ਪੰਜਾਬ ਦੀਆਂ 8 ਯੂਨੀਵਰਸਿਟੀਆਂ VC ਤੋਂ ਬਿਨਾਂ ਕਰ ਰਹੀਆਂ ਨੇ ਕੰਮ: MP ਔਜਲਾ ਦਾ ਵੱਡਾ ਦਾਅਵਾ
ਬੋਲੇ ਸਿੱਖਿਆ ਦੇ ਮਿਆਰ ਨੂੰ ਵਧਾਉਣ ਲਈ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਨਹੀਂ ਦੇ ਪਾ ਰਹੇ ਗੁਰੂ ਨਾਨਕ ਦੇ ਯੂਨੀਵਰਸਿਟੀ ਨੂੰ ਨਵਾਂ ਵੀ ਸੀ
ਪੰਜਾਬ ਦੀਆਂ ਅੱਠ ਯੂਨੀਵਰਸਿਟੀਆਂ ਬਿਨਾਂ ਵਾਈਸ ਚਾਂਸਲਰ ਤੋਂ ਕੰਮ ਕਰ ਰਹੀਆਂ ਹਨ- ਸੰਸਦ ਮੈਂਬਰ ਗੁਰਜੀਤ ਔਜਲਾ
ਪੰਜਾਬ ਸਰਕਾਰ ਸਿੱਖਿਆ ਨਾਲ ਖੇਡ ਰਹੀ ਹੈ
ਯੂਨੀਵਰਸਿਟੀਆਂ ਦੇ ਵੀਸੀ ਜਲਦੀ ਨਿਯੁਕਤ ਕੀਤੇ ਜਾਣ
ਗੁਰਪ੍ਰੀਤ ਸਿੰਘ
ਅੰਮ੍ਰਿਤਸਰ, 24 ਨਵੰਬਰ 2024- ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਸਰਕਾਰ ਜਲਦੀ ਤੋਂ ਜਲਦੀ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਨਿਯੁਕਤ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 6 ਯੂਨੀਵਰਸਿਟੀਆਂ ਪਹਿਲਾਂ ਹੀ ਵੀਸੀ ਤੋਂ ਬਿਨਾਂ ਕੰਮ ਕਰ ਰਹੀਆਂ ਹਨ ਅਤੇ ਹੁਣ ਦੋ ਹੋਰ ਨਾਮਵਰ ਯੂਨੀਵਰਸਿਟੀਆਂ ਇਸ ਵਿੱਚ ਸ਼ਾਮਲ ਹੋ ਗਈਆਂ ਹਨ। ਪ੍ਰੈਸ ਵਾਰਤਾ ਰਾਹੀਂ ਜਾਣਕਾਰੀ ਦਿੰਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਪੰਜਾਬ ਦੀਆਂ ਵੱਕਾਰੀ ਯੂਨੀਵਰਸਿਟੀਆਂ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ, ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ, ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ, ਗੁਰਦਾਸਪੁਰ, ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ, ਹੁਸ਼ਿਆਰਪੁਰ ਅਤੇ ਐਮ.ਬੀ.ਐਸ. ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਪਹਿਲਾੰ ਤੋੰ ਤਿੰਨ ਮਹੀਨੇ ਤੋ ਲੈਕੇ ਚਾਰ ਸਾਲ ਤਕ ਬਿਨਾ ਵਾਈਸ ਚਾਂਸਲਰ ਦੇ ਕੰਮ ਕਰ ਰਹੇ ਹਨ ਅਤੇ ਹੁਣ ਰਾਜ ਦੀ ਇੱਕ ਹੋਰ ਵੱਕਾਰੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਵਿਸ਼ਵਵਿਦਿਆਲਿਆ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਤਰਨਤਾਰਨ ਵੀ ਬਿਨਾਂ ਵਾਈਸ ਚਾਂਸਲਰ ਤੋਂ ਹੋ ਗਈ ਹੈ। ਐਮ.ਪੀ ਔਜਲਾ ਨੇ ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਟੇਟ ਯੂਨੀਵਰਸਿਟੀ ਆਫ਼ ਲਾਅ, ਤਰਨਤਾਰਨ ਦੇ ਮੌਜੂਦਾ ਉਪ ਕੁਲਪਤੀ ਡਾ: ਜਸਪਾਲ ਸਿੰਘ ਦਾ ਵਧਾਇਆ ਗਿਆ ਕਾਰਜਕਾਲ 16 ਨਵੰਬਰ, 2024 ਨੂੰ ਸਮਾਪਤ ਹੋ ਗਿਆ ਹੈ। ਰਾਜ ਸਰਕਾਰ ਤੋਂ ਕੋਈ ਹਦਾਇਤਾਂ ਨਾ ਮਿਲਣ ਤੋਂ ਬਾਅਦ, ਉਨ੍ਹਾਂ ਨੇ ਸੋਮਵਾਰ 18,2024 ਨੂੰ ਸਬੰਧਤ ਵਿਭਾਗ, ਅਧਿਕਾਰੀਆਂ ਨੂੰ ਆਪਣਾ ਰਾਹਤ ਪੱਤਰ ਭੇਜ ਦਿੱਤਾ।
ਹੁਣ ਯੂਨੀਵਰਸਿਟੀ ਵਿੱਚ ਕੋਈ ਰੈਗੂਲਰ ਵਾਈਸ ਚਾਂਸਲਰ ਨਹੀਂ ਹੈ। ਉਨ੍ਹਾਂ ਕਿਹਾ ਕਿ ਚਾਂਸਲਰ ਦਫ਼ਤਰ (ਪੰਜਾਬ ਦੇ ਰਾਜਪਾਲ) ਨੇ ਸਕੱਤਰ ਉਚੇਰੀ ਸਿੱਖਿਆ ਨੂੰ ਦੋਵਾਂ ਯੂਨੀਵਰਸਿਟੀਆਂ ਦਾ ਚਾਰਜ ਦੇਣ ਦਾ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ ਚਾਂਸਲਰ ਦਾ ਚਾਰਜ ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਕੇ.ਕੇ. ਯਾਦਵ ਕੋਲ ਹੈ। ਕਾਰਜਕਾਰੀ ਵਾਈਸ ਚਾਂਸਲਰ ਕੇ.ਕੇ. ਯਾਦਵ ਦਾ ਵਧਿਆ ਕਾਰਜਕਾਲ ਵੀ 25 ਨਵੰਬਰ 2024 ਨੂੰ ਖਤਮ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੀਨੀਅਰ ਫੈਕਲਟੀ ਮੈਂਬਰ ਡਾ: ਸੰਦੀਪ ਕਾਂਸਲ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨਾਲੋਜੀ ਯੂਨੀਵਰਸਿਟੀ, ਬਠਿੰਡਾ ਦਾ ਕਾਰਜਕਾਰੀ ਚਾਰਜ ਸੰਭਾਲ ਰਹੇ ਹਨ।
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਉਚੇਰੀ ਸਿੱਖਿਆ ਬਹੁਤ ਜ਼ਰੂਰੀ ਹੈ ਪਰ ਸਰਕਾਰ ਇਸ ਵੱਲ ਧਿਆਨ ਨਾ ਦੇ ਕੇ ਬੱਚਿਆਂ ਦੇ ਭਵਿੱਖ ਨਾਲ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਦਾ ਵੀਸੀ ਅਹਿਮ ਅਹੁਦਾ ਹੈ ਅਤੇ ਕਈ ਅਹਿਮ ਫੈਸਲੇ ਲਏ ਜਾਂਦੇ ਹਨ ਜੋ ਵੀਸੀ ਤੋਂ ਬਿਨਾਂ ਨਹੀਂ ਲਏ ਜਾ ਸਕਦੇ ਸਨ। ਇਸੇ ਲਈ ਉਨ੍ਹਾਂ ਬੱਚਿਆਂ ਦੇ ਭਵਿੱਖ ਨੂੰ ਮੁੱਖ ਰੱਖਦਿਆਂ ਅਪੀਲ ਕੀਤੀ ਕਿ ਯੂਨੀਵਰਸਿਟੀਆਂ ਵਿੱਚ ਵੀ.ਸੀ. ਜਲਦੀ ਤੋਂ ਜਲਦੀ ਨਿਯੁਕਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਇਸ ਵਿੱਚ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਹ ਇਸ ਸਮੱਸਿਆ ਨੂੰ ਜਨਤਾ ਦੇ ਸਾਹਮਣੇ ਰੱਖਣ ਪਰ ਇਸ ਮਾਮਲੇ ਨੂੰ ਅਣਗੌਲਿਆ ਨਾ ਕੀਤਾ ਜਾਵੇ। ਇਹ ਬਹੁਤ ਅਹਿਮ ਮੁੱਦਾ ਹੈ ਅਤੇ ਇਹ ਯੂਨੀਵਰਸਿਟੀਆਂ ਵਿਸ਼ਵ ਪ੍ਰਸਿੱਧ ਹਨ ਪਰ ਵੀਸੀ ਦੀ ਅਣਹੋਂਦ ਕਾਰਨ ਉਨ੍ਹਾਂ ਦਾ ਅਕਸ ਖਰਾਬ ਹੋ ਰਿਹਾ ਹੈ, ਕਾਰਜਕਾਰੀ ਵੀਸੀ ਨਿਯੁਕਤ ਕਰਨ ਦੀ ਬਜਾਏ ਰੈਗੂਲਰ ਵੀਸੀ ਨਿਯੁਕਤ ਕੀਤੇ ਜਾਣ ਤਾਂ ਜੋ ਬੱਚਿਆਂ ਦਾ ਭਵਿੱਖ ਸੰਵਾਰਨ ਵਾਲੀ ਸੰਸਥਾ ਦਾ ਵੀ ਵਿਕਾਸ ਹੋ ਸਕੇ।