ਸ਼ਹੀਦੀ ਪੰਦਰਵਾੜੇ ਦੌਰਾਨ ਸਥਾਨਕ ਸਰਕਾਰ ਚੋਣਾਂ ਕਰਵਾਉਣ ਤੋਂ ਗੁਰੇਜ਼ ਕੀਤਾ ਜਾਵੇ: ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਕੀਤੀ ਅਪੀਲ
ਚੰਡੀਗੜ੍ਹ, 24 ਨਵੰਬਰ: ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਅਤੇ ਰਾਜ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੇ ਸ਼ਹੀਦੀ ਪੰਦਰਵਾੜੇ ਦੌਰਾਨ ਸਥਾਨਕ ਸਰਕਾਰ ਚੋਣਾਂ ਕਰਵਾਉਣ ਤੋਂ ਗੁਰੇਜ਼ ਕੀਤਾ ਜਾਵੇ। ਇਹ ਸ਼ਹੀਦੀ ਪੰਦਰਵਾੜਾ 15 ਤੋਂ 31 ਦਸੰਬਰ ਤੱਕ ਮਨਾਇਆ ਜਾਂਦਾ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਪੰਦਰਵਾੜੇ ਦੌਰਾਨ ਲੱਖਾਂ ਲੋਕ ਇਤਿਹਾਸ ਦੀ ਇਸ ਅਦੁੱਤੀ ਸ਼ਹਾਦਤ ਲਈ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੇ ਸਬੰਧਤ ਸਥਾਨਾਂ ’ਤੇ ਨਤਮਸਕ ਹੁੰਦੇ ਹਨ। ਉਹਨਾਂ ਕਿਹਾ ਕਿ ਇਸ ਲਈ ਇਸ ਅਰਸੇ ਦੌਰਾਨ ਕੋਈ ਵੀ ਚੋਣ ਕਰਵਾਉਣ ਨਾਲ ਸ਼ਾਂਤੀਪੂਰਨ ਤੇ ਪਵਿੱਤਰ ਮਾਹੌਲ ਭੰਗ ਹੋਵੇਗਾ ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੇਗੀ।
ਉਹਨਾਂ ਕਿਹਾ ਕਿ ਭਾਵੇਂ ਸਥਾਨਕ ਸਰਕਾਰ ਸੰਸਥਾਵਾਂ ਲਈ ਚੋਣਾਂ ਬਹੁਤ ਮਹੱਤਵਪੂਰਨ ਹਨ ਪਰ ਚੋਣਾਂ ਕਰਵਾਉਣ ਮੌਕੇ ਇਤਿਹਾਸਕ ਮਹੱਤਤਾ ਦੇ ਦਿਨਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ ਸਰਕਾਰ ਤੇ ਰਾਜ ਚੋਣ ਕਮਿਸ਼ਨ ਚੋਣਾਂ ਦੇ ਦਿਨ ਤੈਅ ਕਰਨ ਵੇਲੇ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖੇਗਾ।