15 ਅਗਸਤ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸ਼ਿਵਾਲਿਕ ਵਿਹਾਰ, ਨਯਾਗਾਉਂ ਦੇ ਬਲਾਕ ਈ ਦੀਆਂ ਔਰਤਾਂ ਵੱਲੋਂ ਪ੍ਰੋਗਰਾਮ
ਨਯਾਗਾਉਂ, 17 ਅਗਸਤ, 2024: 15 ਅਗਸਤ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸ਼ਿਵਾਲਿਕ ਵਿਹਾਰ, ਨਯਾਗਾਉਂ ਦੇ ਬਲਾਕ ਈ ਦੀਆਂ ਔਰਤਾਂ ਵੱਲੋਂ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਬਲਾਕ ਦੇ ਬਜੁਰਗਾਂ ਨੂੰ ਮੁੱਖ ਮਹਿਮਾਨ ਵਜੋਂ ਸੱਦਿਆ ਗਿਆ ਅਤੇ ਉਹਨਾਂ ਵੱਲੋਂ ਆਜਾਦੀ ਤੋਂ ਬਾਅਦ ਦੀ ਆਪਣੀ ਜਿੰਦਗੀ ਦੇ ਅਨੁਭਵ ਸਾਂਝੇ ਕੀਤੇ ਗਏ। ਇਸ ਪ੍ਰੋਗਰਾਮ ਦੀ ਰੂਪ-ਰੇਖਾ ਸ੍ਰੀਮਤੀ ਸੁਮਨ, ਸ੍ਰੀਮਤੀ ਮਧੂ, ਸ੍ਰੀਮਤੀ ਮਾਧੁਰੀ, ਸ੍ਰੀਮਤੀ ਗਗਨਦੀਪ ਅਤੇ ਹੋਰ ਔਰਤਾਂ ਵੱਲੋਂ ਉਲੀਕੀ ਗਈ ਅਤੇ ਸਾਰੇ ਪ੍ਰਬੰਧ ਵੀ ਔਰਤਾਂ ਵੱਲੋਂ ਖੁਦ ਹੀ ਕੀਤੇ ਗਏ। ਰਾਸ਼ਟਰੀ ਗੀਤ ਨਾਲ ਸ਼ੁਰੂ ਹੋਏ ਇਸ ਪ੍ਰੋਗਰਾਮ ਦੌਰਾਨ ਬੱਚਿਆਂ ਵੱਲੋਂ ਗੀਤ, ਕਵਿਤਾ, ਭਾਸ਼ਣ ਆਦਿ ਪੇਸ਼ ਕੀਤੇ ਗਏ।
ਪ੍ਰੋਗਰਾਮ ਦੌਰਾਨ ਛੋਟੇ-ਛੋਟੇ ਬੱਚਿਆਂ ਪ੍ਰਯਾਂਸ਼, ਸਮੀਰਾ ਅਤੇ ਸ਼ਹਿਜ਼ਾਦ ਸਿੰਘ ਵੱਲੋਂ ਨੰਨਾ ਮੁੰਨਾ ਰਾਹੀਂ ਗੀਤ ਸੁਣਾਇਆ ਗਿਆ, ਅੰਸ਼ (ਕੇਸ਼ਵ) ਵੱਲੋਂ ਆਜਾਦੀ ਪ੍ਰਵਾਨਿਆਂ ਦੀ ਦੇਣ ਬਾਰੇ ਵਿਚਾਰ ਸਾਂਝੇ ਕੀਤੇ ਗਏ, ਮਿਸ ਜਪਨੀਤ ਕੌਰ ਵੱਲੋਂ ਭਾਰਤ ਨੂੰ ਸਵੱਛ ਰੱਖਣ ਬਾਰੇ ਕਵਿਤਾ ਪੇਸ਼ ਕੀਤੀ ਗਈ, ਸ੍ਰੀਮਤੀ ਪ੍ਰੀਤੀ ਵੱਲੋਂ ਦੇਸ਼ ਭਗਤੀ ਦੇ ਗੀਤ ਅਤੇ ਕਵਿਤਾ ਬੋਲੀ ਗਈ ਜੋ ਕਿ ਹਰ ਮਨ ਨੂੰ ਭਾਵੁਕ ਕਰ ਗਈ, ਨਿਸ਼ੀ, ਮੰਨਤ, ਅਰਾਧਵੀ, ਅਰਾਧਿਆ, ਚਾਰਵੀ, ਰਾਧੇ, ਆਯੂਸ਼, ਆਯਾਂਸ, ਰਾਧੇ, ਜਪਨੀਤ ਕੌਰ ਅਤੇ ਹੋਰ ਬੱਚਿਆਂ ਵੱਲੋਂ ਦੇਸ਼-ਭਗਤੀ ਦੇ ਵੱਖ-ਵੱਖ ਗੀਤਾਂ ਉੱਪਰ ਬਹੁਤ ਹੀ ਭਾਵੁਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸਤੋਂ ਇਲਾਵਾ ਸ੍ਰੀਮਤੀ ਪੂਜਾ ਅਤੇ ਉਸਦੇ ਸਾਥੀਆਂ ਵੱਲੋਂ ਯੋਗ-ਸਾਧਨਾ ਦੇ ਸਬੰਧ ਵਿੱਚ ਬਹੁਤ ਹੀ ਅੱਛੀ ਪੇਸ਼ਕਾਰੀ ਦਿੱਤੀ ਗਈ। ਸ੍ਰੀਮਤੀ ਸੁਮਨ ਅਤੇ ਮਧੂ ਵੱਲੋਂ ਸਟੇਜ ਸੰਭਾਲਦੇ ਹੋਏ ਆਏ ਹੋਏ ਸ੍ਰੋਤਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਆਜ਼ਦੀ ਦਿਹਾੜੇ ਦੀ ਖੁਸ਼ੀ ਵਿੱਚ ਲੱਡੂ ਵੰਡਦੇ ਹੋਏ ਪ੍ਰੋਗਰਾਮ ਸਮਾਪਤ ਹੋਇਆ।