ਸਾਹਿਤਕ ਮੰਚ ਭਗਤਾ ਭਾਈ ਵੱਲੋਂ ਅੰਮ੍ਰਿਤਪਾਲ ਕਲੇਰ ਦਾ ਕਹਾਣੀ ਸੰਗ੍ਰਹਿ 'ਜ਼ੁਮੈਟੋ ਗਰਲ' ਲੋਕ ਅਰਪਣ
ਅਸ਼ੋਕ ਵਰਮਾ
ਭਗਤਾ ਭਾਈ, 25 ਨਵੰਬਰ 2024 :ਸਾਹਿਤਕ ਮੰਚ ਭਗਤਾ' ਵੱਲੋਂ ਪੰਜਾਬੀ ਮਾਹ ਨੂੰ ਸਮਰਪਿਤ ਜਸ ਅਮਨਦੀਪ ਸਿੰਘ ਬਰਾੜ ਸੁਖਾਨੰਦ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੌਰਾਨ ਲੇਖਕਾ ਅੰਮ੍ਰਿਤਪਾਲ ਕਲੇਰ ਦਾ ਕਹਾਣੀ ਸੰਗ੍ਰਹਿ ਜਮੈਟੋ ਗਰਲ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਪੰਜਾਬੀ ਦੇ ਗੀਤਕਾਰ ਅਤੇ ਕਵੀ ਕੁਲਵਿੰਦਰ ਸਿੱਧੂ ਕਾਮੇਕਾ ਸਨ। ਸਮਾਗਮ ਦਾ ਆਗਾਜ਼ ਮੰਚ ਦੇ ਪ੍ਰਧਾਨ ਸੁਖਮੰਦਰ ਬਰਾੜ ਗੁੰਮਟੀ ਅਤੇ ਸਰਪ੍ਰਸਤ ਬਲੌਰ ਸਿੰਘ ਸਿੱਧੂ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਹਿ ਕੇ ਕੀਤਾ। ਇਸ ਤੋਂ ਬਾਅਦ ਸਭਾ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਦਾ ਪਲੇਠਾ ਕਹਾਣੀ ਸੰਗ੍ਰਹਿ "ਜ਼ੁਮੈਟੋ ਗਰਲ" ਮਹਿਮਾਨਾਂ ਅਤੇ ਮੰਚ ਵੱਲੋਂ ਸਾਂਝੇ ਤੌਰ ਤੇ ਲੋਕ ਅਰਪਣ ਕੀਤਾ ਗਿਆ। ਮੰਚ ਸੰਚਾਲਨ ਕਰ ਰਹੇ ਹੰਸ ਸਿੰਘ ਸੋਹੀ ਨੇ ਕਲੇਰ ਦੀ ਕਹਾਣੀ ਕਲਾ ਤੇ ਵਿਚਾਰ ਚਰਚਾ ਕੀਤੀ। ਨਿਹਾਲ ਸਿੰਘ ਵਾਲਾ ਲੇਖਕ ਵਿਚਾਰ ਮੰਚ ਤੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਰਹੇ ਕਵੀ ਤਰਸੇਮ ਗੋਪੀ ਕਾ, ਗੀਤਕਾਰ ਨਿਰਮਲ ਪੱਤੋ ਅਤੇ ਗਜ਼ਲਗੋ ਰਾਜਵਿੰਦਰ ਰੌਂਤਾ ਨੇ ਕਿਹਾ ਕਿ ਮੈਡਮ ਕਲੇਰ ਦੇ ਪਾਪਾ ਕਹਾਣੀਕਾਰ ਭੂਰਾ ਸਿੰਘ ਕਲੇਰ ਅਵਾਮੀ ਕਹਾਣੀਕਾਰ ਸਨ।
ਉਨ੍ਹਾਂ ਕਿਹਾ ਕਿ ਲੇਖਕ ਲੋਕਾਂ ਦਾ ਹੁੰਦਾ ਹੈ ਉਸਨੂੰ ਕਿਸੇ ਜਾਤ ਨਾਲ਼ ਨਹੀਂ ਜੋੜਿਆ ਜਾ ਸਕਦਾ। ਜਸ ਅਮਨਦੀਪ ਸਿੰਘ ਬਰਾੜ ਨੇ ਬੋਲਦਿਆਂ ਸਾਰਿਆਂ ਨੂੰ ਭਾਵਕ ਕਰ ਦਿੱਤਾ। ਸਿੱਧੂ ਕਾਮੇਕਾ ਦੀ ਕਵਿਤਾ "ਦਰਦਾਂ ਦੀ ਫਰਦ ਲੁਹਾ ਕੇ" ਸੁਣਾਈ। ਮੰਚ ਦੇ ਪ੍ਰੈਸ ਸਕੱਤਰ ਰਾਜਿੰਦਰ ਮਰਾਹੜ ਅਤੇ ਵਿੱਤ ਸਕੱਤਰ ਸੁਖਵਿੰਦਰ ਚੀਦਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨਛੱਤਰ ਸਿੰਘ ਸਿੱਧੂ, ਗੁਰਵਿੰਦਰ ਸਿੰਘ ਧਨੋਆ , ਨਰਿੰਦਰ ਸਿੰਘ ਨਥਾਣਾ,ਮਾਸਟਰ ਸੁਰਜੀਤ ਸਿੰਘ , ਸਿਕੰਦਰਦੀਪ ਸਿੰਘ ਰੂਬਲ ,ਵਾਤਾਵਰਨ ਪ੍ਰੇਮੀ ਸਰਬਪਾਲ ਸ਼ਰਮਾ, ਮਨਜੀਤ ਕੌਰ ਭਗਤਾ, ਭੁਪਿੰਦਰ ਸਿੰਘ ਜੇ ਈ, ਬਲਦੇਵ ਸਿੰਘ ਫੌਜੀ, ਸੰਦੀਪ ਸਿੰਘ ਭਗਤਾ, ਸੋਹਣ ਸਿੰਘ, ਜਸਕਰਨ ਸਿੰਘ,ਰਣਜੋਧ ਸਿੰਘ, ਨਛੱਤਰ ਸਿੰਘ, ਸੁਰਿੰਦਰ ਸਿੰਘ ਸਿਰੀਏਵਾਲਾ, ਅਤੇ ਕੁਲਬੀਰ ਕੌਰ ਹਾਜ਼ਰ ਸਨ।