ਸਵੱਛ ਭਾਰਤ ਮਿਸ਼ਨ ਤਹਿਤ ਚੱਲ ਰਹੀ ‘ ਸਾਡਾ ਪਖਾਨਾ ,ਸਾਡਾ ਮਾਣ ’ ਮੁਹਿੰਮ 10 ਦਸੰਬਰ ਤੱਕ ਜਾਰੀ ਰਹੇਗੀ
ਪਟਿਆਲਾ 25 ਨਵੰਬਰ:
ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਦੀ ਪ੍ਰਧਾਨਗੀ ਹੇਠ ਅੱਜ ਸਵੱਛ ਭਾਰਤ ਮਿਸ਼ਨ ਗ੍ਰਾਮੀਣ (ਫੇਸ-2) ਅਧੀਨ ਵੱਖ-ਵੱਖ ਸਕੀਮਾਂ ਦੀ ਪ੍ਰਵਾਨਗੀ ਸਬੰਧੀ ਜ਼ਿਲ੍ਹਾ ਵਾਟਰ ਸੈਨੀਟੈਸ਼ਨ ਮਿਸ਼ਨ ਦੀ ਇਕ ਮੀਟਿੰਗ ਹੋਈ । ਇਸ ਮੌਕੇ ਜ਼ਿਲ੍ਹਾ ਸੈਨੀਟੈਸ਼ਨ ਅਫਸਰ ਨੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ । ਉਹਨਾਂ ਕਿਹਾ ਕਿ ਪਿੰਡਾ ਵਿੱਚ ਸਵੱਛ ਭਾਰਤ ਮਿਸ਼ਨ ਗ੍ਰਾਮੀਣ (ਫੇਸ-2) ਤਹਿਤ ਕੰਮਿਊਨਿਟੀ ਸੈਨੇਟਰੀ ਕੰਪਲੈਕਸ ਬਣਵਾਏ ਜਾਣਗੇ ਜਿਸ ਦਾ ਮੁੱਖ ਟੀਚਾ ਪੇਂਡੂ ਖੇਤਰ ਵਿੱਚ ਸੁਰੱਖਿਅਤ ਸੈਨੀਟਰੀ ਸਹੂਲਤਾਂ ਮੁਹੱਈਆਂ ਕਰਵਾਉਣਾ ਹੈ । ਉਹਨਾਂ ਪਖਾਨਿਆਂ ਦੀ ਉਸਾਰੀ, ਠੋਸ ਤੇ ਤਰਲ ਕੂੜਾ ਪ੍ਰਬੰਧਨ, ਗੋਬਰ ਧਨ ਤੇ ਬਾਇਓ ਗੈਸ ਅਤੇ ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਲਗਵਾਉਣ ਸਬੰਧੀ ਵੀ ਸਮੀਖਿਆ ਕੀਤੀ ।
ਅਨੁਪ੍ਰਿਤਾ ਜੌਹਲ ਨੇ ਸਮੂਹਿਕ ਪਖਾਨਿਆਂ ਦੀ ਸਾਫ ਸਫਾਈ ਬਾਰੇ ਸਮੂਹ ਅਫਸਰਾਂ ਨੂੰ ਹਦਾਇਤ ਕੀਤੀ ਅਤੇ ਸੌਂਪੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਹਦਾਇਤ ਵੀ ਦਿੱਤੀ । ਉਹਨਾਂ ਜ਼ਿਲ੍ਹਾ ਸੈਨੀਟੇਸ਼ਨ ਅਫਸਰ ਨੂੰ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਸਬੰਧੀ ਚੱਲ ਰਹੇ ਪ੍ਰੋਜੈਕਟਾਂ ਨੂੰ ਰੋਜ਼ਾਨਾਂ ਅਧਾਰ ਤੇ ਮੋਨੀਟਰ ਕੀਤਾ ਜਾਵੇ ਅਤੇ ਉਹਨਾਂ ਨੂੰ ਮਿੱਥੇ ਸਮੇਂ ਅੰਦਰ-ਅੰਦਰ ਮੁਕੰਮਲ ਕਰਵਾਇਆ ਜਾਵੇ ।
ਉਹਨਾਂ ਕਿਹਾ ਕਿ 19 ਨਵੰਬਰ ਤੋ ਸ਼ੁਰੂ ਹੋਈ ‘ ਸਾਡਾ ਪਖਾਨਾ , ਸਾਡਾ ਮਾਣ ‘ ਤਹਿਤ ਮੁਹਿੰਮ 10 ਦਸੰਬਰ ਤੱਕ ਜਾਰੀ ਰਹੇਗੀ ਜਿਸ ਦਾ ਮੁੱਖ ਟੀਚਾ ਜਨਤਾ ਨੂੰ ਸਫਾਈ ਪ੍ਰਤੀ ਜਾਗਰੁਕ ਕਰਨਾ ਹੈ । ਉਹਨਾ ਦੱਸਿਆ ਕਿ ਇਸ ਦੌਰਾਨ ਸੈਨੀਟੇਸ਼ਨ ਕਾਮਿਆਂ ਵੱਲੋਂ ਵੱਖ ਵੱਖ ਜਗ੍ਹਾਵਾਂ ਤੇ ਕੈਂਪ ਲਗਾਏ ਜਾਣਗੇ । ਉਂਹਨਾਂ ਨੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਲੈਣ ਤੋ ਵਾਂਝੇ ਰਹਿ ਗਏ ਲੋੜ ਵੰਦ ਵਿਅਕਤੀਆਂ ਨੂੰ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਸਾਰਥਕ ਕਦਮ ਚੁੱਕਣ ਲਈ ਵੀ ਹਦਾਇਤ ਕੀਤੀ ।
ਮੀਟਿੰਗ ਦੌਰਾਨ ਜ਼ਿਲ੍ਹਾ ਸੈਨੀਟੇਸ਼ਨ ਅਫਸਰ ਵਿਪਿਨ ਸਿੰਗਲਾ, ਕਾਰਜਕਾਰੀ ਇੰਜੀਨੀਅਰ ਜਸਵਿੰਦਰ ਸਿੰਘ ਸਿੱਧੂ, ਡੀ.ਡੀ.ਪੀ.ਓ. ਸ਼ਵਿੰਦਰ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ ।