ਸੁਹਾਗਣਾਂ ਨੇ ਬੜੇ ਉਤਸ਼ਾਹ ਤੇ ਸ਼ਰਧਾ ਪੂਰਵਕ "ਕਰਵਾ ਚੌਥ" ਦਾ ਤਿਉਹਾਰ ਮਨਾ ਕੇ ਪਤੀਆਂ ਦੀ ਲੰਮੀ ਉਮਰ ਦੀ ਕੀਤੀ ਕਾਮਨਾ
- "ਕਰਵਾ ਚੌਥ" ਦਾ ਤਿਉਹਾਰ ਮਨਾਉਣ ਲਈ ਸੁਹਾਗਣਾਂ ਰਹੀਆਂ ਪੱਬਾਂ ਭਾਰ
ਨਿਰਮਲ ਦੋਸਤ
ਰਾਏਕੋਟ/ਲੁਧਿਆਣ, 20 ਅਕਤੂਬਰ 2024 - ਐਤਵਾਰ ਵਾਲੇ ਦਿਨ ਸੁਹਾਗਣਾਂ ਦਾ ਤਿਉਹਾਰ "ਕਰਵਾ ਚੌਥ" ਹਰ ਪਿੰਡ/ਸ਼ਹਿਰ/ਕਸਬੇ/ਗਲੀ-ਮੁਹੱਲੇ ਅੰਦਰ ਬੜੇ ਚਾਵਾਂ/ਸੱਧਰਾਂ/ਉਮੰਗਾਂ/ਉਤਸ਼ਾਹ/ਜੋਸ਼ੋ-ਖਰੋਸ਼ ਨਾਲ ਹਰ ਵਰਗ ਨਾਲ ਸਬੰਧਤ ਔਰਤਾਂ ਵੱਲੋਂ ਮਨਾਇਆ ਗਿਆ।ਭਾਵੇਂ ਉਨ੍ਹਾਂ ਦੇ ਘਰੇਲੂ ਹਾਲਾਤ ਜਿੱਦਾਂ ਦੇ ਵੀ ਮਰਜ਼ੀ ਸਨ।ਕਰਵਾ ਚੌਥ ਦੇ ਵਰਤ ਦੌਰਾਨ ਵਿਆਹੁਤਾ ਔਰਤਾਂ ਨੇ ਚੰਦ ਅਤੇ ਕਰਵਾ ਮਾਤਾ ਦੀ ਪੂਜਾ ਪੂਰੇ ਰੀਤੀ-ਰਿਵਾਜਾਂ ਨਾਲ ਕੀਤੀ।
ਪਿਛਲੇ ਕਈ ਦਿਨਾਂ ਤੋਂ ਹੀ "ਕਰਵਾ ਚੌਥ" ਦੇ ਤਿਉਹਾਰ ਨੂੰ ਲੈ ਕੇ ਦੁਕਾਨਾਂ ਸਜੀਆਂ ਹੋਈਆਂ ਸਨ। ਅੱਜ ਸਵੇਰੇ 5 ਵਜੇ ਤੋਂ ਹੀ ਮਹਿੰਦੀ ਦੀਆਂ ਫੜੀਆਂ ਅਤੇ ਬਿਊਟੀ ਪਾਰਲਰਾਂ ਵਿੱਚ ਭੀੜਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਔਰਤਾਂ ਦੇ ਪਹਿਰਾਵੇ ਨਾਲ ਸਬੰਧਤ ਸਮਾਨ ਵੇਚਣ ਵਾਲੀਆਂ ਦੁਕਾਨਾਂ ਅਤੇ ਮਨਿਆਰੀ ਦੀਆਂ ਦੁਕਾਨਾਂ 'ਤੇ ਵੀ ਇਸ ਤਿਉਹਾਰ ਨੂੰ ਲੈ ਕੇ ਔਰਤਾਂ ਦੀ ਭੀੜ ਲੱਗੀ ਰਹੀ।ਆਰਥਿਕ ਤੌਰ 'ਤੇ ਖੁਸ਼ਹਾਲ ਪਰਿਵਾਰਾਂ ਨਾਲ ਸਬੰਧਤ ਪਤੀ-ਪਤਨੀਆਂ ਨੇ ਮਨ-ਪਸੰਦ ਦੇ ਤੋਹਫ਼ੇ ਖਰੀਦਣ ਨੂੰ ਤਰਜੀਹ ਦਿੱਤੀ। ਦੇਰ ਰਾਤ ਚੰਦਰਮਾ ਦੇ ਦਰਸ਼ਨ ਕਰਨ ਤੋਂ ਬਾਅਦ ਸੁਹਾਗਣਾਂ ਨੇ ਧਾਰਮਿਕ ਰਸਮਾਂ ਕਰਨ ਉਪਰੰਤ ਆਪਣਾ ਵਰਤ ਖੋਲ੍ਹਿਆ।ਵਿਆਹੁਤਾ ਔਰਤਾਂ ਨੇ ਆਪਣੇ ਪਤੀਆਂ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਕਾਮਨਾ ਕੀਤੀ।
ਇਸ "ਕਰਵਾ ਚੌਥ" ਦੇ ਵਰਤਾਂ ਮੌਕੇ ਰਾਏਕੋਟ ਦੇ ਵਾਤਾਵਰਨ ਪ੍ਰੇਮੀ, ਉੱਘੇ ਕਾਰੋਬਾਰੀ ਐਡਵੋਕੇਟ ਨਵੀਨ ਗੋਇਲ ਗਰੀਨ ਸਿਟੀ ਅਤੇ ਉਨ੍ਹਾਂ ਦੀ ਹਮਸਫ਼ਰ ਨੇ ਕੁੱਲ ਲੋਕਾਈ ਨੂੰ ਸੁਨਹਿਰੇ ਭਵਿੱਖ ਲਈ ਵਧਾਈਆਂ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ।