ਪੀ.ਏ.ਯੂ. ਵਿਚ ਸੰਸਾਰ ਪ੍ਰਸਿੱਧ ਨਦੀਨ ਵਿਗਿਆਨੀ ਦਾ ਵਿਸ਼ੇਸ਼ ਭਾਸ਼ਣ ਹੋਇਆ
ਲੁਧਿਆਣਾ 21 ਨਵੰਬਰ, 2024 - ਭਾਰਤੀ ਫ਼ਸਲ ਵਿਗਿਆਨ ਸੁਸਾਇਟੀ ਦੇ ਲੁਧਿਆਣਾ ਚੈਪਟਰ ਨੇ ਬੀਤੇ ਦਿਨੀਂ ਆਸਟਰੇਲੀਆ ਦੀ ਕੁਇਜ਼ਲੈਂਡ ਯੂਨੀਵਰਸਿਟੀ ਦੇ ਪ੍ਰੋਫੈਸਰ ਭਗੀਰਥ ਸਿੰਘ ਚੌਹਾਨ ਦਾ ਇਕ ਵਿਸ਼ੇਸ਼ ਭਾਸ਼ਣ ਆਯੋਜਿਤ ਕੀਤਾ| ਧਿਆਨਯੋਗ ਹੈ ਕਿ ਪ੍ਰੋਫੈਸਰ ਚੌਹਾਨ ਸੰਸਾਰ ਪ੍ਰਸਿੱਧ ਨਦੀਨ ਵਿਗਿਆਨੀ ਹਨ|
ਉਹਨਾਂ ਨੇ ਇਸ ਮੌਕੇ ਨਦੀਨ ਦੀ ਜੈਵਿਕਤਾ ਅਤੇ ਇਸਦੀ ਰੋਕਥਾਮ ਦੀਆਂ ਪ੍ਰਭਾਵਸ਼ਾਲੀ ਵਿਧੀਆਂ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ| ਇਸ ਮੌਕੇ ਉਹਨਾਂ ਨੇ ਨਦੀਨਾਂ ਦੀ ਹੋਂਦ ਅਤੇ ਨਦੀਨਾਂ ਦੇ ਬੀਜਾਂ ਦੀ ਜੈਵਿਕਤਾ ਤੋਂ ਇਲਾਵਾ ਨਦੀਨ ਰੋਕਥਾਮ ਦੀਆਂ ਗੈਰ ਰਸਾਇਣਕ ਵਿਧੀਆਂ ਦੇ ਨਾਲ-ਨਾਲ ਨਦੀਨ ਨਾਸ਼ਕਾਂ ਦੀ ਵਰਤੋਂ ਅਤੇ ਨਦੀਨਾਂ ਵਿਚ ਪੈਦਾ ਹੋ ਰਹੀ ਰਸਾਇਣਾਂ ਦੀ ਪ੍ਰਤੀਰੋਧਿਕਤਾ ਬਾਰੇ ਗੱਲ ਕਰਦਿਆਂ ਫਸਲ ਵਿਕਾਸ ਵਿਧੀਆਂ ਵਿਚ ਸੰਯੁਕਤ ਨਦੀਨ ਪ੍ਰਬੰਧ ਬਾਰੇ ਵਿਸਥਾਰ ਨਾਲ ਗੱਲ ਕੀਤੀ| ਪ੍ਰੋਫੈਸਰ ਚੌਹਾਨ ਨੇ ਦੱਸਿਆ ਕਿ ਨਦੀਨ ਫਸਲ ਉਤਪਾਦਨ ਦੇ ਰਾਹ ਵਿਚ ਵੱਡੀ ਰੁਕਾਵਟ ਕਿਵੇਂ ਬਣਦੇ ਹਨ ਅਤੇ ਇਹਨਾਂ ਦੀ ਪ੍ਰਭਾਵਸ਼ਾਲੀ ਰੋਕਥਾਮ ਦੀਆਂ ਵਿਧੀਆਂ ਕੀ ਹੋ ਸਕਦੀਆਂ ਹਨ|
ਉਹਨਾਂ ਨੇ ਨਦੀਨਾਂ ਦੇ ਮੁੜ ਉਤਪਾਦਨ, ਮਕਾਨਕੀ ਢਾਂਚੇ, ਵਾਧੇ ਦੇ ਪੈਟਰਨ ਅਤੇ ਫਸਲਾਂ ਵਿਚ ਖਾਦ ਪਦਾਰਥਾਂ ਦੀ ਵੰਡ ਬਾਰੇ ਗੱਲ ਕੀਤੀ| ਨਾਲ ਹੀ ਡਾ. ਚੌਹਾਨ ਨੇ ਵਾਤਾਵਰਨ ਵਿਚ ਰਸਾਇਣਾਂ ਤੋਂ ਦਰਪੇਸ਼ ਖਤਰਿਆਂ ਬਾਰੇ ਗੱਲ ਕਰਦਿਆਂ ਮੌਜੂਦਾ ਸਮੇਂ ਵਿਚ ਸੰਯੁਕਤ ਨਦੀਨ ਪ੍ਰਬੰਧਨ ਦੀਆਂ ਸੰਸਾਰ ਵਿਆਪੀ ਯੁਕਤਾਂ ਵੀ ਸਾਂਝੀਆਂ ਕੀਤੀਆਂ| ਨਾਲ ਹੀ ਉਹਨਾਂ ਨੇ ਮੌਜੂਦਾ ਖੇਤੀ ਵਿਚ ਨਦੀਨਾਂ ਦੀ ਰੋਕਥਾਮ ਕਰਕੇ ਅੰਨ ਉਤਪਾਦਨ ਵਿਚ ਵਾਧਾ ਕਰਨ ਅਤੇ ਵਸੋਂ ਦੇ ਵਡੇਰੇ ਹਿੱਸੇ ਨੂੰ ਭੋਜਨ ਮੁਹੱਈਆ ਕਰਾਉਣ ਬਾਰੇ ਗੱਲ ਕੀਤੀ|
ਇਸ ਸੈਸ਼ਨ ਵਿਚ ਭਾਰਤੀ ਫਸਲ ਵਿਗਿਆਨ ਸੁਸਾਇਟੀ ਦੇ ਲੁਧਿਆਣਾ ਚੈਪਟਰ ਦੇ ਸਕੱਤਰ ਡਾ. ਸਨਦੀਪ ਸਿੰਘ ਨੇ ਡਾ. ਭਗੀਰਥ ਚੌਹਾਨ ਨਾਲ ਗੱਲਬਾਤ ਕਰਵਾਈ| ਸਵਾਗਤ ਦੇ ਸ਼ਬਦ ਕਹਿੰਦਿਆਂ ਫਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰੀ ਰਾਮ ਨੇ ਡਾ. ਭਗੀਰਥ ਚੌਹਾਨ ਦੇ ਵਿਭਾਗ ਵਿਚ ਆਉਣ ਨੂੰ ਸ਼ੁਭ ਸ਼ਗਨ ਆਖਦਿਆਂ ਪੀ ਜੀ ਵਿਦਿਆਰਥੀਆਂ ਅਤੇ ਅਮਲੇ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਤੋਂ ਜਾਣੂੰ ਕਰਾਇਆ|
ਅੰਤ ਵਿਚ ਸੁਸਾਇਟੀ ਦੇ ਉਪ ਪ੍ਰਧਾਨ ਡਾ. ਅਜਮੇਰ ਸਿੰਘ ਬਰਾੜ ਨੇ ਸਭ ਲਈ ਧੰਨਵਾਦ ਦੇ ਸ਼ਬਦ ਕਹਿੰਦਿਆਂ ਗਿਆਨ ਵਰਧਕ ਭਾਸ਼ਣ ਵਾਸਤੇ ਡਾ. ਭਗੀਰਥ ਚੌਹਾਨ ਦਾ ਧੰਨਵਾਦ ਕੀਤਾ|