ਮੰਤਰੀ ਧਾਲੀਵਾਲ ਵੱਲੋਂ 27 ਕਰੋੜ ਰੁਪਏ ਦੀ ਲਾਗਤ ਨਾਲ ਅਜਨਾਲਾ ਹਲਕੇ 'ਚ ਸੜਕਾਂ ਚੌੜੀਆਂ ਕਰਨ ਦੀ ਸ਼ੁਰੂਆਤ
ਲੋਕਾਂ ਨੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਨੂੰ ਵੋਟਾਂ ਪਾਈਆਂ- ਧਾਲੀਵਾਲ
ਅੰਮ੍ਰਿਤਸਰ 24 ਨਵੰਬਰ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਆਪਣੇ ਅਜਨਾਲਾ ਹਲਕੇ ਵਿੱਚ 27 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 35 ਕਿਲੋਮੀਟਰ ਸੜਕਾਂ ਨੂੰ ਚੌੜਾ ਕਰਨ ਅਤੇ ਮੁਰੰਮਤ ਕਰਨ ਦੇ ਕੰਮਾਂ ਦੇ ਸ਼ੁਰੂਆਤ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਪੰਜਾਬ ਦੇ ਚੱਪੇ ਚੱਪੇ ਦਾ ਵਿਕਾਸ ਕਰ ਰਹੀ ਹੈ। ਉਹਨਾਂ ਕਿਹਾ ਕਿ ਅਜਨਾਲਾ ਹਲਕਾ ਜਿਹੜਾ ਕਿ ਪਿਛਲੀਆਂ ਸਰਕਾਰਾਂ ਵੇਲੇ ਬਿਲਕੁਲ ਅਣਗੌਲਿਆ ਹੋਇਆ ਸੀ, ਵਿੱਚ ਪਿਛਲੇ ਢਾਈ ਸਾਲਾਂ ਦੌਰਾਨ ਵਿਕਾਸ ਦੇ ਕੰਮਾਂ ਦੀ ਹਨੇਰੀ ਲਿਆਂਦੀ ਗਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਕਾਸ ਦੇ ਕੰਮਾਂ ਲਈ ਕਦੇ ਵੀ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਗਈ ਅਤੇ ਇਸੇ ਸਦਕਾ ਅੱਜ ਅਜਨਾਲਾ ਹਲਕੇ ਵਿੱਚ ਗਲੀਆਂ, ਨਾਲੀਆਂ, ਸੜਕਾਂ , ਸਟਰੀਟ ਲਾਈਟਾਂ, ਸੀ ਸੀ ਟੀਵੀ ਕੈਮਰੇ ਗੱਲ ਕੀ ਹਰ ਤਰ੍ਹਾਂ ਦੇ ਕੰਮ ਜਾਰੀ ਹਨ। ਉਹਨਾਂ ਬੀਤੇ ਕੱਲ ਜਿਮਨੀ ਚੋਣਾਂ ਵਿੱਚ ਆਪ ਦੀ ਹੋਈ ਵੱਡੀ ਜਿੱਤ ਉੱਤੇ ਬੋਲਦਿਆਂ ਕਿਹਾ ਕਿ ਇਹ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਗਈ ਕਾਬਲ ਏ ਯੋਗ ਅਗਵਾਈ ਸਦਕਾ ਸੰਭਵ ਹੋਇਆ ਹੈ । ਉਹਨਾਂ ਕਿਹਾ ਕਿ ਮੁੱਖ ਮੰਤਰੀ ਦੁਆਰਾ ਅਪਣਾਈ ਗਈ ਪੰਜਾਬ ਪੱਖੀ ਸੋਚ ਅਤੇ ਕੀਤੇ ਗਏ ਕੰਮਾਂ ਨੂੰ ਲੋਕਾਂ ਨੇ ਕਬੂਲਦੇ ਹੋਏ ਇੰਨੀ ਵੱਡੀ ਗਿਣਤੀ ਵਿੱਚ ਵੋਟਾਂ ਪਾਈਆਂ ਹਨ ਅਤੇ ਪਰਿਵਾਰਵਾਦ ਤੇ ਹੰਕਾਰ ਦੀ ਰਾਜਨੀਤੀ ਨੂੰ ਲੋਕਾਂ ਨੇ ਰੋਲ ਕੇ ਰੱਖ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਜਿੱਤ ਨੇ ਕੇਵਲ ਆਉਣ ਵਾਲੀਆਂ ਨਗਰ ਕੌਂਸਲ ਤੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਹੂੰਝਾ ਫਿਰ ਜਿੱਤ ਲਈ ਹੀ ਰਾਹ ਪੱਧਰਾ ਨਹੀਂ ਕੀਤਾ ਬਲਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੀ ਆਮ ਆਦਮੀ ਪਾਰਟੀ ਦੀ ਜਿੱਤ ਲਈ ਰਾਹ ਖੋਲ ਦਿੱਤੇ ਹਨ।