ਹਰਿਆਣਾ ਦੇ ਸਿੱਖ ਨੇਤਾ ਨੇ ਲਾਇਆ ਦੋਸ਼, ਗਿਆਨੀ ਹਰਪ੍ਰੀਤ ਸਿੰਘ ਬੀਜੇਪੀ ਦਾ ਏਜੰਟ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 20 ਅਕਤੂਬਰ 2024 - ਹਰਿਆਣਾ ਦੇ ਸਿੱਖ ਨੇਤਾ ਅਤੇ HSGMC ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੀ ਹੁਣ ਗਿਆਨੀ ਹਰਪ੍ਰੀਤ ਸਿੰਘ ਅਤੇ ਵਿਰਸਾ ਸਿੰਘ ਵਲਟੋਹਾ ਵਿਵਾਦ ਦੇ ਵਿੱਚ ਕੁੱਦ ਪਏ ਹਨ। ਝੀਂਡਾ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਗੰਭੀਰ ਦੋਸ਼ ਲਾਉਂਦੇ ਹੋਏ, ਉਨ੍ਹਾਂ ਨੂੰ ਬੀਜੇਪੀ ਦਾ ਏਜੰਟ ਦੱਸਿਆ ਹੈ। ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਭਾਵੁਕ ਹੋਣ ਤੇ ਤੰਜ ਕੱਸਦਿਆਂ ਹੋਇਆ ਝੀਂਡਾ ਨੇ ਕਿਹਾ ਕਿ, ਕੌਮ ਨੂੰ ਇੰਨਾਂ ਕਮਜ਼ੋਰ ਜਥੇਦਾਰ ਨਹੀਂ ਚਾਹੀਦਾ।
ਝੀਂਡਾ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਭਾਜਪਾ ਦਾ ਏਜੰਟ ਹੈ, ਉਹ ਬੀਜੇਪੀ ਦੇ ਹੱਥਾਂ ਵਿਚ ਖੇਡ ਰਿਹਾ ਹੈ। ਝੀਂਡਾ ਨੇ ਸਭ ਤੋਂ ਵੱਡਾ ਦੋਸ਼ ਇਹ ਵੀ ਲਗਾਇਆ ਕਿ, ਗਿਆਨੀ ਹਰਪ੍ਰੀਤ ਸਿੰਘ ਜੇਕਰ ਭਾਜਪਾ ਦਾ ਏਜੰਟ ਨਹੀਂ ਤਾਂ, ਉਸ (ਗਿਆਨੀ ਹਰਪ੍ਰੀਤ ਸਿੰਘ) ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਬੰਦ ਕਮਰਾ ਕਰੀਬ ਦੋ ਘੰਟੇ ਮੀਟਿੰਗ ਕਿਉਂ ਕੀਤੀ।
ਦੂਜੇ ਪਾਸੇ, HSGMC ਦੇ ਸਾਬਕਾ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਇਸ ਮਾਮਲੇ ਤੇ ਕਿਹਾ ਕਿ, ਬਾਦਲ ਦਲ ਦੇ ਕਰਿੰਦਿਆਂ ਨੇ ਜਥੇਦਾਰ ਸਾਹਿਬਾਨਾਂ ਦੇ ਬਾਬਤ, ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਹੈ, ਜੋ ਉਹਨਾਂ ਦੇ ਪਰਿਵਾਰਾਂ ਬਾਬਤ ਬੋਲਿਆ ਗਿਆ, ਉਹ ਬਹੁਤ ਮਦਭਾਗੀ ਗੱਲ ਹੈ, ਮੈਂ ਸਖ਼ਤਾਂ ਸ਼ਬਦਾਂ ਵਿਚ ਇਸ ਦੀ ਨਿਖੇਧੀ ਕਰਦਾ ਹਾਂ।