾਲਾ ਵਿੱਚ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ। ਡਾ. ਬੇਦੀ ਨੇ ਵਨ ਹੈਲਥ ਦੇ ਢਾਂਚੇ ਵਿੱਚ ਇਸ ਕੇਂਦਰ ਰਾਹੀਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਉਜਾਗਰ ਕੀਤਾ ਅਤੇ ਵੈਟਨਰੀ ਮਹਾਂਮਾਰੀ ਦੀ ਸਥਿਤੀ ਵਿੱਚ ਵਿਗਿਆਨਕ ਪਹਿਲਕਦਮੀਆਂ ਬਾਰੇ ਚਾਨਣਾ ਪਾਇਆ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਇਹ ਅੰਤਰਰਾਸ਼ਟਰੀ ਸਾਂਝ ਅਤੇ ਗਿਆਨ ਹਾਸਿਲ ਕਰਨ ਲਈ ਟੀਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਵੈਟਨਰੀ ਡਾਕਟਰਾਂ ਦੇ ਹੁਨਰ ਨੂੰ ਵਧਾਉਣਾ ਹੈ। ਇਸ ਪਹਿਲਕਦਮੀ ਨਾਲ ਜਾਨਵਰਾਂ ਅਤੇ ਜਨਤਕ ਸਿਹਤ ਦੋਵਾਂ ਦੀ ਸੁਰੱਖਿਆ ਅਤੇ ਹਿਤਾਂ ਨੂੰ ਵਨ ਹੈਲਥ ਪਹੁੰਚ ਨੂੰ ਮਜ਼ਬੂਤ ਕਰਨ ਲਈ ਵਰਤੋਂ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਿੱਖਿਆ ਨਾਲ ਉਤਰੀ ਭਾਰਤ ਵਿੱਚ ਖੇਤਰੀ ਮਹਾਂਮਾਰੀ ਵਿਗਿਆਨ, ਰੋਗ ਨਿਗਰਾਨੀ ਅਤੇ ਪ੍ਰਕੋਪ ਪ੍ਰਬੰਧਨ ਵਿੱਚ ਵੀ ਮਦਦ ਮਿਲੇਗੀ।